‘ਹਾਊਸਿੰਗ ਸਕੀਮ’ ਨੂੰ ਲੈ ਕੇ ਬੋਲੇ ਪੰਜਾਬ ਰਾਜਪਾਲ, ਜਲਦ ਲਿਆ ਜਾਵੇਗਾ ਢੁਕਵਾਂ ਫੈਸਲਾ

12/14/2023 6:52:44 PM

ਚੰਡੀਗੜ੍ਹ (ਰਜਿੰਦਰ) : ਪੰਜਾਬ ਦੇ ਰਾਜਪਾਲ ਤੇ ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਕਿ ਸ਼ਹਿਰ ’ਚ ਜਨਰਲ ਹਾਊਸਿੰਗ ਸਕੀਮ ਦੀ ਫਿਲਹਾਲ ਲੋੜ ਨਹੀਂ ਹੈ ਕਿਉਂਕਿ ਜਨਰਲ ਹਾਊਸਿੰਗ ਲਈ ਸ਼ਹਿਰ ਨੂੰ ਹੋਰ ਜ਼ਿਆਦਾ ਕੰਜਸਟਿਡ ਨਹੀਂ ਕੀਤਾ ਜਾ ਸਕਦਾ। ਇਹੋ ਕਾਰਨ ਹੈ ਕਿ ਸੈਕਟਰ-53 ਹਾਊਸਿੰਗ ਸਕੀਮ ’ਤੇ ਰੋਕ ਲਾਈ ਗਈ ਹੈ। ਇਸ ਸਬੰਧੀ ਜਲਦੀ ਹੀ ਢੁਕਵਾਂ ਫੈਸਲਾ ਲਿਆ ਜਾਵੇਗਾ। ਉਸ ਤੋਂ ਪਹਿਲਾਂ ਇਹ ਦੇਖਣਾ ਹੋਵੇਗਾ ਕਿ ਸ਼ਹਿਰ ’ਚ ਹਾਊਸਿੰਗ ਸਕੀਮ ਦੀ ਲੋੜ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸ਼ਹਿਰ 5 ਲੱਖ ਦੀ ਆਬਾਦੀ ਲਈ ਬਣਾਇਆ ਗਿਆ ਸੀ ਪਰ ਹੁਣ ਆਬਾਦੀ ਵਧ ਕੇ 14 ਲੱਖ ਦੇ ਕਰੀਬ ਹੋ ਗਈ ਹੈ। ਇਸ ’ਚ ਹੋਰ ਵੀ ਵਾਧਾ ਹੋ ਸਕਦਾ ਹੈ। ਯੂ. ਟੀ. ਪ੍ਰਸ਼ਾਸਕ ਬੁੱਧਵਾਰ ਯੂ. ਟੀ. ਸਕੱਤਰੇਤ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਸਖ਼ਤ ਨਹੀਂ ਹਨ, ਉਹ ਜੋ ਵੀ ਫੈਸਲੇ ਲੈ ਰਹੇ ਹਨ, ਉਹ ਸ਼ਹਿਰ ਦੀ ਬਿਹਤਰੀ ਲਈ ਹੀ ਲੈ ਰਹੇ ਹਨ ਕਿਉਂਕਿ ਸ਼ਹਿਰ ਉਨ੍ਹਾਂ ਲਈ ਸਭ ਤੋਂ ਪਹਿਲਾਂ ਆਉਂਦਾ ਹੈ। ਚੰਡੀਗੜ੍ਹ ਨੂੰ ਮਾਡਲ ਸ਼ਹਿਰ ਵਜੋਂ ਵਿਕਸਤ ਕੀਤਾ ਗਿਆ ਸੀ। ਹੁਣ ਜੋ ਜ਼ਮੀਨ ਬਚੀ ਹੋਈ ਹੈ, ਉਸਦੀ ਵਰਤੋਂ ਹੋਰਨਾ ਕੰਮਾਂ ਲਈ ਕੀਤੀ ਜਾ ਸਕਦੀ ਹੈ। ਕੇਂਦਰ ਅਤੇ ਹੋਰ ਸੂਬੇ ਸ਼ਹਿਰ ਵਿਚ ਆਪਣੇ ਦਫ਼ਤਰ ਖੋਲ੍ਹਣ ਲਈ ਜ਼ਮੀਨ ਦੀ ਮੰਗ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਵੀ ਧਿਆਨ ਰੱਖਣਾ ਪਵੇਗਾ।

ਇਹ ਵੀ ਪੜ੍ਹੋ : ਕਿਰਨ ਖੇਰ ਦੀ SSP ਨੂੰ ਗੁਹਾਰ, ਕਿਹਾ,‘‘ਮੈਂ ਬਜ਼ੁਰਗ ਔਰਤ ਹਾਂ,ਮਿਹਨਤ ਦੀ ਕਮਾਈ ਦਿਵਾਓ ਵਾਪਸ’’

ਵਿਕਾਸ ਨਹੀਂ ਹੋ ਰਿਹਾ ਪ੍ਰਭਾਵਿਤ, ਸਾਢੇ ਚਾਰ ਮਹੀਨੇ ਬਾਕੀ, ਖਰਚ ਕਰ ਦਿੱਤੀ 75 ਫੀਸਦੀ ਬਜਟ : ਪੁਰੋਹਿਤ
ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਦੋ ਪ੍ਰਾਜੈਕਟਾਂ ’ਤੇ ਪ੍ਰਸ਼ਾਸਨ ਕੰਮ ਕਰ ਰਿਹਾ ਸੀ। ਆਈ. ਟੀ. ਪ੍ਰਾਜੈਕਟ ’ਤੇ ਵਾਈਲਡ ਲਾਈਫ ਬੋਰਡ ਨੇ ਰੋਕ ਲਾ ਦਿੱਤੀ ਸੀ, ਜਦਕਿ ਸੈਕਟਰ-53 ਹਾਊਸਿੰਗ ਸਕੀਮ ’ਤੇ ਫਿਲਹਾਲ ਉਨ੍ਹਾਂ ਨੇ ਰੋਕ ਲਾ ਦਿੱਤੀ ਹੈ, ਹਾਲਾਂਕਿ ਇਸ ਪ੍ਰਾਜੈਕਟ ਲਈ ਟੈਂਡਰਿੰਗ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਜਨਰਲ ਹਾਊਸਿੰਗ ਲਈ ਮਕਾਨ ਬਣਾਉਣੇ ਵੀ ਹਨ ਤਾਂ ਅਜੇ ਇਸ ਦੀ ਲੋੜ ਨਹੀਂ ਹੈ ਅਤੇ ਆਉਣ ਵਾਲੇ ਸਮੇਂ ਵਿਚ ਦੇਖਾਂਗੇ ਕਿ ਇਨ੍ਹਾਂ ਨੂੰ ਬਣਾਇਆ ਜਾਣਾ ਚਾਹੀਦਾ ਜਾਂ ਨਹੀਂ। ਇਸ ਸਬੰਧੀ ਲੋਕਾਂ ਦੀਆਂ ਜ਼ਰੂਰਤਾਂ ਦਾ ਵੀ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਵਿਕਾਸ ਸਿਰਫ ਮਕਾਨਾਂ ਨਾਲ ਨਹੀਂ ਹੈ। ਉਨ੍ਹਾਂ ਨੇ ਵਿੱਤੀ ਸਾਲ ’ਚ 75 ਫੀਸਦੀ ਬਜਟ ਖਰਚ ਕਰ ਦਿੱਤਾ ਹੈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪ੍ਰਸ਼ਾਸਨ ਕਿਸ ਤਰ੍ਹਾਂ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਵਿਚ ਲੱਗਾ ਹੋਇਆ ਹੈ।

ਇਹ ਵੀ ਪੜ੍ਹੋ : 5 ਸੂਬਿਆਂ ’ਚ ਮੌਜੂਦਾ ਅਤੇ ਸਾਬਕਾ ਮੰਤਰੀਆਂ ਦੀ ਹੋਈ ਛੁੱਟੀ

ਕਈ ਪ੍ਰਾਜੈਕਟ ਸ਼ੁਰੂ ਹੋਏ
ਉਨ੍ਹਾਂ ਨੂੰ 6087 ਕਰੋੜ ਰੁਪਏ ਦਾ ਬਜਟ ਮਿਲਿਆ ਸੀ, ਜਿਸ ਵਿਚੋਂ 4625 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦਾ ਟੀਚਾ ਵਿੱਤੀ ਸਾਲ ਦੇ ਖਤਮ ਹੁੰਦੇ-ਹੁੰਦੇ 99 ਜਾਂ 100 ਫੀਸਦੀ ਤਕ ਆਪਣਾ ਬਜਟ ਖਰਚ ਕਰਨਾ ਹੈ। ਸ਼ਹਿਰ ਵਿਚ ਸਾਈਬਰ ਸਕਿਓਰਿਟੀ ਅਾਪ੍ਰੇਸ਼ਨ ਸੈਂਟਰ ਸ਼ੁਰੂ ਕੀਤਾ ਗਿਆ ਹੈ। ਪੁਲਸ ਵਿਭਾਗ ਲਈ ਕਵਚ ਵਾਹਨਾਂ ਦੇ ਨਾਲ ਹੀ 112 ਹੋਰ ਨਵੇਂ ਵਾਹਨ ਖਰੀਦੇ ਗਏ ਹਨ। 18 ਸੇਵਾਵਾਂ ਨੂੰ ਆਨਲਾਈਨ ਕੀਤਾ ਗਿਆ ਹੈ। ਪਾਸਪੋਰਟ ਐਪ ਦੇ ਨਾਲ ਹੀ ਫੋਰੈਂਸਿਕ ਵੈਨ ਦੀ ਸਹੂਲਤ ਵੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮੌਸਮ ਨੂੰ ਲੈ ਕੇ ਨਵੀਂ ਅਪਡੇਟ, ਜਾਣੋ ਅਗਲੇ 2 ਦਿਨ ਕਿਹੋ ਜਿਹਾ ਰਹੇਗਾ ਮੌਸਮ

ਸੀ. ਐੱਚ. ਬੀ. ਨੇ ਬਣਾਉਣੇ ਸਨ 340 ਫਲੈਟ
ਜ਼ਿਕਰਯੋਗ ਹੈ ਕਿ ਸੀ. ਐੱਚ. ਬੀ. ਨੇ ਸੈਕਟਰ-53 ਵਿਚ ਲਗਭਗ 340 ਫਲੈਟ ਬਣਾਉਣ ਦਾ ਫੈਸਲਾ ਕੀਤਾ ਸੀ, ਜਿਸ ਵਿਚ ਟੂ ਤੇ ਥ੍ਰੀ ਬੈੱਡਰੂਮ ਵਾਲੇ ਫਲੈਟ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਫਲੈਟ ਸ਼ਾਮਲ ਹਨ। ਇਸ ਤੋਂ ਪਹਿਲਾਂ 2018 ਵਿਚ ਵੀ ਬੋਰਡ ਨੇ ਯੋਜਨਾ ’ਤੇ ਅੱਗੇ ਕੰਮ ਨਾ ਕਰਨ ਦਾ ਫੈਸਲਾ ਕੀਤਾ ਸੀ। ਉਸ ਸਮੇਂ ਸਕੀਮ ਤਹਿਤ ਪਹਿਲਾਂ 492 ਫਲੈਟ ਬਣਾਉਣ ਦੀ ਯੋਜਨਾ ਬਣਾਈ ਸੀ ਪਰ ਲੋਕਾਂ ਦਾ ਹੁੰਗਾਰਾ ਜਾਣਨ ਲਈ ਕਰਵਾਏ ਗਏ ਡਿਮਾਂਡ ਸਰਵੇ ਵਿਚ 178 ਲੋਕਾਂ ਨੇ ਅਪਲਾਈ ਕੀਤਾ ਸੀ। ਫਲੈਟ ਮਹਿੰਗੇ ਹੋਣ ਕਾਰਨ ਹੀ ਇਹ ਡਿਮਾਂਡ ਸਰਵੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ ਕਿ ਲੋਕ ਇਹ ਫਲੈਟ ਖਰੀਦਣ ਲਈ ਤਿਆਰ ਹਨ ਜਾਂ ਨਹੀਂ। ਕੀਮਤ ਜ਼ਿਆਦਾ ਹੋਣ ਕਾਰਨ ਜ਼ਿਆਦਾਤਰ ਲੋਕਾਂ ਨੇ ਫਲੈਟ ਖ੍ਰੀਦਣ ਵਿਚ ਦਿਲਚਸਪੀ ਨਹੀਂ ਦਿਖਾਈ ਸੀ।

ਇਹ ਵੀ ਪੜ੍ਹੋ : ਟ੍ਰੈਫਿਕ ਪੁਲਸ ਨੇ ਤੋੜਿਆ ਆਪਣਾ ਹੀ ਰਿਕਾਰਡ, 11 ਮਹੀਨਿਆਂ ’ਚ ਕੀਤੇ ਇੰਨੇ ਚਲਾਨ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha