CM ਮਾਨ ਨੇ ਵਾਤਾਵਰਣ ਨੂੰ ਬਚਾਉਣ ਲਈ ਚੁੱਕੇ ਅਹਿਮ ਕਦਮ, ਕਿਸਾਨਾਂ ਨੂੰ ਕੀਤੀ ਇਹ ਅਪੀਲ

08/04/2022 5:15:35 PM

ਸੰਗਰੂਰ (ਸਿੰਗਲਾ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਚਾਰ ਮਹੀਨਿਆਂ ਦੇ ਕਾਰਜਕਾਲ ਦੌਰਾਨ ਜਿੱਥੇ ਬੇਰੁਜ਼ਗਾਰੀ ਨੂੰ ਨੱਥ ਪਾਉਣ ਲਈ ਵੱਡੀ ਪੱਧਰ 'ਤੇ ਮੁਲਾਜ਼ਮਾਂ ਦੀ ਵੱਖ ਵੱਖ ਮਹਿਕਮਿਆਂ ਵਿੱਚ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਗਿਆ ਹੈ ਉਥੇ ਹੀ ਪੰਜਾਬ ਅੰਦਰ ਸਾਫ਼-ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਵੀ ਸਰਕਾਰ ਨੇ ਸਖ਼ਤ ਫ਼ੈਸਲੇ ਲਏ ਹਨ। ਮੁੱਖ ਮੰਤਰੀ ਮਾਨ ਵੱਲੋਂ ਹੁਣ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਲਈ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਡੇ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਕੇ ਇਸਦੇ ਸੁਚੱਜੇ ਢੰਗ ਨਾਲ ਨਿਪਟਾਰਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਇਸਦੇ ਲਈ ਕਿਸਾਨਾਂ ਨੂੰ ਪੁਰਜੋਰ ਸਹਿਯੋਗ ਕੀਤਾ ਜਾ ਰਿਹਾ ਹੈ। 

ਖੇਤੀਬਾੜੀ ਸੰਦਾਂ 'ਤੇ ਦਿੱਤੀ ਜਾ ਰਹੀ ਹੈ ਭਾਰੀ ਸਬਸਿਡੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਲਈ ਲਾਹੇਵੰਦ ਮਸ਼ੀਨਾਂ ਦੀ ਖ਼ਰੀਦ 'ਤੇ ਸਬਸਿਡੀ ਪਾਉਣ ਲਈ 15 ਅਗਸਤ 2022 ਤਕ agrimachinerypb.com 'ਤੇ ਅਪਲਾਈ ਕਰਨ ਲਈ ਕਿਹਾ ਹੈ। ਸਾਡੇ ਵੱਲੋਂ ਸੁਪਰ ਐੱਸ.ਐੱਮ.ਐੱਸ., ਹੈਪੀ ਸੀਡਰ, ਪੈਡੀ ਸਟਰਾਅ/ਸਰੈਡਰ/ਮਲਚਰ, ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ, ਬੇਲਰ, ਰੇਕ, ਸਰਬ ਮਾਸਟਰ, ਰੋਟਰੀ ਸਲੈਸ਼ਰ, ਕਰਾਪ ਰੀਪਰ ਉਲਟਾਵੇਂ ਪਲਾਉ ਆਦਿ ਸੰਦਾਂ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਸਖ਼ਤੀ ਤੋਂ ਡਾਕਟਰ ਪਰੇਸ਼ਾਨ, 4 ਮਹੀਨਿਆਂ 'ਚ 50 ਤੋਂ ਵੱਧ ਡਾਕਟਰਾਂ ਨੇ ਦਿੱਤਾ ਅਸਤੀਫ਼ਾ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਜਿੱਥੇ ਇਸ ਸੁਚੱਜੇ ਹੱਲ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਲਈ ਵਰਤੇ ਜਾਂਦੇ ਖੇਤੀ ਸੰਦਾਂ ਉੱਤੇ ਭਾਰੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਜਿੱਥੇ ਕਿਸਾਨਾਂ 'ਚ ਖ਼ੁਸ਼ੀ ਹੈ ਉੱਥੇ ਹੀ ਵਾਤਾਵਰਣ ਪ੍ਰੇਮੀ ਵੀ ਬਾਗੋਬਾਗ ਹਨ ਕਿਉਂਕਿ ਇਸ ਤਰ੍ਹਾਂ ਬਹੁਤ ਹੱਦ ਤੱਕ ਪਰਾਲੀ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਕਿਸਾਨ ਕਾਲ ਸੈਂਟਰ ਟੋਲੀ ਫ੍ਰੀ ਨੰਬਰ 1800018001551 'ਤੇ ਖੇਤੀਬਾੜੀ ਸੰਬੰਧੀ ਸਲਾਹ ਲਈ ਜਾ ਸਕਦੀ ਹੈ। 

ਕਿਸਾਨਾਂ ਦੇ ਹਿੱਤ ’ਚ ਸ਼ਲਾਘਾਯੋਗ ਉੱਦਮ :ਬਲਵਿੰਦਰ ਔਲਖ 

ਰਾਈਸ ਮਿੱਲਰ ਐਸੋਸੀਏਸ਼ਨ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਬਿੱਲੂ ਔਲਖ ਨੇ ਕਿਹਾ ਕਿ ਸਰਕਾਰ ਦਾ ਇਹ ਉੱਦਮ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਇਸ ਨਾਲ ਆਰਥਿਕ ਤੰਗੀ ਤੋਂ ਤੰਗ ਕਿਸਾਨ ਵੀ ਮਹਿੰਗੇ ਭਾਅ ਦੀਆਂ ਮਸ਼ੀਨਾਂ ਅਸਾਨੀ ਨਾਲ ਖਰੀਦ ਸਕਦੇ ਹਨ ਤੇ ਪਰਾਲੀ ਦਾ ਨਿਪਟਾਰਾ ਹੋਣ ਨਾਲ ਆਮ ਲੋਕਾਂ ਨੂੰ ਆਉਂਦੀਆਂ ਦਿੱਕਤਾਂ ਵੀ ਦੂਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਨੇ ਹਮੇਸ਼ਾ ਹੀ ਜਿੱਥੇ ਵਪਾਰੀ ਵਰਗ ਲਈ ਚੰਗੀ ਸੋਚ ਰੱਖੀ ਹੈ ਉਥੇ ਹੀ ਕਿਸਾਨਾਂ ਦੀ ਇਸ ਸਮੱਸਿਆ ਦੇ ਹੱਲ ਲਈ ਵੀ ਸਾਰਥਿਕ ਕਦਮ ਚੁੱਕੇ ਹਨ ।

ਸਰਕਾਰ ਦਾ ਬਹੁਤ ਸ਼ਲਾਘਾਯੋਗ ਫੈਸਲਾ : ਡਾ. ਭਸੌੜ 

ਡਾ. ਅਨਵਰ ਭਸੌੜ ਨੇ ਖੇਤੀ ਸੰਦਾਂ ’ਤੇ ਸਬਸਿਡੀ ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਬਹੁਤ ਸ਼ਲਾਘਾਯੋਗ ਫੈਸਲਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਪ੍ਰਦੂਸ਼ਣ ਬਹੁਤ ਘੱਟ ਜਾਵੇਗਾ ਤੇ ਪਰਾਲੀ ਦੇ ਧੂੰਏ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਪਰਾਲੀ ਕਾਰਨ ਵਾਪਰਦੇ ਸੜਕੀ ਹਾਦਸੇ ਵੀ ਘਟ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ। ਅੱਗੇ ਆ ਰਹੇ ਝੋਨੇ ਦੇ ਸੀਜ਼ਨ ਮੌਕੇ ਪਰਾਲੀ ਦੀ ਸਮੱਸਿਆ ਤੋਂ ਕੁਝ ਨਿਜਾਤ ਮਿਲੇਗੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News