ਰਣਜੀਤ ਸਾਗਰ ਡੈਮ ਦਾ ਫਲਡ ਗੇਟ ਖੋਲ੍ਹਿਆ, ਪੌਂਗ ਡੈਮ 'ਚੋਂ ਅੱਜ ਛੱਡਿਆ ਜਾਵੇਗਾ ਪਾਣੀ

09/25/2018 11:01:07 AM

ਹੁਸ਼ਿਆਰਪੁਰ/ਚੰਡੀਗੜ੍ਹ/ਤਲਵਾੜਾ (ਅਸ਼ਵਨੀ, ਜੈਨ, ਅਨੁਰਾਧਾ)— ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦਿਆਂ ਭਾਖੜਾ ਅਤੇ ਪੌਂਗ ਡੈਮ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਦੇ ਕੋਲ ਪਹੁੰਚ ਚੁੱਕਿਆ ਹੈ। ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਪੌਂਗ ਡੈਮ ਤਲਵਾੜਾ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਸੰਭਾਵਿਤ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। 

ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ. ਐੱਮ. ਬੀ) ਵੱਲੋਂ 25 ਸਤੰਬਰ ਨੂੰ 3 ਵਜੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਨੇ ਨਦੀ ਅਤੇ ਨਾਲਿਆਂ 'ਚ ਨਾ ਜਾਣ ਦੀ ਹਿਦਾਇਤ ਦਿੱਤੀ ਹੈ। ਉਥੇ ਹੀ ਚੀਫ ਇੰਜੀਨੀਅਰ ਬੀ. ਬੀ. ਐੱਮ. ਬੀ. ਸੁਰੇਸ਼ ਮਾਥੁਰ ਨੇ ਕਿਹਾ ਕਿ ਡੈਮ ਤੋਂ 49 ਹਜ਼ਾਰ ਕਿਊਸਿਕ ਤੱਕ ਹੌਲੀ-ਹੌਲੀ ਪਾਣੀ ਛੱਡਿਆ ਜਾ ਰਿਹਾ ਹੈ ਤਾਂਕਿ ਹੜ੍ਹ ਦੀ ਸਥਿਤੀ ਨਾ ਬਣੇ। ਉਧਰ ਚੰਡੀਗੜ੍ਹ 'ਚ ਬੈਠਕ ਦੌਰਾਨ ਬੀ. ਬੀ. ਐੱਮ. ਬੀ. ਦੇ ਪ੍ਰਮੁੱਖ ਡੀ. ਕੇ. ਸ਼ਰਮਾ ਨੇ ਦੱਸਿਆ ਕਿ ਭਾਖੜਾ ਦੀ ਸਥਿਤੀ ਇਸ ਸਮੇਂ ਕਾਬੂ 'ਚ ਹੈ ਅਤੇ ਉਹ ਪੌਂਗ ਡੈਮ ਦੇ ਪਾਣੀ ਦੇ ਪੱਧਰ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ। ਸੋਮਵਾਰ ਨੂੰ ਲਗਾਤਾਰ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਪਠਾਨਕੋਟ 'ਚ ਰਣਜੀਤ ਸਾਗਰ ਡੈਮ ਦਾ ਇਕ ਫਲਡ ਗੇਟ ਖੋਲ੍ਹ ਦਿੱਤਾ ਗਿਆ ਹੈ। ਉਥੇ ਹੀ ਸੁਖਣਾ ਦਾ ਲੈਵਲ 1163 ਫੁੱਟ 'ਤੇ ਪਹੁੰਚ ਗਿਆ। ਸੋਮਵਾਰ ਸਵੇਰੇ 8 ਵਜੇ ਹੀ ਯੂ. ਟੀ. ਪ੍ਰਸ਼ਾਸਨ ਨੇ ਰੈਡ ਅਲਰਟ ਐਲਾਨ ਕਰ ਦਿੱਤਾ ਸੀ। ਦੁਪਹਿਰ 12.48 ਵਜੇ ਪ੍ਰਸ਼ਾਸਨ ਨੇ ਸੁਖਣਾ ਦੇ ਤਿੰਨ 'ਚੋਂ ਦੋ ਗੇਟ ਖੋਲ੍ਹ ਦਿੱਤੇ।