ਪੰਜਾਬ ਪੁਲਸ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦਾ ਵੱਡਾ ਝਟਕਾ, ਹੁਣ ਨਹੀਂ ਮਿਲੇਗੀ ਇਹ ਸਹੂਲਤ

06/17/2017 7:27:13 PM

ਜਲੰਧਰ (ਪਾਹਵਾ, ਪ੍ਰੀਤ) : ਸੂਬੇ ਵਿਚ ਵਿੱਤੀ ਹਾਲਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਪੁਲਸ ਸਟਾਫ ਦੀ ਤਨਖਾਹ 'ਤੇ ਕਟੌਤੀ ਦੀ ਤਲਵਾਰ ਚਲਾ ਦਿੱਤੀ ਹੈ। ਹੋਰ ਸਰਕਾਰੀ ਖਰਚ ਘਟਾਉਣ ਦੀ ਬਜਾਏ ਵਿੱਤ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਨਾਨ-ਗਜ਼ਟਿਡ ਸਟਾਫ ਨੂੰ ਸਾਲ ਭਰ ਮਿਲਣ ਵਾਲੀ ਇਕ ਮਹੀਨੇ ਦੀ ਵਾਧੂ ਤਨਖਾਹ 'ਤੇ ਰੋਕ ਲਗਾ ਦਿੱਤੀ ਹੈ। ਇਸ ਨਾਲ ਸੂਬੇ ਵਿਚ ਪੁਲਸ ਦੇ ਸਟਾਫ ਮੁਲਾਜ਼ਮਾਂ ਨੂੰ ਸਿੱਧੇ ਤੌਰ 'ਤੇ ਨੁਕਸਾਨ ਸਹਿਣਾ ਪਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਪੱਤਰ ਲੜੀ ਨੰਬਰ 378/16-6-17 ਨੂੰ ਜਾਰੀ ਕਰ ਕੇ ਸਾਲ 1981 ਦੇ ਵਿਭਾਗ ਦੇ ਨੋਟੀਫਿਕੇਸ਼ਨ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਉਕਤ ਪੁਰਾਣੇ ਨੋਟੀਫਿਕੇਸ਼ਨ ਦੇ ਤਹਿਤ ਕਾਂਸਟੇਬਲ, ਹੈੱਡ ਕਾਂਸਟੇਬਲ, ਏ. ਐੱਸ. ਆਈ., ਸਬ-ਇੰਸਪੈਕਟਰ, ਇੰਸਪੈਕਟਰ ਅਹੁਦਿਆਂ 'ਤੇ ਤਾਇਨਾਤ ਸਟਾਫ ਮੈਂਬਰਾਂ ਨੂੰ ਸਾਲ ਭਰ ਵਿਚ ਛੁੱਟੀਆਂ ਦੇ ਬਦਲੇ ਮੁਆਵਜ਼ੇ ਦੇ ਤੌਰ 'ਤੇ ਤਨਖਾਹ ਜਾਰੀ ਕੀਤੀ ਜਾਂਦੀ ਹੈ। ਸਾਲ ਵਿਚ ਇਸੇ ਕਾਰਨ 12 ਮਹੀਨੇ ਦੀ ਬਜਾਏ 13 ਮਹੀਨੇ ਦੀ ਤਨਖਾਹ ਜਾਰੀ ਕੀਤੀ ਜਾਂਦੀ ਹੈ। ਇਸ ਨੋਟੀਫਿਕੇਸ਼ਨ ਦੇ ਤਹਿਤ ਸਰਕਾਰ ਨੇ ਹੁਣ ਪੁਲਸ ਥਾਣਿਆਂ ਵਿਚ ਉਕਤ ਅਹੁਦਿਆਂ 'ਤੇ  ਤਾਇਨਾਤ ਕਰਮਚਾਰੀਆਂ ਨੂੰ ਉਕਤ ਸਹੂਲਤ ਤੋਂ ਵੱਖ ਕਰ ਦਿੱਤਾ ਹੈ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਥਾਣਿਆਂ ਵਿਚ ਤਾਇਨਾਤ ਉਕਤ ਸਟਾਫ ਨੂੰ ਤਾਂ ਸਹੂਲਤਾਂ ਮਿਲਣਗੀਆਂ ਪਰ ਪੁਲਸ ਦਫਤਰਾਂ ਵਿਚ ਤਾਇਨਾਤ ਸਟਾਫ ਨੂੰ ਉਕਤ ਸਹੂਲਤ ਨਹੀਂ ਮਿਲੇਗੀ। ਨੋਟੀਫਿਕੇਸ਼ਨ  ਅਨੁਸਾਰ ਦਫਤਰਾਂ ਵਿਚ ਤਾਇਨਾਤ ਉਕਤ ਸਟਾਫ ਮੁਲਾਜ਼ਮ ਛੁੱਟੀ ਦੇ ਦਿਨ ਕੰਮ ਨਹੀਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਤਨਖਾਹ ਦਿੱਤੇ ਜਾਣ ਦੀ ਕੋਈ ਤੁਕ ਨਹੀਂ ਹੈ।
ਉਕਤ ਜਾਣਕਾਰੀ ਅਨੁਸਾਰ ਪੰਜਾਬ ਵਿਚ 70 ਹਜ਼ਾਰ ਦੇ ਕਰੀਬ ਪੁਲਸ ਮੁਲਾਜ਼ਮ ਹਨ, ਜਿਨ੍ਹਾਂ ਵਿਚੋਂ ਇਨ੍ਹਾਂ  ਅਹੁਦਿਆਂ 'ਤੇ ਜਿਨ੍ਹਾਂ ਦੀ ਤਨਖਾਹ ਵਿਚ ਕਟੌਤੀ ਕੀਤੀ ਗਈ ਹੈ, ਉਨ੍ਹਾਂ ਵਿਚ ਕਰੀਬ 25 ਹਜ਼ਾਰ ਤੋਂ ਵੱਧ ਮੁਲਾਜ਼ਮ ਸ਼ਾਮਲ ਹਨ।