ਪੰਜਾਬ 'ਚ ਅਲਰਟ, ਬਾਰਿਸ਼ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

09/24/2018 6:52:20 PM

ਸ਼ਾਹਕੋਟ/ਜਲੰਧਰ (ਅਰੁਣ)— ਪੰਜਾਬ 'ਚ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਹੜ੍ਹਾਂ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਅਲਰਟ ਜਾਰੀ ਕੀਤਾ ਗਿਆ ਹੈ। ਬਾਰਿਸ਼ ਦੇ ਕਹਿਰ ਕਾਰਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ, ਉਥੇ ਹੀ ਕਈ ਲੋਕਾਂ ਦੀ ਹੁਣ ਤੱਕ ਪੰਜਾਬ 'ਚ ਮੌਤ ਵੀ ਹੋ ਚੁੱਕੀ ਹੈ। ਪੰਜਾਬ 'ਚ ਹੜ੍ਹ ਦੇ ਖਤਰੇ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰਾਂ 'ਚੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਸਕੂਲਾਂ ਨੂੰ 25 ਸਤੰਬਰ ਤੱਕ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਭਾਰੀ ਬਾਰਿਸ਼ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
1. ਪਰਿਵਾਰ ਸਮੇਤ ਦੂਰ ਘੁੰਮਣ ਦਾ ਪ੍ਰੋਗਰਾਮ ਨਾ ਬਣਾਓ।
2. ਸੜਕ 'ਤੇ ਖੜ੍ਹੇ ਪਾਣੀ ਦੇ ਉਪਰੋਂ ਗੱਡੀ ਨਾ ਕੱਢੋ।
3. ਕੱਚੇ ਥਾਂ 'ਤੇ ਭਾਰੀ ਵਾਹਨ ਖੜ੍ਹਾ ਨਾ ਕਰੋ।
4. ਪਾਣੀ ਉਬਾਲ ਕੇ ਪੀਓ।
5. ਘਰ 'ਚ ਕੱਚੀ ਥਾਂ 'ਤੇ ਖਾਸ ਧਿਆਨ ਰੱਖੋ ਕਿਉਂਕਿ ਬਾਰਿਸ਼ 'ਚ ਅਕਸਰ ਸੱਪ ਅਤੇ ਹੋਰ ਜ਼ਹਿਰੀਲੇ ਜੀਵ-ਜੰਤੂ ਬਾਹਰ ਆ ਜਾਂਦੇ ਹਨ ਕਈਂ ਵਾਰ ਬੱਚਿਆਂ ਦਾ ਇਸ ਨਾਲ ਜਾਨੀ ਨੁਕਸਾਨ ਵੀ ਹੁੰਦਾ ਹੈ, ਜਿਸ ਤੋਂ ਬਚਾਅ ਰੱਖਣਾ ਚਾਹੀਦਾ ਹੈ।
6. ਸੜਕਾਂ 'ਤੇ ਲੱਗੇ ਬਿਜਲੀ ਦੇ ਖੰਭਿਆਂ ਨੂੰ ਨਾ ਛੂਹੋ।
7. ਨੰਗੇ ਪੈਰ ਬਿਜਲੀ ਦਾ ਕੋਈ ਵੀ ਬਟਨ ਨਾ ਚਲਾਓ।
8. ਸ਼ਰੀਰ ਢੱਕ ਕੇ ਬਾਹਰ ਨਿਕਲੋ, ਜਿਸ ਨਾਲ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
9. ਝੁੱਗੀ ਝੌਂਪੜੀ 'ਚ ਬਾਰਿਸ਼ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਪੂਰੀ ਮਦਦ ਕਰੋ।
10. ਮੀਂਹ 'ਚ ਭਿੱਜ ਰਹੇ ਲੋਕਾਂ ਦੀ ਮਦਦ ਜ਼ਰੂਰ ਕਰੋ।