ਅੱਤਵਾਦੀ ਸੰਗਠਨ ਪੰਜਾਬ ਪੁਲਸ ਤੇ ਫੌਜ ਨੂੰ ਬਣਾ ਸਕਦੇ ਹਨ ਨਿਸ਼ਾਨਾ

04/10/2018 12:59:00 AM

ਬਠਿੰਡਾ (ਵਰਮਾ)-ਖੁਫੀਆ ਏਜੰਸੀਆਂ ਨੂੰ ਕੁਝ ਅਜਿਹੀਆਂ ਜਾਣਕਾਰੀਆਂ ਮਿਲੀਆਂ ਹਨ ਕਿ 10 ਅਪ੍ਰੈਲ ਨੂੰ ਭਾਰਤ ਬੰਦ ਦੌਰਾਨ ਅੱਤਵਾਦੀ ਸੰਗਠਨ ਜਾਂ ਗੈਂਗਸਟਰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਪੁਲਸ, ਫੌਜ ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ, ਜਿਸ ਸਬੰਧੀ ਪੰਜਾਬ 'ਚ ਹਾਈ ਅਲਰਟ ਕੀਤਾ ਗਿਆ ਹੈ। ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਮਾਰੇ ਗਏ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦੇ ਸਮਰਥਕ ਵੀ ਮੰਗਲਵਾਰ ਨੂੰ ਗੜਬੜ ਕਰ ਸਕਦੇ ਹਨ। ਇਹ ਸੱਚ ਹੈ ਕਿ ਜਦੋਂ ਵਿੱਕੀ ਗੌਂਡਰ ਦਾ ਇਨਕਾਊਂਟਰ ਹੋਇਆ ਤਾਂ 'ਓਕੂ' ਨੇ ਪੰਜਾਬ 'ਚ ਹਾਈ ਅਲਰਟ ਜਾਰੀ ਕੀਤਾ ਸੀ। ਖੁਫੀਆ ਏਜੰਸੀਆਂ ਦੇ ਕਹਿਣ 'ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਸ ਨੇ ਪੂਰੀ ਤਿਆਰੀ ਕਰ ਲਈ ਹੈ ਤੇ ਇਹ ਗੱਲ ਐੱਸ. ਐੱਸ. ਪੀ. ਨੇ ਵੀ ਮੰਨੀ।
ਸੋਸ਼ਲ ਮੀਡੀਆ 'ਤੇ ਭਾਰਤ ਬੰਦ ਦੀ ਚਰਚਾ ਜ਼ੋਰਾਂ 'ਤੇ ਹੈ ਪਰ ਲੋਕਾਂ ਨੂੰ ਸ਼ੱਕ ਹੈ ਕਿ ਮੰਗਲਵਾਰ ਨੂੰ ਭਾਰਤ ਬੰਦ ਹੋਵੇਗਾ ਜਾ ਨਹੀਂ। ਇਸੇ ਦੌਰਾਨ ਗ੍ਰਹਿ ਵਿਭਾਗ ਨੇ ਪੂਰੇ ਸੂਬੇ 'ਚ ਹਾਈ ਅਲਰਟ ਦੇ ਹੁਕਮ ਜਾਰੀ ਕਰ ਦਿੱਤੇ ਹਨ। ਬੇਸ਼ੱਕ ਕਈ ਸੰਗਠਨਾਂ ਨੇ ਮੀਡੀਆ ਸਾਹਮਣੇ ਪੇਸ਼ ਹੋ ਕੇ ਭਾਰਤ ਬੰਦ ਨੂੰ ਸਿਰਫ ਅਫਵਾਹ ਦੱਸਿਆ ਤੇ ਕਿਹਾ ਕਿ ਉਹ ਭਾਰਤ ਬੰਦ 'ਚ ਹਿੱਸਾ ਨਹੀਂ ਲੈਣਗੇ ਪਰ ਉਹ ਕਿਹੜੇ ਲੋਕ ਹਨ, ਜੋ 10 ਅਪ੍ਰੈਲ ਨੂੰ ਭਾਰਤ ਬੰਦ ਦੀ ਅਫਵਾਹ ਫੈਲਾ ਰਹੇ ਹਨ। ਅਜੇ ਤੱਕ ਕਿਸੇ ਵੀ ਜਨਰਲ ਕੈਟਾਗਿਰੀ ਨੇ ਇਸ ਦੀ ਜ਼ਿੰਮੇਦਾਰੀ ਨਹੀਂ ਲਈ। ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਕਿਸੇ ਸਾਜ਼ਿਸ਼ ਤਹਿਤ ਹੀ ਭਾਰਤ ਬੰਦ ਦੀ ਅਫਵਾਹ ਫੈਲਾਈ ਜਾ ਰਹੀ ਹੈ ਤੇ ਅਸਮਾਜਿਕ ਤੱਤ ਆਪਣੇ ਮਕਸਦ 'ਚ ਕਿਤੇ ਕਾਮਯਾਬ ਨਾ ਹੋ ਜਾਣ। ਇਸ ਸਬੰਧੀ ਐੱਸ. ਐੱਸ. ਪੀ. ਨਵੀਨ ਸਿੰਗਲਾ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਸਿਰਫ ਭਾਰਤ ਬੰਦ ਨੂੰ ਲੈ ਕੇ ਹਾਈ ਅਲਰਟ ਹੈ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰੀ ਦੀ ਹੈ ਤਾਂ ਪੁਲਸ ਇਸ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਰਹੇਗੀ।