ਹੁੱਕਾ ਬਾਰ ਅਤੇ ਈ-ਸਿਗਰਟ ਦੀ ਰੋਕਥਾਮ ਸਬੰਧੀ ਜ਼ਿੰਮੇਵਾਰੀ ਹੁਣ ਪੰਜਾਬ ਪੁਲਸ ਦੇ ਹਵਾਲੇ

01/07/2020 10:36:55 AM

ਅੰਮ੍ਰਿਤਸਰ (ਦਲਜੀਤ): ਪੰਜਾਬ ਵਿਚ ਹੁਣ ਹੁੱਕਾ ਬਾਰ ਅਤੇ ਈ-ਸਿਗਰਟ ਦੀ ਰੋਕਥਾਮ ਸਬੰਧੀ ਜ਼ਿੰਮੇਵਾਰੀ ਪੰਜਾਬ ਪੁਲਸ ਦੀ ਹੋਵੇਗੀ। ਪੰਜਾਬ ਸਰਕਾਰ ਵੱਲੋਂ ਉਕਤ ਜ਼ਿੰਮੇਵਾਰੀ ਸਿਹਤ ਵਿਭਾਗ ਤੋਂ ਲੈ ਕੇ ਪੰਜਾਬ ਪੁਲਸ ਨੂੰ ਸੌਂਪ ਦਿੱਤੀ ਗਈ ਹੈ। ਸਰਕਾਰ ਵੱਲੋਂ ਇਸ ਸਬੰਧੀ ਗਜ਼ਟ ਨੋਟੀਫਿਕੇਸ਼ਨ ਵੀ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਇਸ ਆਦੇਸ਼ ਸਬੰਧੀ ਰਾਜ ਦੇ ਸਾਰੇ ਸਿਵਲ ਸਰਜਨਾਂ ਅਤੇ ਜ਼ਿਲਾ ਪੁਲਸ ਮੁਖੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਪੰਜਾਬ 'ਚ ਹੁੱਕਾ ਬਾਰ ਅਤੇ ਈ-ਸਿਗਰਟ 'ਤੇ ਮੁਕੰਮਲ ਰੋਕ ਹੈ। ਸਰਕਾਰ ਵੱਲੋਂ ਪਹਿਲਾਂ ਉਕਤ ਰੋਕ ਦੇ ਬਾਵਜੂਦ ਚਲਣ ਵਾਲੇ ਹੁੱਕਾ ਬਾਰ ਅਤੇ ਈ-ਸਿਗਰਟ 'ਤੇ ਕਾਰਵਾਈ ਕਰਨ ਲਈ ਸਿਹਤ ਵਿਭਾਗ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ। ਵਿਭਾਗ ਦੇ ਸਿਵਲ ਸਰਜਨਾਂ ਵੱਲੋਂ ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟ੍ਰੇਟ ਦੀ ਸਹਾਇਤਾ ਨਾਲ ਸੈਕਸ਼ਨ 144 ਲਾਉਣ ਦੇ ਬਾਅਦ ਇਸ 'ਤੇ ਕਾਰਵਾਈ ਕੀਤੀ ਜਾਂਦੀ ਸੀ। ਸਰਕਾਰ ਦੇ ਧਿਆਨ 'ਚ ਆਇਆ ਸੀ ਕਿ ਸਿਹਤ ਵਿਭਾਗ ਦੇ ਇਲਾਵਾ ਪੁਲਸ ਕੋਲ ਸ਼ਕਤੀਆਂ ਨਾ ਹੋਣ ਕਾਰਣ ਸਰਕਾਰ ਦੇ ਆਦੇਸ਼ਾਂ ਦੀ ਠੀਕ ਢੰਗ ਨਾਲ ਪਾਲਣਾ ਨਹੀਂ ਹੋ ਰਹੀ ਹੈ। ਇਸ ਲਈ ਸਰਕਾਰ ਵੱਲੋਂ ਗਜ਼ਟ ਨੋਟੀਫਿਕੇਸ਼ਨ ਵਿਚ ਦੁਬਾਰਾ ਸੋਧ ਕਰ ਕੇ ਹੁੱਕਾ ਬਾਰ ਅਤੇ ਈ-ਸਿਗਰਟ ਦੀ ਰੋਕਥਾਮ ਲਈ ਪੰਜਾਬ ਪੁਲਸ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਸਰਕਾਰ ਵੱਲੋਂ ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਸ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।

ਸਬ-ਇੰਸਪੈਕਟਰ ਤੋਂ ਉੱਪਰ ਵਾਲੇ ਅਧਿਕਾਰੀ ਹੀ ਕਰ ਸਕਣਗੇ ਕਾਰਵਾਈ
ਪੰਜਾਬ ਸਰਕਾਰ ਵੱਲੋਂ ਗਜ਼ਟ ਨੋਟੀਫਿਕੇਸ਼ਨ 'ਚ ਕੀਤੀ ਸੋਧ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਹੁੱਕਾ ਬਾਰ ਅਤੇ ਈ-ਸਿਗਰਟ 'ਤੇ ਸਬ-ਇੰਸਪੈਕਟਰ ਦੇ ਉੱਪਰ ਵਾਲੇ ਅਧਿਕਾਰੀ ਕਾਰਵਾਈ ਕਰ ਸਕਦੇ ਹਨ। ਨੋਟੀਫਿਕੇਸ਼ਨ ਦੇ ਅਨੁਸਾਰ ਪੁਲਸ ਅਧਿਕਾਰੀ ਬਾਰ ਨੂੰ ਸੀਜ਼ ਵੀ ਕਰ ਸਕਦੇ ਹਨ। ਜ਼ਰੂਰਤ ਪੈਣ 'ਤੇ ਸਬੰਧਤ ਬਾਰ ਮਾਲਿਕ ਜਾਂ ਈ-ਸਿਗਰਟ ਦਾ ਧੰਦਾ ਕਰਨ ਵਾਲੇ ਖਿਲਾਫ ਮਾਮਲਾ ਵੀ ਦਰਜ ਕਰ ਸਕਦੇ ਹਨ। ਸਰਕਾਰ ਦੇ ਇਸ ਨੋਟੀਫਿਕੇਸ਼ਨ ਦੇ ਜ਼ਰੀਏ ਪਾਬੰਦੀ ਯੁਕਤ ਸ਼ਕਤੀਆਂ ਵਿਚ ਵਾਧਾ ਹੋਇਆ ਹੈ।

ਸਿਹਤ ਵਿਭਾਗ ਹੁਣ ਕੱਟੇਗਾ ਸਿਰਫ 50 ਤੋਂ 200 ਰੁਪਏ ਦੇ ਚਲਾਨ
ਪੰਜਾਬ ਸਰਕਾਰ ਵੱਲੋਂ ਚਾਹੇ ਹੁੱਕਾ ਬਾਰ ਅਤੇ ਈ-ਸਿਗਰਟ 'ਤੇ ਕਾਰਵਾਈ ਦੀ ਜ਼ਿੰਮੇਵਾਰੀ ਪੰਜਾਬ ਪੁਲਸ ਨੂੰ ਸੌਂਪੀ ਗਈ ਹੈ ਪਰ ਸਰਕਾਰ ਨੇ ਕੋਟਪਾ ਐਕਟ ਤਹਿਤ ਸਿੱਖਿਅਕ ਸੰਸਥਾਵਾਂ ਦੇ 100 ਗਜ਼ ਦੇ ਨਜ਼ਦੀਕ ਅਤੇ ਪਬਲਿਕ ਪਲੇਸ 'ਤੇ ਤੰਬਾਕੂ ਨਸ਼ਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਨੂੰ ਸੌਂਪੀ ਹੈ। ਸਿਹਤ ਵਿਭਾਗ ਵੱਲੋਂ ਉਕਤ ਆਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ 50 ਤੋਂ 200 ਰੁਪਏ ਤੱਕ ਦੇ ਚਲਾਨ ਕੀਤੇ ਜਾ ਸਕਦੇ ਹਨ। ਵਿਭਾਗ ਵੱਲੋਂ ਇਸ ਸਬੰਧੀ ਹਰ ਜ਼ਿਲੇ 'ਚ ਜ਼ਿਲਾ ਕੋਟਪਾ ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਹੈ।

ਪੌਸ਼ ਏਰੀਆ 'ਚ ਧੜੱਲੇ ਨਾਲ ਚੱਲ ਰਹੇ ਹਨ ਹੁੱਕਾ ਬਾਰ
ਪੰਜਾਬ ਸਰਕਾਰ ਵੱਲੋਂ ਹੁੱਕਾ ਬਾਰ ਅਤੇ ਈ-ਸਿਗਰਟ 'ਤੇ ਰੋਕ ਲਾਉਣ ਦੇ ਬਾਵਜੂਦ ਜ਼ਿਲੇ ਦੇ ਪੌਸ਼ ਏਰੀਆ ਰਣਜੀਤ ਐਵੀਨਿਊ, ਮਾਲ ਰੋਡ, ਲਾਰੈਂਸ ਰੋਡ ਆਦਿ ਖੇਤਰਾਂ 'ਚ ਇਹ ਧੜੱਲੇ ਨਾਲ ਚੱਲ ਰਹੇ ਹਨ। ਕਈ ਹੁੱਕਾ ਬਾਰ ਤਾਂ ਅਜਿਹੇ ਹਨ ਜਿਨ੍ਹਾਂ ਨੂੰ ਰਾਜਨੀਤਿਕ ਨੇਤਾਵਾਂ ਦੀ ਹਿਫਾਜ਼ਤ ਪ੍ਰਾਪਤ ਹੈ। ਇਸ ਲਈ ਉਨ੍ਹਾਂ 'ਤੇ ਕਾਰਵਾਈ ਨਹੀਂ ਹੋ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਪੁਲਸ ਵਿਭਾਗ ਇਸ 'ਤੇ ਕਾਰਵਾਈ ਕਰਦਾ ਹੈ ਜਾਂ ਇਹ ਪਹਿਲਾਂ ਦੀ ਤਰ੍ਹਾਂ ਕੰਮ ਕਰਦੇ ਰਹਿਣਗੇ।

ਨੌਜਵਾਨ ਪੀੜ੍ਹੀ ਜ਼ਿੰਦਗੀ ਨੂੰ ਉਡਾ ਰਹੀ ਧੂੰਏਂ 'ਚ
ਜ਼ਿਲੇ 'ਚ ਗ਼ੈਰ-ਕਾਨੂੰਨੀ ਤੌਰ 'ਤੇ ਚਲਣ ਵਾਲੇ ਹੁੱਕਾ ਬਾਰਾਂ ਵਿਚ ਨੌਜਵਾਨ ਪੀੜ੍ਹੀ ਆਪਣੀ ਕੀਮਤੀ ਜ਼ਿੰਦਗੀ ਨੂੰ ਧੂੰਏਂ 'ਚ ਉਡਾ ਰਹੀ ਹੈ। ਹੁੱਕਾ ਬਾਰਾਂ 'ਚ 14 ਤੋਂ 30 ਸਾਲ ਦੇ ਲੜਕੇ ਅਤੇ ਲੜਕੀਆਂ ਵੱਖ-ਵੱਖ ਪਾਬੰਦੀ ਸੁਦਾ ਤੰਬਾਕੂ ਫਲੇਵਰ ਦਾ ਇਸਤੇਮਾਲ ਕਰ ਰਹੇ ਹਨ। ਸਿਹਤ ਵਿਭਾਗ ਵੱਲੋਂ ਪਿਛਲੇ ਸਮੇਂ ਅਜਿਹੇ ਕਈ ਹੁੱਕਾ ਬਾਰਾਂ 'ਚ ਛਾਪੇਮਾਰੀ ਕੀਤੀ ਗਈ ਸੀ ਜਿਨ੍ਹਾਂ 'ਚ ਵੱਡੀ ਗਿਣਤੀ ਵਿਚ ਨੌਜਵਾਨ ਹੁੱਕਾ ਪੀਂਦੇ ਸਨ।ਹੁੱਕਾ ਬਾਰ ਅਤੇ ਈ-ਸਿਗਰਟ 'ਤੇ ਪਹਿਲਾਂ ਸਿਹਤ ਵਿਭਾਗ ਕਾਰਵਾਈ ਕਰਦਾ ਸੀ। ਹੁਣ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ 'ਚ ਸੋਧ ਕਰ ਕੇ ਇਸ ਕਾਰਵਾਈ ਲਈ ਪੰਜਾਬ ਪੁਲਸ ਦੀ ਡਿਊਟੀ ਲਾਈ ਗਈ ਹੈ। ਸਰਕਾਰ ਵੱਲੋਂ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪੰਜਾਬ ਵਿਚ ਹੁੱਕਾ ਬਾਰ ਅਤੇ ਈ-ਸਿਗਰਟ 'ਤੇ ਮੁਕੰਮਲ ਪਾਬੰਦੀ ਹੈ। ਵਿਭਾਗ ਵੱਲੋਂ ਪਹਿਲਾਂ ਜੋ ਕਾਰਵਾਈ ਕੀਤੀ ਜਾਂਦੀ ਸੀ, ਹੁਣ ਉਹ ਕਾਰਵਾਈ ਪੁਲਸ ਵੱਲੋਂ ਕੀਤੀ ਜਾਵੇਗੀ। ਹੁੱਕਾ ਅਤੇ ਈ-ਸਿਗਰਟ ਦੇ ਸੇਵਨ ਨਾਲ ਫੇਫੜਿਆਂ ਨੂੰ ਕਾਫ਼ੀ ਨੁਕਸਾਨ ਪੁੱਜਦਾ ਹੈ। ਇਸ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਸਾਹ ਅਤੇ ਹੋਰ ਬੀਮਾਰੀਆਂ ਵਿਅਕਤੀ ਨੂੰ ਆਪਣੀ ਜਕੜ 'ਚ ਲੈ ਲੈਂਦੀਆਂ ਹਨ। ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਹੀ ਇਸ 'ਤੇ ਰੋਕ ਲਾਈ ਗਈ ਹੈ। ਨੋਟੀਫਿਕੇਸ਼ਨ ਦੇ ਅਨੁਸਾਰ ਹੁਣ ਇਹ ਕੰਮ ਪੰਜਾਬ ਪੁਲਸ ਦੇਖੇਗੀ।

Shyna

This news is Content Editor Shyna