ਆਪਣੇ ਹੱਕ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਨੇ ਪੰਜਾਬ ਹੋਮਗਾਰਡ ਦੇ ਮੁਲਾਜ਼ਮ

11/24/2019 10:14:10 AM

ਆਦਮਪੁਰ (ਰਣਦੀਪ)— ਦੇਸ਼ ਅਤੇ ਪੰਜਾਬ ਪੁਲਸ ਦੀ 35 ਤੋਂ 40 ਸਾਲ ਤੱਕ ਸੇਵਾ ਕਰਕੇ ਰਿਟਾਇਰ ਹੋਏ ਜ਼ਿਲਾ ਜਲੰਧਰ ਦੇ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਆਪਣੇ ਹੱਕ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਪੰਜਾਬ ਸਰਕਾਰ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਹੀ। ਆਪਣੀ ਤਰਸਯੋਗ ਹਾਲਤ ਬਾਰੇ ਜਾਣਕਾਰੀ ਦੇਣ ਲਈ ਜ਼ਿਲਾ ਜਲੰਧਰ ਬਲਾਕ ਆਦਮਪੁਰ ਦੇ ਸੇਵਾ ਮੁਕਤ ਪੰਜਾਬ ਹੋਮਗਾਰਡ ਦੇ ਮੁਲਾਜ਼ਮਾਂ ਨੇ ਪੱਤਰਕਾਰਾਂ ਨਾਲ ਮੀਟਿੰਗ ਕੀਤੀ।

'ਜਗ ਬਾਣੀ' ਟੀਮ ਨਾਲ ਗੱਲਬਾਤ ਕਰਦਿਆਂ ਸਵਰਨਜੀਤ ਸਿੰਘ ਨਾਹਰ ਧੀਰੋਵਾਲ, ਚਰਨਜੀਤ ਸਿੰਘ ਡੀਂਗਰੀਆਂ, ਦਿਲਬਾਗ ਸਿੰਘ ਭੇਲਾ, ਗੁਰਦੇਵ ਸਿੰਘ ਨਾਹਲ, ਸਤਵਿੰਦਰ ਸਿੰਘ ਚੁਖਿਆਰਾਂ ਅਤੇ ਰੇਸ਼ਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅੱਤਵਾਦ ਦੇ ਟਾਈਮ ਬਾਰਡਰਾਂ 'ਤੇ ਪੰਜਾਬ ਪੁਲਸ ਅਤੇ ਫੌਜ ਨਾਲ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਡਿਊਟੀ ਕੀਤੀ। ਇਲੈਕਸ਼ਨਾਂ ਵੇਲੇ ਪੰਜਾਬ ਦੇ ਨਾਲ-ਨਾਲ ਯੂ. ਪੀ, ਬਿਹਾਰ, ਉਤਰਾਖੰਡ 'ਚ ਡਿਊਟੀਆਂ ਦਿੱਤੀਆਂ ਪਰ ਉਨ੍ਹਾਂ ਨੂੰ ਅਜੇ ਤੱਕ ਕੋਈ ਫੰਡ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 2014 ਤੋਂ ਸੇਵਾ ਮੁਕਤ ਹੋਏ ਚੰਡੀਗੜ੍ਹ ਦੇ ਸਿਪਾਹੀ ਦਾ ਸਕੇਲ 46,000 ਸੀ ਅਤੇ ਸਾਨੂੰ ਹੋਮਗਾਰਡ ਨੂੰ 30,000 ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਆਪਣੇ ਬਣਦੇ ਹੱਕ ਲੈਣ ਲਈ ਅਸੀਂ ਰੋਪੜ ਟੋਲ ਪਲਾਜ਼ਾ ਕੋਲ ਪਿਛਲੇ ਡੇਢ ਸਾਲ ਤੋਂ ਧਰਨੇ 'ਤੇ ਬੈਠੇ ਹੋਏ ਹਾਂ ਪਰ ਪੰਜਾਬ ਸਰਕਾਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਧਰਨੇ 'ਤੇ ਬੈਠੇ ਜਵਾਨਾਂ 'ਚੋਂ 4 ਦੀ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਦੀ ਹਾਲਤ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਕਿ ਅੱਜ ਅੱਤ ਦੀ ਮਹਿੰਗਾਈ ਵਾਲੇ ਸਮੇਂ 'ਚ ਉਨ੍ਹਾਂ ਕੋਲ ਆਪਣੀ ਦਵਾਈ ਲੈਣ ਲਈ ਵੀ ਪੈਸੇ ਨਹੀਂ ਹਨ ਅਤੇ ਘਰ 'ਚ ਰੋਟੀ ਖਾਣੀ ਵੀ ਉਨ੍ਹਾਂ ਲਈ ਮੁਸ਼ਕਿਲ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਣਦੇ ਹੱਕ ਦੇਣ ਲਈ ਸੁਪਰੀਮ ਕੋਰਟ ਵੱਲੋਂ ਮਿਤੀ 4 ਮਈ 2016 ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਪੁਲਸ ਦੇ ਜਵਾਨਾਂ ਵਾਂਗ ਉਨ੍ਹਾਂ ਨੂੰ ਵੀ ਪੈਨਸ਼ਨ ਲਾਈ ਜਾਵੇ ਤਾਂ ਜੋ ਉਹ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਅ ਸਕਣ।

shivani attri

This news is Content Editor shivani attri