ਤੇਜ਼ ਹਵਾਵਾਂ ਚੱਲਣ ਮਗਰੋਂ ਪੰਜਾਬ ਦਾ ਮੌਸਮ ਲਵੇਗਾ ਕਰਵਟ, ਜਾਣੋ ਆਉਣ ਵਾਲੇ ਦਿਨਾਂ ਦੀ ਤਾਜ਼ਾ ਅਪਡੇਟ

05/18/2023 5:42:59 PM

ਜਲੰਧਰ (ਜ. ਬ.)–ਦਿਨ-ਪ੍ਰਤੀਦਿਨ ਤਿੱਖੀ ਹੋ ਰਹੀ ਧੁੱਪ ਹੁਣ ਝੁਲਸਾਉਣ ਲੱਗ ਗਈ ਹੈ। ਸਕਿਨ ’ਤੇ ਸਿੱਧੀ ਧੁੱਪ ਪੈਣ ਨਾਲ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਾਸੀਆਂ ਨੂੰ ਬੀਮਾਰ ਕਰ ਸਕਦੀ ਹੈ। ਗਰਮੀ ਦਾ ਕਹਿਰ ਵਧਣ ਨਾਲ ਜਿੱਥੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ’ਤੇ ਪਹੁੰਚਿਆ ਹੋਇਆ ਹੈ, ਉਥੇ ਹੀ ਰਾਤਾਂ ਗਰਮ ਹੋਣ ਨਾਲ ਘੱਟੋ-ਘੱਟ ਤਾਪਮਾਨ 22.7 ਡਿਗਰੀ ’ਤੇ ਪਹੁੰਚ ਚੁੱਕਾ ਹੈ। ਮੌਸਮ ਵਿਭਾਗ ਦੇ ਚਾਰਟ ਅਨੁਸਾਰ ਅੱਜ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਬੇਸ਼ਕ ਮੌਸਮ ਕਰਵਟ ਲਵੇਗਾ ਪਰ ਗਰਮੀ ਤੋਂ ਅਜੇ ਕੋਈ ਰਾਹਤ ਨਹੀਂ ਮਿਲਣ ਵਾਲੀ।

ਉਥੇ ਹੀ ਜਲੰਧਰ ਸਿਟੀ ਦਾ ਏਅਰ ਕੁਆਲਿਟੀ ਇੰਡੈਕਸ 48 ਘੰਟਿਆਂ ਵਿਚ ਬੁਰੀ ਤਰ੍ਹਾਂ ਵਿਗੜ ਚੁੱਕਾ ਹੈ। 307 ’ਤੇ ਪਹੁੰਚਣ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਏ. ਆਈ. ਕਿਊ. ਨੋਟ ਕੀਤਾ ਗਿਆ। ਏ. ਆਈ. ਕਿਊ. 300 ਪਾਰ ਹੋਣ ਦਾ ਮਤਲਬ ਲੋਕਾਂ ਦੀ ਸਿਹਤ ’ਤੇ ਬੁਰਾ ਅਸਰ ਪੈ ਸਕਦਾ ਹੈ। ਕਿਸਾਨ ਨਾੜ ਨੂੰ ਅੱਗ ਲਗਾਉਣ ਤੋਂ ਬਾਜ਼ ਨਹੀਂ ਆ ਰਹੇ, ਜਿਸ ਕਾਰਨ ਸ਼ਹਿਰ ਦੀ ਆਬੋ-ਹਵਾ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ।

ਇਹ ਵੀ ਪੜ੍ਹੋ - ਜਲੰਧਰ ਪੁੱਜੇ CM ਮਾਨ ਬੋਲੇ, ਬਿਨ੍ਹਾਂ ਸਿਫ਼ਾਰਿਸ਼ ਨੌਜਵਾਨਾਂ ਨੂੰ ਦੇਵਾਂਗੇ ਨੌਕਰੀਆਂ, ਹਰ ਵਿਭਾਗ ਨੂੰ ਕਰਾਂਗੇ ਪਾਰਦਰਸ਼ੀ

ਸ਼ਹਿਰ ਵਾਸੀ ਕਰਨ ਲੱਗੇ ਪਹਾੜਾਂ ਵੱਲ ਰੁਖ਼
ਪੰਜਾਬ ਵਿਚ ਪੈ ਰਹੀ ਭਿਆਨਕ ਗਰਮੀ ਤੋਂ ਰਾਹਤ ਪਾਉਣ ਲਈ ਸ਼ਹਿਰ ਵਾਸੀ ਪਹਾੜਾਂ ਵੱਲ ਰੁਖ਼ ਕਰਨ ਲੱਗ ਗਏ ਹਨ ਕਿਉਂਕਿ ਹਿਮਾਲਿਆ ਦੀਆਂ ਪਹਾੜੀਆਂ ਵਿਚ ਖੂਬ ਬਰਫਬਾਰੀ ਹੋ ਰਹੀ ਹੈ ਅਤੇ ਮੀਂਹ ਵੀ ਪੈ ਰਿਹਾ ਹੈ। ਮੌਸਮ ਵਧੀਆ ਹੋਣ ਕਾਰਨ ਆਪਣਾ ਵੀਕੈਂਡ ਪਹਾੜਾਂ ਵਿਚ ਹੀ ਮਨਾ ਰਹੇ ਹਨ। ਮੌਸਮ ਵਿਭਾਗ ਅਨੁਸਾਰ ਪੂਰਾ ਮਈ ਮਹੀਨਾ ਬੁਰੀ ਤਰ੍ਹਾਂ ਝੁਲਸੇਗਾ ਅਤੇ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚ ਜਾਵੇਗਾ। ਉਥੇ ਹੀ, ਡਾਕਟਰਾਂ ਨੇ ਲੂ ਤੋਂ ਬਚਣ ਲਈ ਲੋਕਾਂ ਨੂੰ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਹੈ।

ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ’ਚ ਖ਼ੁਸ਼ਕ ਰਹੇਗਾ ਮੌਸਮ
ਪਿਛਲੇ ਦਿਨੀਂ ਹੋਈ ਬੱਦਲਵਾਈ ਕਾਰਨ ਪੰਜਾਬ ’ਚ ਪਾਰਾ ਕੁਝ ਹੇਠਾਂ ਡਿੱਗਾ ਸੀ ਪਰ ਹੁਣ ਮੁੜ ਪਾਰਾ ਵਧਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਕ ਮਨਮੋਹਨ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਆਉਣ ਵਾਲੇ ਦਿਨਾਂ ’ਚ ਪੰਜਾਬ ਅੰਦਰ ਮੌਸਮ ਖੁਸ਼ਕ ਰਹੇਗਾ। ਹਾਲਾਂਕਿ ਅਗਲੇ 3 ਦਿਨ ਤਾਪਮਾਨ ’ਚ ਬਹੁਤ ਜ਼ਿਆਦਾ ਵਾਧਾ ਨਹੀਂ ਹੋਵੇਗਾ ਪਰ ਇਸ ਤੋਂ ਬਾਅਦ ਤਾਪਮਾਨ ’ਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। ਮੰਗਲਵਾਰ ਦੇ ਮੁਕਾਬਲੇ ਬੁੱਧਵਾਰ ਤਾਪਮਾਨ ’ਚ 0.7 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਜੋ ਔਸਤਨ ਤੋਂ 2.1 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਸਮਰਾਲਾ (ਲੁਧਿਆਣਾ) ਦਾ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੀ ਰਿਹਾ।

ਇਹ ਵੀ ਪੜ੍ਹੋ - ਡਰੋਨ ਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਲਈ ਪੰਜਾਬ ਪੁਲਸ ਦਾ ਵੱਡਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri