ਵਿਦੇਸ਼ੀ ਕੰਪਨੀਆਂ ਵਲੋਂ ਨਿਵੇਸ਼ ਕਰਨ ਲਈ ਪੰਜਾਬ ਬਣਿਆ ਪਸੰਦੀਦਾ ਥਾਂ

10/24/2021 10:25:19 PM

ਚੰਡੀਗੜ੍ਹ(ਅਸ਼ਵਨੀ)- ਮਜਬੂਤ ਵਾਤਾਵਰਣ ਪ੍ਰਣਾਲੀ, ਕਾਰੋਬਾਰ ਅਨੁਕੂਲ ਨੀਤੀਆਂ ਅਤੇ ਉਤਪਾਦਨ ਦੇ ਉੱਤਮ ਮਾਹੌਲ ਕਾਰਣ, ਪੰਜਾਬ ਪਿਛਲੇ ਕੁਝ ਸਾਲਾਂ ’ਚ ਵਿਸ਼ਵ ਪੱਧਰ ਦੀਆਂ ਕੰਪਨੀਆਂ ਲਈ ਨਿਵੇਸ਼ ਦਾ ਇਕ ਪਸੰਦੀਦਾ ਸਥਾਨ ਬਣ ਗਿਆ ਹੈ।

ਪਿਛਲੇ 4.5 ਸਾਲਾਂ ’ਚ ਵਿਸ਼ਵ ਭਰ ਦੇ ਨਿਵੇਸ਼ਕਾਂ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਨਿਵੇਸ਼ਕਾਂ ਨੇ ਪੰਜਾਬ ’ਚ ਆਪਣਾ ਭਰੋਸਾ ਜਤਾਇਆ ਹੈ, ਜਿਸਦੇ ਸਿੱਟੇ ਵਜੋਂ ਪੰਜਾਬ ’ਚ 99000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।

ਇਨ੍ਹ੍ਹਾਂ ਖੇਤਰਾਂ ’ਚ ਸਾਈਕਲ, ਐਗਰੀ ਅਤੇ ਫੂਡ ਪ੍ਰੋਸੈਸਿੰਗ, ਲੌਜਿਸਟਿਕਸ, ਫਾਰਮਾਸਿਊਟੀਕਲ, ਕੈਮੀਕਲ, ਟੈਕਸਟਾਈਲ, ਅਲਾਏ ਅਤੇ ਸਟੀਲ ਸੈਕਟਰ, ਇੰਜੀਨੀਅਰਿੰਗ, ਆਟੋ ਕੰਪੋਨੈਂਟਸ, ਊਰਜਾ ਦੇ ਨਵੇਂ ਅਤੇ ਨਵਿਆਉਣਯੋਗ ਸਰੋਤ, ਆਈਟੀ ਸੇਵਾਵਾਂ, ਸਿੱਖਿਆ, ਰੀਅਲ ਅਸਟੇਟ ਅਤੇ ਬੁਨਿਆਦੀ ਢਾਂਚਾ ਸ਼ਾਮਲ ਹਨ।

ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਦੱਸਿਆ ਕਿ ਸੂਬੇ ’ਚ ਇਹ ਨਿਵੇਸ਼ ਅਮਰੀਕਾ, ਯੂ.ਕੇ., ਯੂ.ਏ.ਈ., ਡੈਨਮਾਰਕ, ਜਰਮਨੀ, ਫਰਾਂਸ, ਸਪੇਨ, ਇਟਲੀ, ਜਾਪਾਨ, ਦੱਖਣੀ ਕੋਰੀਆ, ਨਿਊਜੀਲੈਂਡ ਅਤੇ ਸਿੰਗਾਪੁਰ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਕੰਪਨੀਆਂ ਵਲੋਂ ਕੀਤਾ ਜਾ ਰਿਹਾ, ਜਿਸ ਤਹਿਤ ਪੰਜਾਬ ਸਫ਼ਲਤਾ ਦੀ ਲਾਸਾਨੀ ਤੇ ਨਵੀਂ ਪਿਰਤ ਪਾਉਣ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ’ਚ ਇੰਨੇਂ ਵੱਡੇ ਪੱਧਰ ’ਤੇ ਨਾ ਸਿਰਫ਼ ਕੌਮਾਂਤਰੀ ਕੰਪਨੀਆਂ ਸੂਬੇ ’ਚ ਨਿਵੇਸ਼ ਕਰ ਰਹੀਆਂ ਹਨ, ਬਲਕਿ ਮੌਜੂਦਾ ਕੰਪਨੀਆਂ ਨੇ ਵੀ ਸੂਬੇ ’ਚ ਆਪਣੀ ਮੌਜੂਦਗੀ ਅਤੇ ਕੰਮਕਾਜ ਦਾ ਵਿਸਥਾਰ ਕਰਕੇ ਆਪਣੀ ਤਸੱਲੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਹੈ। ਗੁਰਕੀਰਤ ਸਿੰਘ ਨੇ ਕਿਹਾ ਕਿ ਕੋਵਿਡ-19 ਸੰਕਟ ਦੌਰਾਨ ਵੀ ਪੰਜਾਬ ਦੀ ਸਫ਼ਲਤਾ ਦੀ ਕਹਾਣੀ ’ਚ ਨਿਵੇਸ਼ਕਾਂ ਦਾ ਭਰੋਸਾ, ਸੂਬੇ ਦੇ ਮਜ਼ਬੂਤ ਬੁਨਿਆਦੀ ਢਾਂਚੇ ਅਤੇ ਨੀਤੀਗਤ ਢਾਂਚੇ ਦਾ ਪ੍ਰਮਾਣ ਹੈ।

ਐੱਸ.ਐੱਮ.ਐੱਲ. ਇਸੂਜੋ ਲਿਮਟਡ ਦੇ ਡਾਇਰੈਕਟਰ ਈਚੀ ਸੇਟੋ ਨੇ ਕਿਹਾ ਕਿ ਸਾਨੂੰ ਹਮੇਸ਼ਾ ਪੰਜਾਬ ਸਰਕਾਰ ਤੋਂ ਲੋੜੀਂਦਾ ਸਮਰਥਨ ਮਿਲਦਾ ਰਿਹਾ ਹੈ, ਇਸੇ ਲਈ ਪੰਜਾਬ ਰਹਿਣ ਲਈ ਅਤੇ ਕੰਮ ਕਰਨ ਲਈ ਵਧੀਆ ਥਾਂ ਅਖਵਾਉਂਦਾ ਹੈ। ਪੰਜਾਬ ਨੌਜਵਾਨਾਂ ਦਾ ਸੂਬਾ ਹੈ ਅਤੇ ਆਟੋ ਕੰਪਨੀਆਂ ਲਈ ਪੰਜਾਬ ’ਚ ਆਪਣੇ ਯੂਨਿਟ ਸਥਾਪਤ ਕਰਨ ਦਾ ਵਧੀਆ ਮੌਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ’ਚ ਕੰਮ ਕਰਦਿਆਂ ਸਾਨੂੰ ਕਦੇ ਵੀ ਲੇਬਰ ਦੀ ਸਮੱਸਿਆ ਨਹੀਂ ਆਈ ।

ਜ਼ਿਕਰਯੋਗ ਹੈ ਪਿਛਲੇ 4.5 ਸਾਲਾਂ ਦੌਰਾਨ ਸੂਬਾ ਸਰਕਾਰ ਨੇ ਘਰੇਲੂ ਅਤੇ ਕੌਮਾਂਤਰੀ ਦੋਵੇਂ ਕਿਸਮ ਦੇ ਕਾਰੋਬਾਰਾਂ ਦੇ ਵਿਸਥਾਰ ਅਤੇ ਪ੍ਰਗਤੀ ਲਈ ਢੁਕਵੀਂ ਵਾਤਾਵਰਣ ਪ੍ਰਣਾਲੀ ਵਿਕਸਿਤ ਕਰਨ ਲਈ ਨਿਰੰਤਰ ਯਤਨ ਕੀਤੇ ਹਨ। ਇਹ ਵੀ ਬੜਾ ਉਤਸ਼ਾਹਪੂਰਨ ਪੱਖ ਹੈ ਕਿ ਵਿੱਤੀ ਸਾਲ 2020-21 ’ਚ ਵੀ 10 ਵਿਦੇਸ਼ੀ ਕੰਪਨੀਆਂ ਵਲੋਂ ਗਲੋਬਲ ਨਿਵੇਸ਼ ਕੀਤਾ ਗਿਆ ਹੈ।

ਜ਼ਿਆਦਾਤਰ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਦੇ ਹੈੱਡ ਕੁਆਰਟਰ ਉਤਰੀ ਅਮਰੀਕਾ ’ਚ ਹਨ, ਇਨ੍ਹਾਂ ’ਚ ਸਮਾਰਟਰ ਈ-ਲਰਨਿੰਗ ਪ੍ਰਾਈਵੇਟ ਲਿਮਟਿਡ (ਸਾਫਟਵੇਅਰ ਡਿਵੈਲਪਮੈਂਟ), ਪੈਪਸੀਕੋ ਇੰਡੀਆ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ, ਕਾਰਗਿਲ ਇੰਡੀਆ ਪ੍ਰਾਈਵੇਟ ਲਿਮਟਿਡ, ਵਾਲਮਾਰਟ ਇੰਡੀਆ ਪ੍ਰਾਈਵੇਟ ਲਿਮਟਿਡ, ਨੈਟਸਮਾਰਟਜ ਇਨਫੋਟੈਕ ਪ੍ਰਾਈਵੇਟ ਲਿਮਟਿਡ ਅਤੇ ਟੈਲੀਪਰਫਾਰਮੈਂਸ ਇੰਡੀਆ ਸ਼ਾਮਲ ਹਨ। ਯੂਰਪ ਸਥਿਤ ਹੈੱਡਕੁਆਰਟਰਾਂ ਵਾਲੀਆਂ ਕੰਪਨੀਆਂ ’ਚ ਸੀ.ਐੱਨ. ਇਫਕੋ (ਸਪੈਨਿਸ਼ ਫਰਮ ਕੋਨਗੇਲਾਡੋਸ ਡੀ ਨਵਾਰਾ ਨਾਲ ਫੂਡ ਪ੍ਰੋਸੈਸਿੰਗ ’ਚ ਸਾਂਝ), ਵਡੇਰਾ ਅਪਾਰਟਮੈਂਟਸ ਪ੍ਰਾਈਵੇਟ ਲਿਮਟਿਡ (ਯੂ.ਕੇ ਅਧਾਰਿਤ ਗਰੁਪ), ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਸੈਂਟਰਿਐਂਟ ਫਾਰਮਾਸੂਟੀਕਲਜ ਇੰਡੀਆ ਪ੍ਰਾਈਵੇਟ ਲਿਮਟਿਡ (ਮੁੱਖ ਦਫਤਰ ਨੀਦਰਲੈਂਡਜ), ਵਰਬੀਓ ਇੰਡੀਆ ਪ੍ਰਾਈਵੇਟ ਲਿਮਟਿਡ (ਮੁੱਖ ਦਫ਼ਤਰ ਜਰਮਨੀ , ਬਾਇਓਸੀਐੱਨਜੀ ਉਤਪਾਦਨ ਵਾਲੀ ਕੰਪਨੀ), ਹੈਲਾ ਇੰਡੀਆ ਲਾਈਟਿੰਗ ਲਿਮਟਿਡ (ਮੁੱਖ ਦਫ਼ਤਰ ਜਰਮਨੀ, ਆਟੋਮੋਟਿਵ ਲਈ ਲਾਈਟਿੰਗ ਸਲਿਊਸ਼ਨਜ), ਪਹਿਲੀ ਵਾਰ ਏਅਰ ਲਿਕੁਇਡ (ਮੁੱਖ ਦਫ਼ਤਰ ਫਰਾਂਸ; ਮੈਨੂਫੈਕਚਰਿੰਗ ਇੰਡਸਟਰੀਅਲ ਗੈਸਾਂ) ਵਲੋਂ ਨਿਵੇਸ਼, ਗ੍ਰੇਪਲ ਪਰਫੋਰੇਸ਼ਨਸ ਇੰਡੀਆ ਪ੍ਰਾਈਵੇਟ ਲਿਮਟਿਡ (ਜਰਮਨੀ), ਹਾਰਟਮੈਨ ਪੈਕੇਜਿੰਗ ਗਰੁੱਪ (ਮੁੱਖ ਦਫ਼ਤਰ ਡੈਨਮਾਰਕ, ਮੋਲਡਡ ਫਾਈਬਰ ਪੈਕੇਜਿੰਗ) ਅਤੇ ਓਗਨੀਬੇਨ ਗਰੁੱਪ (ਮੁੱਖ ਦਫ਼ਤਰ ਇਟਲੀ; ਮੈਨੂਫੈਕਚਰਿੰਗ ਹਾਈਡ੍ਰੌਲਿਕ ਐਕਚੂਏਟਰ) ਨੇ ਵੀ ਰਾਜ ’ਚ ਨਿਵੇਸ਼ ਕੀਤਾ ਹੈ।

ਇਸ ਸਮੇਂ ਦੌਰਾਨ, ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੀਆਂ ਵਿਦੇਸ਼ੀ ਕੰਪਨੀਆਂ ਵਲੋਂ ਸਾਂਝੇ ਉਦਮਾਂ ਦੇ ਨਾਲ-ਨਾਲ ਪੰਜਾਬ ’ਚ ਸੁਤੰਤਰ ਨਿਵੇਸ਼ ਵੀ ਕੀਤੇ ਹਨ। ਇਨ੍ਹਾਂ ਨਿਵੇਸ਼ਕਾਂ ’ਚ ਥਿੰਕ ਗੈਸ ਪ੍ਰਾਈਵੇਟ ਲਿਮਟਿਡ (ਹੈੱਡਕੁਆਰਟਰ ਸਿੰਗਾਪੁਰ, ਪੈਟਰੋਕੈਮੀਕਲਜ), ਸਮੇਤ ਅਡਾਨੀ ਵਿਲਮਾਰ ਲਿਮਟਿਡ (ਸਿੰਗਾਪੁਰ ਅਧਾਰਿਤ ਵਿਲਮਾਰ ਇੰਟਰਨੈਟ ਲਿਮਟਿਡ ਦੇ ਨਾਲ ਸਾਂਝਾ), ਇੰਟਰਸ਼ਨਲ ਟ੍ਰੈਕਟਰਸ ਲਿਮਟਿਡ ਅਤੇ ਯਾਂਮਾਰ (ਮੁੱਖ ਦਫਤਰ ਜਾਪਾਨ), ਵਰਧਮਾਨ ਸਪੈਸ਼ਲ ਸਟੀਲਜ਼ ਅਤੇ ਏ.ਆਈ.ਸੀ.ਆਈ. ਸਟੀਲ (ਮੁੱਖ ਦਫ਼ਤਰ ਜਾਪਾਨ), ਮੈਰੀਟੇਕ ਸੌਫਟਵੇਅਰ ਪ੍ਰਾਈਵੇਟ ਲਿਮਟਿਡ (ਜਪਾਨ) ਅਤੇ ਸਨਜਿਨ ਇੰਡੀਆ ਫੀਡਸ (ਦੱਖਣੀ ਕੋਰੀਆ), ਬਲਾਲ ਸਟੀਲ ਸ੍ਰੇਡਿੰਗ ਪ੍ਰਾਈਵੇਟ ਲਿਮਟਿਡ (ਨਿਊਜ਼ੀਲੈਂਡ) ਅਤੇ ਆਸਟ੍ਰੇਲੀਆ ਆਧਾਰਿਤ ਫਰਮ ਅਵਾਸੋ ਟੈਕ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ, ਜਿਸ ਨਾਲ ਪੰਜਾਬ ’ਚ ਵਿਸ਼ਵ ਭਰ ਤੋਂ ਨਿਵੇਸ਼ ਹੋ ਰਿਹਾ ਹੈ।

Bharat Thapa

This news is Content Editor Bharat Thapa