ਪੁਲਸ ਮੁਲਾਜ਼ਮ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਦੀ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ

08/31/2017 6:22:53 AM

ਧੂਰੀ(ਸੰਜੀਵ ਜੈਨ)- ਪੰਜਾਬ ਪੁਲਸ ਦੇ ਇਕ ਮੁਲਾਜ਼ਮ ਦੀ ਸੋਸ਼ਲ ਮੀਡੀਆ ਦੇ ਉਪਰ ਅਨੁਸੂਚਿਤ ਜਾਤੀ ਅਤੇ ਹੋਰਨਾਂ ਜਾਤੀਆਂ/ਧਰਮ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੀ ਇਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ 'ਚ ਉਕਤ ਪੁਲਸ ਮੁਲਾਜ਼ਮ ਅਨੁਸੂਚਿਤ ਜਾਤੀ ਅਤੇ ਹੋਰਨਾਂ ਵਰਗਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਦਾ ਸਖਤ ਨੋਟਿਸ ਲੈਂਦੇ ਹੋਏ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਨੇ ਉਕਤ ਮੁਲਾਜ਼ਮ ਦੀ ਸ਼ਨਾਖ਼ਤ ਕਰ ਕੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਬੰਧੀ ਸਥਾਨਕ ਡੀ. ਐੱਸ. ਪੀ. ਆਕਾਸ਼ਦੀਪ ਸਿੰਘ ਔਲਖ ਨੂੰ ਇਕ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਪੁਲਸ ਦੇ ਉਕਤ ਮੁਲਾਜ਼ਮ ਦੀ ਸ਼ਨਾਖ਼ਤ ਕਰ ਕੇ ਉਸ ਦੇ ਖ਼ਿਲਾਫ਼ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ, ਜਾਤੀ ਸੂਚਕ ਸ਼ਬਦ ਬੋਲਣ, ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਤਣਾਅਪੂਰਵਕ ਸਥਿਤੀ ਦੌਰਾਨ ਇਸ ਵੀਡੀਓ ਰਾਹੀਂ ਲੋਕਾਂ ਨੂੰ ਭੜਕਾਉਣ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕਰਨ ਅਤੇ ਉਸ ਨੂੰ ਪੰਜਾਬ ਪੁਲਸ 'ਚੋਂ ਬਰਖ਼ਾਸਤ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਜਲਦ ਹੀ ਉਕਤ ਪੁਲਸ ਮੁਲਾਜ਼ਮ ਦੀ ਸ਼ਨਾਖ਼ਤ ਕਰ ਕੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਅਜੇ ਪਰੋਚਾ ਕੌਂਸਲਰ, ਗੋਗੀ ਸਹੋਤਾ, ਰਾਕੇਸ਼ ਕੁਮਾਰ ਕੇਸ਼ੂ, ਗੱਬਰ, ਸਤੀਸ਼ ਕੁਮਾਰ ਸੱਤੀ ਆਦਿ ਵੀ ਮੌਜੂਦ ਸਨ।