ਪੰਜਾਬ ਕਿਸਾਨ ਸਭਾ ਨੇ ਫੂਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ

07/08/2017 1:47:14 AM

ਮਾਹਿਲਪੁਰ, (ਜਸਵੀਰ)- ਪੰਜਾਬ ਕਿਸਾਨ ਸਭਾ ਵੱਲੋਂ ਪੁਲਸ ਥਾਣਾ ਮਾਹਿਲਪੁਰ ਅੱਗੇ ਆਲ ਇੰਡੀਆ ਕਿਸਾਨ ਸਭਾ ਦੀ ਸੂਬਾ ਇਕਾਈ 'ਭੂਮੀ ਅਧਿਕਾਰ ਅੰਦੋਲਨ' ਦੇ ਸੱਦੇ 'ਤੇ ਫਿਰਕਾਪ੍ਰਸਤੀ ਖਿਲਾਫ਼ ਦਰਸ਼ਨ ਸਿੰਘ ਮੱਟੂ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਸਮੇਤ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਦਰਸ਼ਨ ਸਿੰਘ ਮੱਟੂ, ਮਹਿੰਦਰ ਕੁਮਾਰ ਬੱਢੋਆਣ ਅਤੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਗਊ ਰੱਖਿਆ ਦੇ ਮੁੱਦੇ ਨੂੰ ਉਭਾਰ ਕੇ ਦੇਸ਼ ਅੰਦਰ ਫਿਰਕੂ ਮਾਹੌਲ ਪੈਦਾ ਕਰ ਕੇ ਲੋਕਾਂ ਦੀ ਏਕਤਾ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਰੇ ਕਿਸਾਨਾਂ ਸਮੇਤ ਆੜ੍ਹਤੀਆਂ, ਮਜ਼ਦੂਰਾਂ ਦੇ ਕਰਜ਼ੇ ਮੁਆਫ ਕੀਤੇ ਜਾਣ ਅਤੇ ਟਰੱਕ ਯੂਨੀਅਨਾਂ ਦੁਬਾਰਾ ਬਣਾਈਆਂ ਜਾਣ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ। ਇਸ ਮੌਕੇ ਤਰਸੇਮ ਸਿੰਘ ਜੱਸੋਵਾਲ, ਦਿਲਬਾਗ ਸਿੰਘ, ਚਮਨ ਲਾਲ, ਸ਼ੇਰ ਜੰਗ, ਦੀਦਾਰ ਸਿੰਘ, ਨੰਬਰਦਾਰ ਚੰਨਣ ਸਿੰਘ, ਕਾਬਲ ਸਿੰਘ, ਸੁਖਦੀਪ ਸਿੰਘ, ਰਮੇਸ਼ ਚੰਦਰ ਹਰਪਾਲ ਸਿੰਘ, ਜਸਵੀਰ ਸਿੰਘ, ਸੋਮਨਾਥ ਸਤਨੌਰ, ਬਲਜੀਤ ਸਿੰਘ, ਅਮਰੀਕ ਸਿੰਘ ਸਮੇਤ ਵੱਖ-ਵੱਖ ਪਾਰਟੀ ਵਰਕਰ ਭਾਰੀ ਗਿਣਤੀ 'ਚ ਹਾਜ਼ਰ ਸਨ।