ਕੋਰੋਨਾ ਦੇ ਮੁੜ ਵੱਧ ਰਹੇ ਪ੍ਰਕੋਪ ਦੇ ਚੱਲਦੇ ਮੁੜ ਸਖ਼ਤੀ ਕਰੇਗੀ ਪੰਜਾਬ ਪੁਲਸ

11/18/2020 6:13:23 PM

ਮੋਗਾ (ਆਜ਼ਾਦ) : ਕੋਵਿਡ-19 ਦਾ ਪ੍ਰਕੋਪ ਮੁੜ ਵਧਣ ਦੇ ਖਦਸ਼ੇ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਪੁਲਸ ਨੇ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਮਨ ਬਣਾਇਆ ਹੈ। ਇਹ ਜਾਣਕਾਰੀ ਅੱਜ ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦਿੱਤੀ। ਉਨ੍ਹਾਂ ਇਸ ਸਬੰਧੀ ਪੰਜਾਬ ਪੁਲਸ ਮੁਖੀ ਵਲੋਂ ਪ੍ਰਾਪਤ ਹਦਾਇਤਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਜੋ ਲੋਕ ਮਾਸਕ ਨਹੀਂ ਪਾਉਂਦੇ, ਸਮਾਜਿਕ ਦੂਰੀ ਨਹੀਂ ਰੱਖਦੇ ਅਤੇ ਇਕੱਠਾਂ ਸਬੰਧੀ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਹੁਣ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਸਲਾਹ ਮੁਤਾਬਿਕ ਕੋਵਿਡ-19 ਮਾਮਲਿਆਂ ਵਿਚ ਉਛਾਲ ਆਉਣ ਦਾ ਖਦਸ਼ਾ ਹੈ। ਇਸ ਲਈ ਹੁਣ ਜ਼ਰੂਰੀ ਹੈ ਕਿ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਪੰਜਾਬ ਪੁਲਸ ਵਲੋਂ ਸੂਬਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਾਡੇ ਪੁਲਸ ਕਰਮਚਾਰੀਆਂ ਦੀ ਦੇਖਭਾਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੇ ਵੱਧ ਤੋਂ ਵੱਧ ਸੈਂਪਲਿੰਗ ਅਤੇ ਇਲਾਜ ਕਰਵਾਇਆ ਜਾ ਰਿਹਾ ਤਾਂ ਜੋ ਲੋਕਾਂ ਦੇ ਨਾਲ-ਨਾਲ ਇਸ ਡਿਊਟੀ ਵਿਚ ਲੱਗੇ ਇਨ੍ਹਾਂ ਕੋਰੋਨਾ ਯੋਧਿਆਂ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

Gurminder Singh

This news is Content Editor Gurminder Singh