ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਸਮਾਰਟ ਬਣਾਉਣ ਦੀ ਤਿਆਰੀ, ਹੁਣ ਮੋਬਾਇਲ ਐਪ ਜ਼ਰੀਏ ਮਿਲੇਗੀ ਜਾਣਕਾਰੀ

05/20/2022 12:02:29 PM

ਜਲੰਧਰ (ਨਰਿੰਦਰ ਜੱਗਾ)-ਪੰਜਾਬ ਸਰਕਾਰ ਨੇ ਸੂਬੇ ਦੇ ਮਜ਼ਦੂਰਾਂ ਨੂੰ ਸਮਾਰਟ ਬਣਾਉਣ ਦੀ ਤਿਆਰੀ ਸ਼ੁਰੂ ਕਰ ਲਈ ਹੈ। ਸਰਕਾਰ ਨੇ ਮਜ਼ਦੂਰਾਂ ਲਈ ਇਕ ਮੋਬਾਇਲ ਐਪ ਤਿਆਰ ਕਰਵਾਈ ਹੈ, ਉਸ ’ਚ ਮਜ਼ਦੂਰ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣਗੇ ਅਤੇ ਇਸ ਦੇ ਨਾਲ-ਨਾਲ ਸਰਕਾਰ ਵੱਲੋਂ ਮਜ਼ਦੂਰਾਂ ਦੇ ਕਲਿਆਣ ਲਈ ਜਾਰੀ ਕੀਤੀਆਂ ਜਾਂਦੀਆਂ ਵਿੱਤੀ ਯੋਜਨਾਵਾਂ ਦੀ ਨਾ ਸਿਰਫ਼ ਜਾਣਕਾਰੀ ਹਾਸਲ ਕਰ ਸਕਣਗੇ, ਸਗੋਂ ਉਸੇ ਮੋਬਾਇਲ ਐਪ ਨਾਲ ਯੋਜਨਾਵਾਂ ਦਾ ਫਾਇਦਾ ਲੈਣ ਲਈ ਅਪਲਾਈ ਵੀ ਕਰ ਸਕਣਗੇ। ਸੂਬਾ ਦੇ ਕਿਰਤ ਮਹਿਕਮੇ ਨੇ ਵੱਖ-ਵੱਖ ਠੇਕੇਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਕੋਲ ਕੰਮ ਕਰਦੇ ਮਜ਼ਦੂਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ। ਸਰਕਾਰ ਦੇ ਇਸ ਕਦਮ ਨਾਲ ਪੰਜਾਬ ’ਚ ਮਜ਼ਦੂਰਾਂ ਦੀ ਗਿਣਤੀ ਵੀ ਸਪੱਸ਼ਟ ਹੋ ਸਕੇਗੀ। ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਸਰਕਾਰ ਸੂਬੇ ਦੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਨਹੀਂ ਕਰ ਸਕੀ।

ਹੁਣ ਤੱਕ ਸਿਰਫ਼ ਸਾਢੇ ਪੰਜ ਲੱਖ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਹੀ ਹੋ ਸਕੀ ਹੈ, ਜਦਕਿ ਮਜ਼ਦੂਰਾਂ ਦੀ ਗਿਣਤੀ 20 ਲੱਖ ਤੋਂ ਵੀ ਵੱਧ ਹੈ। ਹਾਲਾਂਕਿ ਦਫ਼ਤਰਾਂ ’ਚ ਰਜਿਸਟ੍ਰੇਸ਼ਨ ਤੋਂ ਇਲਾਵਾ ਮਹਿਕਮੇ ਨੇ ਵੱਖ-ਵੱਖ ਸ਼ਹਿਰਾਂ ਦੇ ਚੌਂਕ-ਚੌਰਾਹਿਆਂ ’ਚ ਬਣੇ ਲੇਬਰ ਚੌਂਕਾਂ ’ਤੇ ਸਵੇਰੇ ਜਾ ਕੇ ਰਜਿਸਟ੍ਰੇਸ਼ਨ ਦਾ ਕਾਰਜ ਵੀ ਸ਼ੁਰੂ ਕੀਤਾ ਹੋਇਆ ਹੈ, ਇਸ ਦੇ ਬਾਵਜੂਦ ਮਹਿਕਮੇ ਨੂੰ ਉਮੀਦ ਮੁਤਾਬਕ ਨਤੀਜੇ ਨਹੀਂ ਮਿਲ ਰਹੇ। ਕਿਰਤ ਮਹਿਕਮੇ ਨੇ ਹੁਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਲਈ ਮੋਬਾਇਲ ਐਪ ‘ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ’ ਤਿਆਰ ਕੀਤੀ ਹੈ, ਜਿਸ ਨੂੰ ਇਸ ਹਫ਼ਤੇ ’ਚ ਸ਼ੁਰੂ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ। ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ’ਚ ਤਿਆਰ ਇਸ ਐਪ ’ਚ ਮਜ਼ਦੂਰਾਂ ਲਈ ਸਰਕਾਰ ਵੱਲੋਂ ਐਲਾਨੀਆਂ ਸਮੁੱਚੀਆਂ ਕਲਿਆਣ ਯੋਜਨਾਵਾਂ, ਰਜਿਸਟ੍ਰੇਸ਼ਨ ਫ਼ਾਰਮ ਤੋਂ ਇਲਾਵਾ ਕਿਸੇ ਵੀ ਯੋਜਨਾ ਦਾ ਫਾਇਦਾ ਲੈਣ ਲਈ ਅਪਲਾਈ ਕਰਨ ਦਾ ਫ਼ਾਰਮ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਸਿੱਧੂ ਦਾ ਟਵੀਟ, ਕਿਹਾ-ਅਦਾਲਤ ਦਾ ਫ਼ੈਸਲਾ ਸਿਰ ਮੱਥੇ

ਪੰਜਾਬ ਸਰਕਾਰ ਦੀ ਮਜ਼ਦੂਰ ਕਲਿਆਣ ਯੋਜਨਾ ਦੇ ਤਹਿਤ ਰਜਿਸਟਰਡ ਮਜ਼ਦੂਰਾਂ ਲਈ ਸਰਕਾਰ ਨੇ ਅਨੇਕਾਂ ਯੋਜਨਾਵਾਂ ਚਲਾਈਆਂ ਹੋਈਆਂ ਹਨ, ਜਿਨ੍ਹਾਂ ’ਚ ਮਜ਼ਦੂਰਾਂ ਦੀਆਂ ਕੁੜੀਆਂ ਦੇ ਵਿਆਹ ’ਤੇ 31000 ਰੁਪਏ ਦੀ ਸਗਨ ਯੋਜਨਾ, ਹਾਦਸੇ ’ਚ ਮਜ਼ਦੂਰ ਦੀ ਮੌਤ ’ਤੇ 4 ਲੱਖ ਰੁਪਏ, ਗੰਭੀਰ ਜ਼ਖ਼ਮੀ ਹੋਣ ’ਤੇ 2 ਲੱਖ ਰੁਪਏ, ਡੇਢ ਲੱਖ ਰੁਪਏ ਤੱਕ ਦਾ ਮੈਡੀਕਲ ਬੀਮਾ, ਮਜ਼ਦੂਰ ਅਤੇ ਉਨ੍ਹਾਂ ਦੇ ਪਰਵਾਰਿਕ ਮੈਂਬਰ ਦੀ ਕਿਸੇ ਸਰਜਰੀ ’ਤੇ 50,000 ਰੁਪਏ ਤੱਕ ਦੀ ਆਰਥਿਕ ਸਹਾਇਤਾ ਅਤੇ ਹੋਰ ਛੋਟੀਆਂ-ਮੋਟੀਆਂ ਬੀਮਾਰੀਆਂ ’ਤੇ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮਜ਼ਦੂਰ ਪਰਿਵਾਰ ’ਚ ਕਿਸੇ ਦੀ ਮੌਤ ਹੋਣ ’ਤੇ ਅੰਤਿਮ ਸੰਸਕਾਰ ਲਈ ਆਰਥਿਕ ਸਹਾਇਤਾ, ਮਜ਼ਦੂਰਾਂ ਦੀਆਂ ਬੱਚੀਆਂ ਲਈ ਵਜੀਫ਼ਾ ਯੋਜਨਾ, ਛੁੱਟੀਆਂ ’ਚ ਕਿਸੇ ਧਾਰਮਿਕ ਅਤੇ ਹੋਰ ਸਥਾਨ ’ਚ ਘੁੰਮਣ ਜਾਣ ਲਈ ਸਹਾਇਤਾ ਰਾਸ਼ੀ ਸ਼ਾਮਲ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਕਿਰਤ ਮਹਿਕਮੇ ਦੇ ਸਕੱਤਰ ਸੁਮੇਰ ਸਿੰਘ ਗੁਰਜਰ ਦਾ ਕਹਿਣਾ ਸੀ ਕਿ ਵੈਸੇ ਤਾਂ ਮਜ਼ਦੂਰਾਂ ਦੇ ਕੋਲ ਸਮਾਰਟ ਫ਼ੋਨ ਵੀ ਹਨ ਪਰ ਠੇਕੇਦਾਰਾਂ ਨੂੰ ਵੀ ਇਸ ਗੱਲ ਲਈ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਸਮਾਰਟ ਫ਼ੋਨ ਰਾਹੀਂ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਨ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਕਿਸੇ ਵੀ ਤਰ੍ਹਾਂ ਦੇ ਹਾਦਸੇ ’ਤੇ ਮਜ਼ਦੂਰਾਂ ਨੂੰ ਵਿੱਤੀ ਫਾਇਦਾ ਕਿਰਤ ਮਹਿਕਮੇ ਵੱਲੋਂ ਹੀ ਦਿੱਤਾ ਜਾਂਦਾ ਹੈ, ਬਸ਼ਰਤੇ ਮਜ਼ਦੂਰ ਮਹਿਕਮੇ ਦੇ ਕੋਲ ਰਜਿਸਟਰਡ ਹੋਵੇ।

ਇਹ ਵੀ ਪੜ੍ਹੋ: ਨਵੀਂ ਕਮਿਸ਼ਨਰ ਦੇ ਲਾਲ ਸਿਆਹੀ ਵਾਲੇ ਪੈੱਨ ਤੋਂ ਡਰਨ ਲੱਗੇ ਜਲੰਧਰ ਨਿਗਮ ਤੇ ਸਮਾਰਟ ਸਿਟੀ ਦੇ ਅਧਿਕਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News