ਪੰਜਾਬ ਪੁਲਸ ਖੋਲ੍ਹੇਗੀ ਫੇਸਬੁੱਕ, ਟਵਿਟਰ ਤੇ ਯੂ-ਟਿਊਬ ''ਤੇ ਖਾਤੇ : ਡੀ. ਜੀ. ਪੀ.

01/05/2018 7:19:41 AM

ਚੰਡੀਗੜ੍ਹ(ਰਮਨਜੀਤ)-ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਅੱਜ ਪੰਜਾਬ ਪੁਲਸ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਕਿਹਾ ਕਿ ਸਾਲ 2017 ਦੌਰਾਨ ਪੰਜਾਬ ਵਿਚ ਘਿਨਾਉਣੇ ਅਪਰਾਧਾਂ ਦੀ ਦਰ ਵਿਚ ਕਮੀ ਆਈ ਤੇ ਕਾਨੂੰਨ ਤੇ ਸ਼ਾਂਤੀ ਬਣੀ ਰਹੀ। ਉਨ੍ਹਾਂ ਕਿਹਾ ਕਿ ਅੱਤਵਾਦੀ ਗੁੱਟਾਂ ਨੂੰ ਕਾਬੂ ਕਰ ਕੇ ਉਨ੍ਹਾਂ ਰਾਹੀਂ ਯੋਜਨਾਬੱਧ ਢੰਗ ਨਾਲ ਕੀਤੇ ਗਏ ਪ੍ਰਮੁੱਖ ਕਤਲਾਂ ਦੇ ਮਾਮਲਿਆਂ ਨੂੰ ਹੱਲ ਕਰਨ ਵਿਚ ਵੀ ਪੁਲਸ ਨੇ ਸਫ਼ਲਤਾ ਹਾਸਲ ਕੀਤੀ। ਇਸੇ ਸਮੇਂ ਦੌਰਾਨ ਨਸ਼ਾ ਸਮੱਗਲਿੰਗ 'ਤੇ ਵੀ ਅਸਰਦਾਰ ਢੰਗ ਨਾਲ ਕਾਬੂ ਪਾਇਆ ਗਿਆ। ਹਾਲਾਂਕਿ ਮੀਡੀਆ ਕਰਮਚਾਰੀਆਂ ਦੇ ਜ਼ਿਆਦਾਤਰ ਸਵਾਲਾਂ ਨੂੰ ਡੀ. ਜੀ. ਪੀ. ਵਲੋਂ ਟਾਲ ਦਿੱਤਾ ਗਿਆ ਪਰ ਇਹ ਪ੍ਰਾਪਤੀਆਂ ਗਿਣਾਉਂਦਿਆਂ ਡੀ. ਜੀ. ਪੀ. ਨੇ ਪੰਜਾਬ ਪੁਲਸ ਵਲੋਂ ਸਾਲ 2018 ਵਿਚ ਕੀਤੀਆਂ ਜਾਣ ਵਾਲੀਆਂ ਕਈ ਸ਼ੁਰੂਆਤਾਂ ਦਾ ਵੀ ਜ਼ਿਕਰ ਕੀਤਾ। ਡੀ. ਜੀ. ਪੀ. ਅਰੋੜਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਬੀਤੇ ਸਾਲ ਦੌਰਾਨ ਟਾਰਗੇਟਡ ਕਿਲਿੰਗ ਮਾਮਲਿਆਂ ਨੂੰ ਸੁਲਝਾਉਣਾ ਪੰਜਾਬ ਪੁਲਸ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿਚੋਂ ਇਕ ਮੰਨਿਆ ਜਾ ਸਕਦਾ ਹੈ। ਮੋਗਾ ਪੁਲਸ ਵਲੋਂ ਪਹਿਲੀ ਗ੍ਰਿਫ਼ਤਾਰੀ ਤੋਂ ਬਾਅਦ ਇਕ ਤੋਂ ਬਾਅਦ ਇਕ ਹੋਈਆਂ 5 ਗ੍ਰਿਫ਼ਤਾਰੀਆਂ ਨੇ ਪਿਛਲੇ 2 ਸਾਲਾਂ ਤੋਂ ਅਣਸੁਲਝੇ ਕਈ ਕੇਸਾਂ ਨੂੰ ਵੀ ਸੁਲਝਾ ਲਿਆ। ਇਸੇ ਤਰ੍ਹਾਂ ਜੁਲਾਈ, 2017 ਵਿਚ ਜਸਵੰਤ ਸਿੰਘ ਉਰਫ਼ ਕਾਲਾ ਤੇ 6 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪਾਰਸ ਮੌਨੀ, ਡੇਰਾ ਸੱਚਾ ਸੌਦਾ ਦੇ ਗੁਰਦੇਵ ਸਿੰਘ ਤੇ ਹਨੂਮਾਨਗੜ੍ਹ, ਰਾਜਸਥਾਨ ਵਿਚ ਬਾਬਾ ਲੱਖਾ ਸਿੰਘ ਉਰਫ਼ ਪਾਖੰਡੀ ਬਾਬਾ ਦੇ ਹੋਏ 3 ਕਤਲ ਮਾਮਲਿਆਂ ਨੂੰ ਵੀ ਹੱਲ ਕਰ ਲਿਆ ਗਿਆ। 
ਮਾਰਚ ਮਹੀਨੇ ਵਿਚ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਨਵੀਂ ਸਰਕਾਰ ਦੇ ਗਠਨ ਉਪਰੰਤ ਪੁਲਸ ਦੀ ਪੂਰੀ ਮੁਸਤੈਦੀ ਦੇ ਕਾਰਨ ਕਤਲ ਜਾਂ ਕਤਲ ਕਰਨ ਦੀਆਂ ਸਾਜ਼ਿਸ਼ਾਂ, ਅਗਵਾ ਕਰਨ, ਚੋਰੀ, ਡਕੈਤੀ ਆਦਿ ਨਾਲ ਸਬੰਧਤ ਗੰਭੀਰ ਅਪਰਾਧਾਂ ਦੀ ਦਰ ਬੀਤੇ ਸਾਲ ਦੀ ਤੁਲਨਾ ਵਿਚ ਕਾਫ਼ੀ ਘੱਟ ਰਹੀ। ਇਸ ਤੋਂ ਇਲਾਵਾ ਸਥਾਨਕ ਤੇ ਵਿਸ਼ੇਸ਼ ਕਾਨੂੰਨਾਂ ਖਾਸ ਕਰਕੇ ਨਸ਼ੀਲੀਆਂ ਵਸਤੂਆਂ ਦੀ ਰੋਕਥਾਮ (ਐੱਨ. ਡੀ. ਪੀ. ਐੱਸ.) ਕਾਨੂੰਨ ਦੇ ਅਧੀਨ ਪੁਲਸ ਨੂੰ ਵੱਡੀਆਂ ਪ੍ਰਾਪਤੀਆਂ ਹੋਈਆਂ ਹਨ। ਪੁਲਸ ਦੇ ਤਕਨੀਕੀ ਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਨਾਲ ਆਵਾਜਾਈ ਪ੍ਰਣਾਲੀ ਵਿਚ ਸੁਧਾਰ ਨੂੰ ਵੀ ਪ੍ਰਮੁੱਖਤਾ ਦਿੱਤੀ ਗਈ। ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ਪੁਲਸ ਨੇ ਕੌਮੀ ਪੱਧਰ 'ਤੇ ਲਾਗੂ ਹੋ ਰਹੇ ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕਿੰਗ ਸਿਸਟਮ (ਸੀ. ਸੀ. ਟੀ. ਐੱਨ. ਐੱਸ.) ਨੂੰ 24 ਕੋਰ ਐਪਲੀਕੇਸ਼ਨ ਸਾਫ਼ਟਵੇਅਰ ਮਾਡਿਊਲ ਦੇ ਨਾਲ ਜੋੜ ਦਿੱਤਾ ਹੈ ਤੇ ਪਿਛਲੇ 10 ਸਾਲਾਂ ਦੇ ਐੱਫ. ਆਈ. ਆਰ. ਰਿਕਾਰਡ ਨੂੰ ਡਿਜੀਟਲਾਈਜ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਾਲ 2018 ਵਿਚ ਅੱਤਵਾਦ 'ਤੇ ਕੰਟ੍ਰੋਲ ਕਰਨ ਦੀ ਸਮਰੱਥਾ ਵਿਚ ਵਿਸਥਾਰ ਕਰਨ ਲਈ ਪੰਜਾਬ ਪੁਲਸ ਦੀ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸ. ਓ. ਜੀ.) ਨੂੰ ਸ਼ੁਰੂ ਕਰਨ ਦੀ ਯੋਜਨਾ ਹੈ, ਜਿਸ ਨੂੰ ਦੁਨੀਆ ਦੀ ਸਭ ਤੋਂ ਬਿਹਤਰ ਫੋਰਸ ਦੇ ਬਰਾਬਰ ਟ੍ਰੇਂਡ ਕਰਕੇ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਲੂ ਸਾਲ ਵਿਚ ਰਾਜ ਵਿਚ ਨੈਸ਼ਨਲ ਐਮਰਜੈਂਸੀ ਰਿਸਪਾਂਸ ਸਰਵਿਸ ਨੰਬਰ 112 ਨੂੰ ਲਾਗੂ ਕੀਤਾ ਜਾ ਰਿਹਾ ਹੈ। 
ਸੋਸ਼ਲ ਮੀਡੀਆ 'ਤੇ ਗਰਮ ਖਿਆਲੀਆਂ ਦੀਆਂ ਵਧਦੀਆਂ ਕਾਰਵਾਈਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਸ ਇਸ ਸਾਲ ਦੌਰਾਨ ਸੋਸ਼ਲ ਮੀਡੀਆ ਵਿਚ ਆਪਣੀ ਸਰਗਰਮੀ ਵਧਾਏਗੀ ਤੇ ਅਜਿਹੇ ਮਸਲਿਆਂ 'ਤੇ ਆਪਣੀ ਪ੍ਰਤੀਕਿਰਿਆ ਨੂੰ ਅਧਿਕਾਰਕ ਤੌਰ 'ਤੇ ਰੱਖਿਆ ਕਰੇਗੀ। ਇਸ ਲਈ ਪੁਲਸ ਵਲੋਂ ਆਪਣਾ ਖੁਦ ਦਾ ਫੇਸਬੁਕ ਪੇਜ, ਟਵਿਟਰ ਤੇ ਯੂ-ਟਿਊਬ ਦਾ ਖਾਤਾ ਖੋਲ੍ਹਿਆ ਜਾ ਰਿਹਾ ਹੈ, ਜਿਸ 'ਤੇ ਲੋਕਾਂ ਨਾਲ ਸਿੱਧੀ ਜਵਾਬੀ-ਗੱਲਬਾਤ, ਸਮੇਂ 'ਤੇ ਜਵਾਬ ਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਪ੍ਰਦਾਨ ਕੀਤੀ ਜਾ ਸਕੇਗੀ ਤੇ ਪੁਲਸ ਵਲੋਂ ਕੀਤੇ ਗਏ ਹਾਂ-ਪੱਖੀ ਕੰਮਾਂ ਨੂੰ ਦਰਸਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਹ ਖਾਤੇ ਜਨਵਰੀ, 2018 ਵਿਚ ਚਾਲੂ ਹੋ ਜਾਣਗੇ। 
ਉਨ੍ਹਾਂ ਕਿਹਾ ਕਿ ਮੌਜੂਦਾ ਸਾਲ ਵਿਚ ਸਿੱਧੀ ਭਰਤੀ ਰਾਹੀਂ ਲੱਗਭਗ 4 ਹਜ਼ਾਰ ਖਾਲੀ ਅਹੁਦੇ ਭਰੇ ਜਾਣਗੇ ਤੇ ਹਰ ਸਾਲ ਸੇਵਾਮੁਕਤ ਹੋਣ ਵਾਲੇ ਹੋਰ ਲੋੜ ਵਾਲੇ ਖਾਲੀ ਅਹੁਦਿਆਂ ਨੂੰ ਭਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਡੀ. ਜੀ. ਪੀ. ਅਰੋੜਾ ਨੇ ਕਿਹਾ ਕਿ ਪੰਜਾਬ ਪੁਲਸ ਔਰਤਾਂ ਦੀ ਸੁਰੱਖਿਆ 'ਤੇ ਆਪਣਾ ਵਿਸ਼ੇਸ਼ ਧਿਆਨ ਕੇਂਦਰਿਤ ਕਰੇਗੀ ਤੇ ਪੰਜਾਬ ਪੁਲਸ ਵਲੋਂ ਖੇਤਰੀ ਵੂਮੈਨ ਕਾਨਫਰੰਸ ਕਰਨ ਲਈ ਕਾਰਵਾਈ ਯੋਜਨਾ ਤਿਆਰ ਕੀਤੀ ਗਈ ਹੈ ਤੇ ਇਹ 8 ਮਾਰਚ ਨੂੰ ਇਕ ਰਾਜ ਪੱਧਰੀ ਸਮਾਗਮ ਵਿਚ ਜਾਰੀ ਕੀਤੀ ਜਾਵੇਗੀ। ਸਾਲ 2016 ਦੇ ਮੁਕਾਬਲੇ ਸਾਲ 2017 ਵਿਚ ਗੰਭੀਰ ਮਾਮਲਿਆਂ ਦੇ ਅੰਕੜੇ ਪੇਸ਼ ਕਰਦਿਆਂ ਡੀ. ਜੀ. ਪੀ. ਨੇ ਕਿਹਾ ਕਿ ਅਜਿਹੇ ਮਾਮਲਿਆਂ ਦੀ ਗਿਣਤੀ 771 ਤੋਂ ਘਟ ਕੇ 656 'ਤੇ ਆ ਗਈ, ਜਦਕਿ ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ ਦੀ ਗਿਣਤੀ 862 ਤੋਂ 795, ਅਗਵਾ ਕਰਨ ਦੇ ਮਾਮਲਿਆਂ ਦੀ ਗਿਣਤੀ 1591 ਤੋਂ 1462 ਤੇ ਡਕੈਤੀ ਦੇ ਮਾਮਲਿਆਂ ਦੀ ਗਿਣਤੀ 43 ਤੋਂ 26 ਰਹਿ ਗਈ।
ਇਸ ਸਾਲ ਦੌਰਾਨ ਜਿਥੇ ਚੋਣਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਇਆ ਗਿਆ, ਉਥੇ ਹੀ ਅਪਰਾਧੀ ਗਰੁੱਪਾਂ 'ਤੇ ਆਪਣਾ ਦਬਦਬਾ ਕਾਇਮ ਰੱਖਦਿਆਂ 408 ਖਤਰਨਾਕ ਅਪਰਾਧੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਵਿਚ ਗੁਰਪ੍ਰੀਤ ਸੇਖੋਂ, ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਓਲ, ਗੁਰਬਖਸ਼ ਸਿੰਘ ਸੇਵੇਵਾਲਾ, ਅਮਨ ਢੋਟੀਆਂ, ਜਸਪ੍ਰੀਤ ਸਿੰਘ ਉਰਫ਼ ਜੰਮੀ ਡੋਨ, ਕਮਲਜੀਤ ਸਿੰਘ ਉਰਫ਼ ਬੰਟੀ ਤੇ ਕੁੱਝ ਹੋਰ ਗੈਂਗਸਟਰ ਸ਼ਾਮਲ ਸਨ।