ਪੰਜਾਬ ਪੁਲਸ ਨੂੰ ਮਿਲੀ ''ਸ਼ਾਬਾਸ਼ੇ'' ''ਤੇ ਬੋਲੇ DGP ਦਿਨਕਰ ਗੁਪਤਾ

11/15/2019 1:38:24 AM

ਜਲੰਧਰ,(ਧਵਨ): ਪੰਜਾਬ ਪੁਲਸ ਦੇ ਮਹਾ ਨਿਰਦੇਸ਼ਕ (ਡੀ. ਜੀ. ਪੀ.) ਦਿਨਕਰ ਗੁਪਤਾ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਬੰਧੀ ਪੰਜਾਬ ਪੁਲਸ ਵੱਲੋਂ ਸਮਾਗਮਾਂ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ 'ਚ ਨਿਭਾਈ ਭੂਮਿਕਾ ਲਈ ਸ਼ਾਬਾਸ਼ੀ ਦਿੱਤੇ ਜਾਣ ਨਾਲ ਪੁਲਸ ਅਧਿਕਾਰੀਆਂ ਤੇ ਜਵਾਨਾਂ ਦੇ ਹੌਸਲੇ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸੁਲਤਾਨਪੁਰ ਲੋਧੀ ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸ਼ੁਭ ਆਰੰਭ ਦੇ ਮੌਕੇ 'ਤੇ ਜਿਸ ਤਰ੍ਹਾਂ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਭੂਮਿਕਾ ਨਿਭਾਈ ਸੀ, ਉਹ ਸ਼ਲਾਘਾਯੋਗ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਭੂਮਿਕਾ ਦੀ ਪ੍ਰਸ਼ੰਸਾ ਕਰ ਕੇ ਪੁਲਸ ਨੂੰ ਭਵਿੱਖ 'ਚ ਹੋਰ ਬਿਹਤਰ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ।
ਦਿਨਕਰ ਗੁਪਤਾ ਨੇ ਪੰਜਾਬ ਪੁਲਸ ਦੇ ਸਾਰੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੀਆਂ ਟਿੱਪਣੀਆਂ ਨਾਲ ਪੰਜਾਬ ਪੁਲਸ ਹੋਰ ਉਤਸ਼ਾਹਿਤ ਹੋਈ ਹੈ ਅਤੇ ਇਸ ਨਾਲ ਸਾਨੂੰ ਆਪਣੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਕੰਮ ਕਰਨ ਦੀ ਪ੍ਰੇਰਨਾ ਮਿਲੀ ਹੈ।