ਵਿਜੀਲੈਂਸ ਬਿਊਰੋ ਵੱਲੋਂ ਰਿਟਾਇਰਡ ਐੱਸ. ਐੱਸ. ਪੀ. ਗਰੇਵਾਲ ਖਿਲਾਫ ਕੇਸ ਦਰਜ

12/28/2017 9:08:03 AM

ਪਟਿਆਲਾ (ਬਲਜਿੰਦਰ)-ਪੰਜਾਬ ਪੁਲਸ ਦੇ ਰਿਟਾਇਰਡ ਐੱਸ. ਐੱਸ. ਪੀ. ਸੁਰਜੀਤ ਸਿੰਘ ਗਰੇਵਾਲ ਖਿਲਾਫ ਪਟਿਆਲਾ ਵਿਜੀਲੈਂਸ ਬਿਊਰੋ ਨੇ ਆਮਦਨੀ ਨਾਲੋਂ ਜ਼ਿਆਦਾ ਜਾਇਦਾਦ ਬਣਾਉਣ ਅਤੇ ਖਰਚ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਵਿਜੀਲੈਂਸ ਵੱਲੋਂ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਚ ਪੀ. ਸੀ. ਐਕਟ 1988 ਦੀ ਧਾਰਾ 13 (1) (ਈ) ਰ/ਵ 13(2) ਪੀ. ਸੀ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕੇਸ ਦਰਜ ਕਰਨ ਤੋਂ ਪਹਿਲਾਂ 1 ਅਪ੍ਰੈਲ 1999 ਤੋਂ 31 ਦਸੰਬਰ 2014 ਤੱਕ ਪੀਰੀਅਡ ਦੀ ਬਾਕਾਇਦਾ ਜਾਂਚ ਕੀਤੀ ਗਈ ਹੈ। ਇਸ ਵਿਚ ਦੇਖਿਆ ਗਿਆ ਕਿ ਇਸ ਪੀਰੀਅਡ ਦੌਰਾਨ ਸੁਰਜੀਤ ਸਿੰਘ ਗਰੇਵਾਲ ਦੀ ਕੁਲ ਆਮਦਨੀ 2 ਕਰੋੜ 12 ਲੱਖ 92 ਹਜ਼ਾਰ 905 ਰੁਪਏ ਸੀ। ਇਸ ਅਰਸੇ ਦੌਰਾਨ 12 ਕਰੋੜ 19 ਲੱਖ 70 ਹਜ਼ਾਰ 803 ਰੁਪਏ 5 ਪੈਸੇ ਖਰਚ ਕੀਤੇ ਗਏੇ, ਜੋ ਕਿ ਆਪਣੀ ਆਮਦਨ ਨਾਲੋਂ 10 ਕਰੋੜ 6 ਲੱਖ 77 ਹਜ਼ਾਰ 898 ਰੁਪਏ 5 ਪੈਸੇ ਜ਼ਿਆਦਾ ਸਨ। ਇਸ ਮਾਮਲੇ ਦੀ ਜਾਂਚ ਵੀ ਹੁਣ ਖੁਦ ਐੱਸ. ਐੱਸ. ਪੀ. ਪ੍ਰੀਤਮ ਸਿੰਘ ਕਰ ਰਹੇ ਹਨ। ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਕੇਸ ਵਿਚ ਦੱਸਿਆ ਗਿਆ ਹੈ ਕਿ ਰਿਟਾਇਰਡ ਐੱਸ. ਐੱਸ. ਪੀ. ਸੁਰਜੀਤ ਸਿੰਘ ਗਰੇਵਾਲ ਨੇ ਆਪਣੇ ਅਹੁਦੇ ਦੀ ਕੁਵਰਤੋਂ ਕਰਦੇ ਹੋਏ ਆਪਣੇ, ਪਰਿਵਾਰ ਦੇ ਮੈਂਬਰਾਂ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਾਂ 'ਤੇ ਪਿੰਡ ਕਿਲਾ ਰਾਏਪੁਰ, ਸਮਰਾਲਾ ਤੇ ਪਿੰਡ ਕੋਟਲਾ ਬਡਲਾ (ਜ਼ਿਲਾ ਫਤਿਹਗੜ੍ਹ ਸਾਹਿਬ) ਵਿਖੇ ਵਿੱਤ ਤੋਂ ਜ਼ਿਆਦਾ ਚੱਲ ਅਤੇ ਅਚੱਲ ਜਾਇਦਾਦ ਬਣਾਈ। ਇਨ੍ਹਾਂ ਜਾਇਦਾਦਾਂ ਵਿਚੋਂ ਕਰੀਬ 12 ਕਿੱਲੇ ਜ਼ਮੀਨ ਆਪਣੇ ਲੜਕੇ ਜਸਜੀਤ ਸਿੰਘ ਦੇ ਨਾਂ 'ਤੇ ਮਲਕੀਅਤ ਕਰਵਾ ਦਿੱਤੀ। ਫਿਲਹਾਲ ਇਸ ਕੇਸ ਵਿਚ ਸੁਰਜੀਤ ਸਿੰਘ ਗਰੇਵਾਲ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।