ਜਦ ਵਿਆਹ ਵਾਲੇ ਘਰ ਨਸ਼ਾ ਸਮੱਗਲਰਾਂ ਨੇ ਪੁਲਸ ਵਾਲਿਆਂ ਦੇ ਬਜਾਏ ਵਾਜੇ

06/25/2017 12:16:14 PM

ਮੁਕੇਰੀਆਂ - ਪੰਜਾਬ ਪੁਲਸ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਚਲਾਈ ਗਈ ਨਸ਼ਾ ਸਮੱਗਲਰਾਂ ਖਿਲਾਫ ਮੁਹਿੰਮ ਤਹਿਤ ਸ਼ਨੀਵਾਰ ਪੁਲਸ ਨੂੰ ਉਸ ਸਮੇਂ ਨਸ਼ਾ ਸਮੱਗਲਰਾਂ ਦੇ ਹਮਲੇ ਦਾ ਸ਼ਿਕਾਰ ਹੋਣਾ ਪਿਆ, ਜਦੋਂ ਪੰਜਾਬ-ਹਿਮਾਚਲ ਹੱਦ 'ਤੇ ਸਥਿਤ ਕਸਬਾ ਮੀਲਵਾਂ 'ਚ ਏ. ਐੱਸ. ਆਈ. ਗੁਰਵਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਨੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ 2 ਮੋਟਰਸਾਈਕਲ ਸਵਾਰ ਕਥਿਤ ਨਸ਼ਾ ਸਮੱਗਲਰਾਂ ਨੂੰ ਪੁਲਸ ਨੇ ਰੁਕਣ ਦਾ ਇਸ਼ਾਰਾ ਕੀਤਾ। ਪੁਲਸ ਦਾ ਇਸ਼ਾਰਾ ਦੇਖਦੇ ਹੀ ਸਮੱਗਲਰਾਂ ਨੇ ਮੋਟਰਸਾਈਕਲ ਭਜਾ ਲਿਆ, ਜਿਨ੍ਹਾਂ ਦਾ ਏ. ਐੱਸ. ਆਈ. ਨੇ ਵੀ ਪੁਲਸ ਪਾਰਟੀ ਨਾਲ ਪਿੱਛਾ ਕੀਤਾ। ਉਕਤ ਦੋਵੇਂ ਨੌਜਵਾਨ ਹਿਮਾਚਲ ਦੀ ਹੱਦ 'ਚ ਦਾਖਲ ਹੋ ਕੇ ਪਿੰਡ ਮੀਲਵਾਂ 'ਚ ਚੱਲ ਰਹੇ ਵਿਆਹ ਸਮਾਰੋਹ 'ਚ ਦਾਖਲ ਹੋ ਗਏ, ਜਿਨ੍ਹਾਂ ਦਾ ਪਿੱਛਾ ਕਰਦੇ ਹੋਏ ਏ. ਐੱਸ. ਆਈ. ਆਪਣੇ  ਡਰਾਈਵਰ ਰਾਜਕੁਮਾਰ ਨਾਲ ਵਿਆਹ ਸਮਾਰੋਹ ਦੀਆਂ ਚੱਲ ਰਹੀਆਂ ਤਿਆਰੀਆਂ ਵਾਲੇ ਸਥਾਨ 'ਤੇ ਪਹੁੰਚ ਗਏ, ਜਿਥੇ ਉਕਤ ਨੌਜਵਾਨਾਂ ਤੇ ਸਾਂਸੀਆਂ ਦੇ ਲੜਕਿਆਂ ਨੇ ਮਿਲ ਕੇ ਪੁਲਸ ਵਾਲਿਆਂ 'ਤੇ ਹਮਲਾ ਕਰ ਦਿੱਤਾ, ਜਿਸ 'ਤੇ ਡਰਾਈਵਰ ਰਾਜਕੁਮਾਰ ਜ਼ਖ਼ਮੀ ਹੋ ਗਿਆ। ਏ. ਐੱਸ. ਆਈ. ਨੇ ਇਸ ਹਮਲੇ ਦੀ ਸੂਚਨਾ ਡੀ. ਐੱਸ. ਪੀ. ਮੁਕੇਰੀਆਂ ਨੂੰ ਦਿੱਤੀ, ਜਿਸ 'ਤੇ ਐੱਸ. ਐੱਚ. ਓ. ਮੁਕੇਰੀਆਂ ਤੇ ਐੱਸ. ਐੱਚ. ਓ. ਹਾਜੀਪੁਰ ਇਕ ਵੱਡੀ ਪੁਲਸ ਪਾਰਟੀ ਸਮੇਤ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਏ ਅਤੇ ਪੂਰੇ ਖੇਤਰ ਨੂੰ ਸੀਲ ਕਰ ਕੇ ਘਰਾਂ 'ਚ ਤਲਾਸ਼ੀ ਮੁਹਿੰਮ ਚਲਾਈ ਪਰ ਉਕਤ ਹਮਲਾਵਰ ਉਥੋਂ ਫਰਾਰ ਹੋ ਚੁੱਕੇ ਸਨ।