ਮਰ ਚੁੱਕੇ ਮਨ ਨਾਲ ਤਨ ਨੂੰ ਠੁੰਮ੍ਹਣਾ ਦੇਣ ਦੀ 'ਅਨੰਤ ਕਵਾਇਦ'

03/10/2019 1:19:36 PM

ਜਲੰਧਰ (ਜੋਗਿੰਦਰ ਸੰਧੂ) - ਪਾਕਿਸਤਾਨ ਦੀ ਸਰਹੱਦ ਕੰਢੇ ਵੱਸਦੇ ਭਾਰਤੀ ਪਰਿਵਾਰਾਂ ਦੀ ਸਥਿਤੀ ਵਿਚ ਕਈ ਦਹਾਕੇ ਗੁਜ਼ਰਨ ਦੇ ਬਾਅਦ ਵੀ ਕੋਈ ਅਜਿਹਾ ਸੁਖਾਵਾਂ ਮੋੜ ਨਹੀਂ ਆਇਆ, ਜਿਸ ਪਿੱਛੋਂ ਉਹ ਸੁੱਖ ਦਾ ਸਾਹ ਲੈ ਸਕਣ ਅਤੇ ਆਪਣੇ ਪਰਿਵਾਰਾਂ ਸਮੇਤ ਭੈਅ-ਮੁਕਤ ਵਾਤਾਵਰਣ 'ਚ ਜੀਵਨ ਗੁਜ਼ਾਰਨ ਦੇ ਸੁਪਨੇ ਉਲੀਕ ਸਕਣ। ਉਨ੍ਹਾਂ ਦੀ ਜਾਨ ਹਰ ਵੇਲੇ ਸੁੱਕਣੇ ਪਈ ਰਹਿੰਦੀ ਹੈ ਅਤੇ ਉਹ ਮਰ ਚੁੱਕੇ ਮਨ ਨਾਲ ਤਨ ਨੂੰ ਠੁੰਮ੍ਹਣਾ ਦੇਣ ਦੀ ਪ੍ਰਕਿਰਿਆ 'ਚੋਂ ਵਿਚਰਦੇ ਘੜੀ ਦੀਆਂ ਸੂਈਆਂ ਨਾਲ ਲਟਕਣ ਲਈ ਮਜਬੂਰ ਹਨ। ਸਰਹੱਦੀ ਲੋਕਾਂ ਦੀਆਂ ਅੱਖਾਂ ਇਸ ਉਡੀਕ ਵਿਚ ਪੱਕ ਗਈਆਂ ਹਨ ਕਿ ਆਖਰ ਕਦੇ ਤਾਂ ਉਨ੍ਹਾਂ ਨੂੰ ਵੀ ਉਹ ਸੁਖਾਵੇਂ-ਸੁਪਨੇ ਨਸੀਬ ਹੋਣਗੇ, ਜਿਹੜੇ ਉਨ੍ਹਾਂ ਦੀਆਂ ਤਲਖ਼-ਹਕੀਕਤਾਂ ਨੂੰ ਮੋੜ ਦੇਣ ਵਾਲੇ ਸਾਬਤ ਹੋਣਗੇ। ਲੋਕਾਂ ਦੀਆਂ ਆਸਾਂ ਦੇ ਉਲਟ ਅੱਜਕਲ ਤਾਂ ਸਰਹੱਦਾਂ ਕੰਢੇ ਹਾਲਾਤ ਹੋਰ ਜ਼ਿਆਦਾ ਤਲਖ਼ ਹੋ ਰਹੇ ਹਨ, ਜਿਨ੍ਹਾਂ ਵਿਚ ਲੋਕਾਂ ਨੂੰ ਬੰਬਾਂ-ਬੰਦੂਕਾਂ ਦੇ ਖਿਆਲੀ-ਸੁਪਨੇ ਭੈਅ-ਭੀਤ ਕਰਨ ਲੱਗੇ ਹਨ। ਹਰ ਦਿਨ ਅਨਿਸ਼ਚਿਤਤਾ ਵਿਚ ਗੁਜ਼ਰਦਾ ਹੈ ਅਤੇ ਹਰ ਰਾਤ ਚਿੰਤਾਵਾਂ ਭਰੇ ਉਨੀਂਦਰੇ 'ਚ ਪਾਸੇ ਪਰਤਦਿਆਂ ਬੀਤਦੀ ਹੈ। ਡਰ ਅਤੇ ਦਹਿਸ਼ਤ ਦੇ ਬੱਦਲ ਗੂੜ੍ਹੇ ਹੁੰਦੇ ਜਾ ਰਹੇ ਹਨ। ਖ਼ਤਰੇ ਦੇ ਅਹਿਸਾਸ ਨੇ ਲੋਕਾਂ ਦੀ ਡਿੱਕ-ਡੋਲੇ ਖਾਂਦੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਮੁਸ਼ਕਲਾਂ ਵਿਚ ਸੁੱਟ ਦਿੱਤਾ ਹੈ। ਉਨ੍ਹਾਂ ਦੇ ਕੰਮ-ਧੰਦੇ ਪਹਿਲਾਂ ਹੀ ਆਮ ਵਾਂਗ ਨਹੀਂ ਚੱਲਦੇ, ਹੁਣ ਹੋਰ ਪ੍ਰਭਾਵਿਤ ਹੋਣ ਲੱਗੇ ਹਨ। ਰੋਜ਼ੀ-ਰੋਟੀ ਦੇ ਸਾਧਨ ਅਤੇ ਜੀਵਨ ਲਈ ਲੋੜੀਂਦੀਆਂ ਸੁੱਖ-ਸਹੂਲਤਾਂ ਤਾਂ ਸਰਹੱਦੀ ਖੇਤਰਾਂ ਵੱਲ ਮੂੰਹ ਹੀ ਨਹੀਂ ਕਰਦੀਆਂ। ਜੋ ਕੁਝ ਆਪਣੇ ਸੰਘਰਸ਼ ਅਤੇ ਮਿਹਨਤ ਨਾਲ ਪ੍ਰਾਪਤ ਹੁੰਦਾ ਹੈ, ਕਈ ਵਾਰ ਉਹ ਵੀ ਰੇਤ ਵਾਂਗ ਮੁੱਠੀ 'ਚੋਂ ਕਿਰ ਜਾਂਦਾ ਹੈ। 

ਸਰਹੱਦੀ ਖੇਤਰਾਂ 'ਚ ਕੁਦਰਤੀ ਅਤੇ ਗੈਰ-ਕੁਦਰਤੀ ਮਾਰ ਸਹਿਣ ਕਰ ਰਹੇ ਪਰਿਵਾਰਾਂ ਅਤੇ ਅੱਤਵਾਦ ਪੀੜਤਾਂ ਨੂੰ ਰਾਹਤ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ-ਸਮੂਹ ਵਲੋਂ ਪਿਛਲੇ 20 ਸਾਲਾਂ ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਪਿਛਲੇ ਦਿਨੀਂ 499ਵੇਂ ਟਰੱਕ ਦੀ ਰਾਹਤ-ਸਮੱਗਰੀ ਜ਼ਿਲਾ ਪਠਾਨਕੋਟ ਨਾਲ ਸਬੰਧਤ ਪਰਿਵਾਰਾਂ ਦਰਮਿਆਨ ਸਰਹੱਦੀ ਪਿੰਡ ਜੈਦਪੁਰ ਵਿਚ ਵੰਡੀ ਗਈ। ਇਹ ਸਮੱਗਰੀ ਜਗ ਬਾਣੀ ਦੇ ਪ੍ਰਤੀਨਿਧੀ ਅਮਰਿੰਦਰ ਸਿੰਘ ਪੁਰੀ ਦੇ ਯਤਨਾਂ ਸਦਕਾ ਨਾਭਾ ਦੇ ਸ਼ਹਿਰੀਆਂ ਵੱਲੋਂ ਭਿਜਵਾਈ ਗਈ ਸੀ। ਜੈਦਪੁਰ 'ਚ ਵੱਖ-ਵੱਖ ਪਿੰਡਾਂ ਤੋਂ ਜੁੜੇ 300 ਦੇ ਕਰੀਬ ਪਰਿਵਾਰਾਂ ਨੂੰ ਰਜਾਈਆਂ ਵੰਡੀਆਂ ਗਈਆਂ। ਸਮੱਗਰੀ ਲੈਣ ਲਈ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਪਠਾਨਕੋਟ ਦੇ ਐੱਸ. ਐੱਸ. ਪੀ. ਸ਼੍ਰੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਨੇ ਹਮੇਸ਼ਾ ਦੇਸ਼ ਦੀ ਏਕਤਾ ਅਤੇ ਅਖੰਡਤਾ 'ਤੇ ਪਹਿਰਾ ਦਿੱਤਾ ਅਤੇ ਇਸ ਦੌਰਾਨ ਪੂਜਨੀਕ ਲਾਲਾ ਜਗਤ ਨਾਰਾਇਣ ਜੀ ਅਤੇ ਉਨ੍ਹਾਂ ਦੇ ਬੇਟੇ ਸ਼੍ਰੀ ਰੋਮੇਸ਼ ਚੰਦਰ ਜੀ ਨੂੰ ਆਪਣਾ ਬਲੀਦਾਨ ਵੀ ਦੇਣਾ ਪਿਆ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਅੱਗੇ ਵਧ ਕੇ ਪਰਿਵਾਰ ਨੇ ਅੱਤਵਾਦ ਪੀੜਤਾਂ ਦੀ ਬਾਂਹ ਫੜੀ ਅਤੇ ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਆਰਥਕ ਮਦਦ ਮੁਹੱਈਆ ਕਰਵਾਈ।

ਐੱਸ. ਐੱਸ. ਪੀ. ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਸੈਂਕੜੇ ਟਰੱਕ ਰਾਹਤ ਸਮੱਗਰੀ ਭਿਜਵਾ ਕੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਸਮਾਜ ਸੇਵਾ ਦੇ ਖੇਤਰ ਵਿਚ ਇਕ ਇਤਿਹਾਸ ਸਿਰਜਿਆ ਹੈ। ਪੰਜਾਬ ਕੇਸਰੀ ਦੀ ਰਾਹਤ ਟੀਮ ਅਜੇ ਵੀ ਲੋੜਵੰਦਾਂ ਦੀ ਮਦਦ ਲਈ ਕਾਰਜਸ਼ੀਲ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਇਸ ਰਾਹਤ-ਮੁਹਿੰਮ ਦੌਰਾਨ ਮੈਨੂੰ ਜਦੋਂ ਵੀ ਬੁਲਾਇਆ ਜਾਵੇਗਾ, ਮੈਂ ਹਰ ਹਾਲਤ 'ਚ ਪੁੱਜਾਂਗਾ। ਉਨ੍ਹਾਂ ਕਿਹਾ ਕਿ ਜੈਦਪੁਰ, ਖੋਦਾਈਪੁਰ  ਖੇਤਰ ਦੇ ਲੋਕ ਖੁਸ਼ਨਸੀਬ ਹਨ ਕਿ ਉਨ੍ਹਾਂ ਲਈ ਰਾਹਤ ਸਮੱਗਰੀ ਭਿਜਵਾਈ  ਗਈ ਹੈ। ਇਸ ਦਾ ਕਾਰਨ ਹੈ ਕਿ ਸ਼੍ਰੀ ਵਿਜੇ ਜੀ ਇਨ੍ਹਾਂ ਲੋਕਾਂ ਨੂੰ ਪਿਆਰ ਕਰਦੇ ਹਨ। ਬਲਾਕ ਸੰਮਤੀ ਮੈਂਬਰ ਸ. ਹਰਜੀਤ ਸਿੰਘ ਨੇ ਇਸ ਮੌਕੇ ਆਪਣੇ ਸੰਬੋਧਨ 'ਚ ਕਿਹਾ ਕਿ ਇਸ ਇਲਾਕੇ ਵਿਚ ਸਹੂਲਤਾਂ ਦਾ ਨਾਂ-ਨਿਸ਼ਾਨ ਨਹੀਂ ਹੈ। ਸਰਹੱਦੀ ਖੇਤਰ ਹੋਣ ਕਰ ਕੇ ਮੋਬਾਇਲ ਸੇਵਾ ਠੱਪ ਰਹਿੰਦੀ ਹੈ। ਬੱਸ-ਸੇਵਾ ਵੀ ਨਾਂ-ਮਾਤਰ ਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕ ਬਿਨਾਂ ਤਨਖਾਹ ਤੋਂ ਸਰਹੱਦਾਂ ਦੀ ਪਹਿਰੇਦਾਰੀ ਕਰ ਰਹੇ ਹਨ ਪਰ ਉਨ੍ਹਾਂ ਦੀ ਹਾਲਤ ਗੁਲਾਮਾਂ ਵਰਗੀ ਹੈ। ਆਪਣੀ ਮਰਜ਼ੀ ਅਤੇ ਸਹੂਲਤ ਅਨੁਸਾਰ ਉਹ ਆਪਣੇ ਖੇਤਾਂ 'ਚ ਕੰਮ ਕਰਨ ਵੀ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਤਾਰ-ਵਾੜ ਦੇ ਅੰਦਰ ਹਨ, ਉਨ੍ਹਾਂ ਨੂੰ ਨਿੱਤ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੂੰ ਅਜਿਹੇ ਕਿਸਾਨਾਂ ਦੇ ਕਰਜ਼ੇ ਬਿਨਾਂ ਕਿਸੇ ਸ਼ਰਤ  ਦੇ ਮੁਆਫ ਕਰਨੇ ਚਾਹੀਦੇ ਹਨ ਅਤੇ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।

ਨਜ਼ਰਅੰਦਾਜ਼ ਹਨ ਸਰਹੱਦੀ ਲੋਕ : ਅਸ਼ਵਨੀ ਸ਼ਰਮਾ
ਬ੍ਰਾਹਮਣ ਸਭਾ ਪਠਾਨਕੋਟ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕ ਪੂਰੀ ਤਰ੍ਹਾਂ ਨਜ਼ਰਅੰਦਾਜ਼ ਹਨ। ਸਰਕਾਰ ਨੇ ਇਨ੍ਹਾਂ ਦਾ ਦੁੱਖ-ਦਰਦ ਤਾਂ ਕੀ ਵੰਡਾਉਣਾ ਹੈ, ਉਸ ਨੂੰ ਸੁਣਨ ਲਈ ਵੀ ਇਥੇ ਕੋਈ ਨਹੀਂ ਪਹੁੰਚਦਾ। ਇਕ ਪਾਸੇ ਸਹੂਲਤਾਂ ਦੀ ਘਾਟ, ਹੜ੍ਹਾਂ ਦਾ ਡਰ, ਬੇਰੋਜ਼ਗਾਰੀ ਅਤੇ ਮੁਸ਼ਕਲ ਹਾਲਾਤ, ਦੂਜੇ ਪਾਸੇ ਪਾਕਿਸਤਾਨ ਦਾ ਖੌਫ਼ ਅਤੇ ਸਰਹੱਦੀ ਖੇਤਰ ਦੀਆਂ ਪਾਬੰਦੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੇ ਮਸਲੇ ਸਰਕਾਰ ਦੇ ਧਿਆਨ 'ਚ ਜ਼ੋਰ-ਸ਼ੋਰ ਨਾਲ ਉਠਾਏ ਜਾਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦਾ ਕੋਈ ਹੱਲ ਹੋ  ਸਕੇ। ਸ਼੍ਰੀ ਸ਼ਰਮਾ ਨੇ ਕਿਹਾ ਕਿ ਸਰਹੱਦੀ ਪੱਟੀ ਦੇ ਪਿੰਡਾਂ ਨੂੰ ਵਿਸ਼ੇਸ਼ ਅਤੇ ਤਰਜੀਹੀ ਦਰਜਾ ਪ੍ਰਾਪਤ ਹੋਣਾ ਚਾਹੀਦਾ ਹੈ।
ਪਿੰਡ ਮੁੱਠੀ ਦੇ ਸਰਪੰਚ ਸ਼੍ਰੀ ਵਿੱਕੀ ਠਾਕੁਰ ਨੇ ਕਿਹਾ ਕਿ ਸਰਹੱਦਾਂ 'ਤੇ ਮੰਡਰਾਉਂਦੇ ਖਤਰੇ ਕਾਰਨ ਇਥੋਂ ਦੇ ਲੋਕਾਂ ਦੀ ਜਾਨ ਹਮੇਸ਼ਾ ਮੁੱਠੀ 'ਚ ਆਈ ਰਹਿੰਦੀ ਹੈ। ਕਿਸਾਨਾਂ ਦੀਆਂ ਫਸਲਾਂ ਕਈ ਵਾਰ ਹੜ੍ਹਾਂ ਕਾਰਨ ਰੁੜ੍ਹ ਜਾਂਦੀਆਂ ਹਨ ਅਤੇ ਦੂਜਾ ਜੰਗਲੀ ਜਾਨਵਰ ਵੀ ਖੇਤਾਂ 'ਚ ਭਾਰੀ ਤਬਾਹੀ ਮਚਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਫਸਲਾਂ ਦੀ ਬਰਬਾਦੀ ਦਾ ਪੂਰਾ ਮੁਆਵਜ਼ਾ ਵੀ ਨਹੀਂ ਦਿੱਤਾ ਜਾਂਦਾ।ਇਸ ਮੌਕੇ ਲੁਧਿਆਣਾ ਦੇ ਹਰਦਿਆਲ ਸਿੰਘ ਅਮਨ ਨੇ ਜਿਥੇ ਰਾਹਤ ਸਮੱਗਰੀ ਲੈਣ ਆਏ ਪਰਿਵਾਰਾਂ ਨੂੰ ਮਠਿਆਈ ਵੰਡੀ, ਉਥੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪਠਾਨਕੋਟ ਦੇ ਐੱਸ. ਪੀ. ਆਪ੍ਰੇਸ਼ਨ ਸ਼੍ਰੀ ਹੇਮ ਪੁਸ਼ਪ ਸ਼ਰਮਾ, ਜਨਹਿਤ ਵੈੱਲਫੇਅਰ ਸੋਸਾਇਟੀ ਪੰਜਾਬ ਦੀ ਚੇਅਰਪਰਸਨ ਸ਼੍ਰੀਮਤੀ ਡੌਲੀ ਹਾਂਡਾ, ਇੰਜੀਨੀਅਰ ਰਾਜੇਸ਼ ਭਗਤ ਨੇ ਵੀ ਸੰਬੋਧਨ ਕੀਤਾ ਅਤੇ ਲੋੜਵੰਦਾਂ ਦੀ ਮਦਦ ਦਾ ਭਰੋਸਾ ਦਿਵਾਇਆ। ਇਸ ਮੌਕੇ ਖੁਦਾਈਪੁਰ ਦੇ ਸਰਪੰਚ ਸੁਰਜੀਤ ਸਿੰਘ, ਕੋਟ ਭੱਟੀਆ ਦੇ ਸਰਪੰਚ ਕਮਲ ਸਿੰਘ, ਸਮਾਜ ਸੇਵੀ ਬਾਬਾ ਮਹਿੰਦਰ ਸਿੰਘ, ਪਿੰਡ ਭੜੋਲੀ ਦੇ ਸਰਪੰਚ ਰਵਿੰਦਰ ਸ਼ਰਮਾ ਆਦਿ ਮੌਜੂਦ ਸਨ।

(sandhu.jss002@gmail.com)

9417402327

rajwinder kaur

This news is Content Editor rajwinder kaur