ਪੰਜਾਬ ਪੁਲਸ ਟ੍ਰੇਨਿੰਗ ਪ੍ਰਾਪਤ ਬੇਰੁਜ਼ਗਾਰ ਨੌਜਵਾਨ ਟੈਂਕੀ ''ਤੇ ਚੜ੍ਹੇ

09/29/2019 5:20:08 PM

ਜਲਾਲਾਬਾਦ (ਨਿਖੰਜ, ਜਤਿੰਦਰ) : ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਪੰਜਾਬ ਪੁਲਸ ਟ੍ਰੇਨਿੰਗ ਪ੍ਰਾਪਤ ਬੇਰੁਜ਼ਗਾਰ ਯੂਨੀਅਨ ਦੇ ਅਹੁਦੇਦਾਰਾਂ ਨੇ ਜਲਾਲਾਬਾਦ 'ਚ ਹੋਣ ਜਾ ਰਹੀ ਜ਼ਿਮਨੀ ਚੋਣ 'ਚ ਕਾਂਗਰਸ ਸਰਕਾਰ ਖ਼ਿਲਾਫ਼ ਆਪਣਾ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਪੰਜਾਬ ਪੁਲਸ ਟ੍ਰੇਨਿੰਗ ਪ੍ਰਾਪਤ ਬੇਰੁਜ਼ਗਾਰ ਯੂਨੀਅਨ ਦੇ 5 ਮੈਂਬਰ ਐਤਵਾਰ ਨੂੰ ਸਥਾਨਕ ਬੀ. ਡੀ. ਪੀ. ਓ. ਦਫ਼ਤਰ ਵਿਖੇ ਬਣੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪੁੱਜੇ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਦੱਸਿਆ ਕਿ ਸਰਕਾਰ ਵਲੋਂ ਦਿੱਤੇ ਇਸ਼ਤਿਹਾਰ ਮੁਤਾਬਿਕ ਚੁਣ ਕੇ ਪਿੰਡ ਜਹਾਨ ਖੇਲ੍ਹਾਂ (ਹੁਸ਼ਿਆਰਪੁਰ) ਵਿਖੇ ਹਥਿਆਰਬੰਦ ਟ੍ਰੇਨਿੰਗ ਹਾਸਿਲ ਕੀਤੀ ਅਤੇ ਉਹ ਨੌਕਰੀ ਦੀ ਮੰਗ ਲਈ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਅਤੇ ਸਰਕਾਰ ਸਾਨੂੰ ਨੌਕਰੀਆਂ ਦੇਣ ਬਦਲੇ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਜਲਾਲਾਬਾਦ ਵਿਖੇ ਰੋਸ ਧਰਨਾ ਲਗਾਇਆ ਗਿਆ ਸੀ ਜਿਸ ਵਿਚ ਕੁਝ ਸਾਥੀ ਮਰਨ-ਵਰਤ 'ਤੇ ਵੀ ਬੈਠ ਗਏ ਸਨ ਪਰ ਐੱਸ. ਡੀ. ਐੱਮ. ਜਲਾਲਾਬਾਦ ਨੇ ਡੀ. ਸੀ. ਫ਼ਾਜ਼ਿਲਕਾ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕਰਕੇ ਸਾਡਾ ਮਰਨ ਵਰਤ ਤੇ ਰੋਸ ਧਰਨਾ ਖ਼ਤਮ ਕਰਵਾਇਆ। ਡੀ. ਸੀ. ਫ਼ਾਜ਼ਿਲਕਾ ਨੇ ਸਾਡੀ ਮੀਟਿੰਗ ਸਿਹਤ ਮੰਤਰੀ ਪੰਜਾਬ ਨਾਲ ਕਰਵਾਈ, ਜਿਨ੍ਹਾਂ ਨੇ ਫਿਰ ਤੋਂ ਡੀ ਸੀ ਫ਼ਾਜ਼ਿਲਕਾ ਨੂੰ ਸਾਡੇ ਬਾਰੇ ਰਿਪੋਰਟ ਤਿਆਰ ਕਰਨ ਲਈ ਕਿਹਾ ਤੇ ਸਿਹਤ ਮੰਤਰੀ ਪੰਜਾਬ ਨੂੰ ਮਿਲ਼ਣ 'ਤੇ ਸਾਨੂੰ ਟਾਲ-ਮਟੋਲ ਕੀਤਾ ਗਿਆ। ਜਿਸ ਕਾਰਨ ਉਨ੍ਹਾਂ ਨੂੰ ਅੱਜ ਮਜਬੂਰ ਹੋ ਕੇ ਸੰਘਰਸ਼ ਵਿੱਢਿਆ ਹੈ।

Gurminder Singh

This news is Content Editor Gurminder Singh