ਸ਼ਰਾਬ ਨੂੰ ਲੈ ਕੇ ਨਵੀਂ ਰਣਨੀਤੀ ਬਣਾਉਣ ਦੀ ਤਿਆਰੀ ’ਚ ਪੰਜਾਬ ਸਰਕਾਰ, ਚੁੱਕਿਆ ਜਾ ਰਿਹੈ ਵੱਡਾ ਕਦਮ

11/26/2023 6:50:41 PM

ਚੰਡੀਗੜ੍ਹ (ਅਰਚਨਾ) : ਪੰਜਾਬ ਵਿਚ ਨਾਜਾਇਜ਼ ਸ਼ਰਾਬ ’ਤੇ ਲਗਾਮ ਲਗਾਉਣ ਲਈ ਸੂਬਾ ਸਰਕਾਰ ਨਵੀਂ ਰਣਨੀਤੀ ’ਤੇ ਕੰਮ ਕਰੇਗੀ। ਹੁਣ ਜ਼ੋਨਾਂ ਦੇ ਆਧਾਰ ’ਤੇ ਪੰਜਾਬ ’ਚੋਂ ਨਕਲੀ ਸ਼ਰਾਬ ਨੂੰ ਦੂਰ ਕੀਤਾ ਜਾਵੇਗਾ। ਪੰਜਾਬ ਦੇ ਤਿੰਨ ਜ਼ੋਨ ਜਲੰਧਰ, ਪਟਿਆਲਾ ਅਤੇ ਫਿਰੋਜ਼ਪੁਰ ਵਿਚ ਬਣਾਏ ਜਾਣਗੇ ਜਿੱਥੋਂ ਆਬਕਾਰੀ ਤੇ ਕਰ ਵਿਭਾਗ ਦੀਆਂ ਟੀਮਾਂ ਨਕਲੀ ਸ਼ਰਾਬ ਨੂੰ ਫੜਨ ਲਈ ਛਾਪੇਮਾਰੀ ਕਰਨਗੀਆਂ। ਸੂਤਰਾਂ ਦੀ ਮੰਨੀਏ ਤਾਂ ਵਿਭਾਗ ਨੇ ਅਜਿਹੀਆਂ 18 ਟੀਮਾਂ ਤਿਆਰ ਕੀਤੀਆਂ ਹਨ, ਜਿਨ੍ਹਾਂ ਨੇ ਸਤਲੁਜ ਦਰਿਆ ਦੇ ਕੰਢਿਆਂ ’ਤੇ ਚੱਲ ਰਹੀਆਂ ਨਾਜਾਇਜ਼ ਸ਼ਰਾਬ ਦੀਆਂ ਭੱਠੀਆਂ ’ਤੇ ਛਾਪੇਮਾਰੀ ਕਰਨ ਦਾ ਫੈਸਲਾ ਕੀਤਾ ਹੈ। ਇਹ ਟੀਮਾਂ ਹਫ਼ਤੇ ਵਿਚ ਦੋ ਵਾਰ ਛਾਪੇਮਾਰੀ ਕਰਕੇ ਨਾਜਾਇਜ਼ ਸ਼ਰਾਬ ਫੜਨਗੀਆਂ। ਇੰਨਾ ਹੀ ਨਹੀਂ, ਤਿੰਨਾਂ ਜ਼ੋਨਾਂ ਵਿਚ ਇਕ-ਇਕ ਸਨੀਫਰ ਡਾਗ ਵੀ ਤਾਇਨਾਤ ਕੀਤਾ ਜਾਵੇਗਾ, ਜੋ ਨਾਜਾਇਜ਼ ਸ਼ਰਾਬ ਦੀ ਸੂਚਨਾ ਮਿਲਣ ਵਾਲੀ ਥਾਂ ’ਤੇ ਟੀਮ ਦੇ ਨਾਲ ਜਾਏਗਾ। ਇਹ ਡਾਗ ਸਾਰੀਆਂ ਟੀਮਾਂ ਲਈ ਆਨ ਕਾਲ ’ਤੇ ਰਹਿਣਗੇ। ਜੇਕਰ ਜਲੰਧਰ ਦੇ ਆਸ-ਪਾਸ ਵਾਲੀ ਕਿਸੇ ਵੀ ਥਾਂ ਤੋਂ ਨਾਜਾਇਜ਼ ਸ਼ਰਾਬ ਤਿਆਰ ਹੋਣ ਦੀ ਸੂਚਨਾ ਮਿਲਦੀ ਹੈ ਤਾਂ ਜਲੰਧਰ ਜ਼ੋਨ ਵਾਲਾ ਸਨਿਫਰ ਡਾਗ ਸੰਬੰਧਤ ਟੀਮ ਦੇ ਨਾਲ ਉਸ ਜਗ੍ਹਾ ’ਤੇ ਜਾਵੇਗਾ ਅਤੇ ਜੇਕਰ ਉਸ ਜਗ੍ਹਾ ’ਤੇ ਜ਼ਮੀਨ ਦੇ ਬਹੁਤ ਨੀਵੇਂ ਹਿੱਸੇ ਵਿਚ ਵੀ ਨਾਜਾਇਜ਼ ਸ਼ਰਾਬ ਪਈ ਹੈ, ਤਾਂ ਜ਼ਮੀਨ ਪੁੱਟ ਕੇ ਨਜਾਇਜ਼ ਸ਼ਰਾਬ ਨੂੰ ਬਾਹਰ ਕੱਢ ਦੇਣਗੇ।

ਇਹ ਵੀ ਪੜ੍ਹੋ : ਡੇਰਾ ਬਿਆਸ ਜਾ ਰਹੀ ਸੰਗਤ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ, 1 ਦੀ ਮੌਤ

ਟ੍ਰਾਇਲ ਦੌਰਾਨ ਸਨਿਫਰ ਡਾਗ ਨੇ ਸੁੰਘੀ ਸੀ ਸ਼ਰਾਬ

ਦੱਸਿਆ ਜਾਂਦਾ ਹੈ ਕਿ ਕੁਝ ਸਮਾਂ ਪਹਿਲਾਂ ਸਨਿਫਰ ਡਾਗ ਵੱਲੋਂ ਸ਼ਰਾਬ ਸੁੰਘਣ ਦੀ ਸਮਰੱਥਾ ਨੂੰ ਜਾਣਨ ਲਈ ਸਤਲੁਜ ਨਦੀ ਦੇ ਕੰਢੇ ਇਕ ਟ੍ਰਾਇਲ ਵੀ ਕੀਤਾ ਗਿਆ ਸੀ ਅਤੇ ਪਤਾ ਲੱਗਾ ਸੀ ਕਿ ਸਨਿਫਰ ਡਾਗ ਨੇ ਸਾਢੇ ਤਿੰਨ ਲੱਖ ਲੀਟਰ ਨਾਜਾਇਜ਼ ਸ਼ਰਾਬ ਨੂੰ ਸੁੰਘ ਲਿਆ ਸੀ। ਇਹ ਡਾਗ ਲਗਾਤਾਰ ਕਈ ਕਿਲੋਮੀਟਰ ਤੱਕ ਆਸਾਨੀ ਨਾਲ ਚੱਲ ਸਕਦੇ ਹਨ ਅਤੇ ਦਰਿਆ ਦੇ ਕੰਢੇ ਚੱਲ ਰਹੀਆਂ ਨਾਜਾਇਜ਼ ਸ਼ਰਾਬ ਦੀਆਂ ਭੱਠੀਆਂ ਨੂੰ ਆਸਾਨੀ ਨਾਲ ਫੜ ਵੀ ਸਕਦੇ ਹਨ।

ਡੇਰਾਬੱਸੀ ਸੈਂਟਰ ਦਾ ਕੀਤਾ ਸੀ ਦੌਰਾ

ਸੂਤਰਾਂ ਦੀ ਮੰਨੀਏ ਤਾਂ ਪੰਜਾਬ ਦੇ ਆਬਕਾਰੀ ਤੇ ਕਰ ਵਿਭਾਗ ਨੇ ਹਾਲ ਹੀ ਵਿਚ ਡੇਰਾਬੱਸੀ ਸਥਿਤ ਪੰਜਾਬ ਹੋਮ ਗਾਰਡ ਕੈਨਾਇਨ ਟ੍ਰੇਨਿੰਗ ਐਂਡ ਬਰੀਡਿੰਗ ਸੈਂਟਰ ਦਾ ਦੌਰਾ ਕਰਕੇ ਸਨਿਫਰ ਡਾਗ ਦੀ ਨਸਲ ਬਾਰੇ ਜਾਣਕਾਰੀ ਹਾਸਲ ਕੀਤੀ। ਇਹ ਡਾਗ ਜ਼ਮੀਨ ਦੇ ਅੰਦਰ ਲੁਕੋ ਕੇ ਰੱਖੀ ਹੋਈ ਸ਼ਰਾਬ ਨੂੰ ਲੱਭ ਕੇ ਬਾਹਰ ਕੱਢ ਸਕਦੇ ਹਨ। ਹਾਲਾਂਕਿ ਵਿਭਾਗ ਡੇਰਾਬੱਸੀ ਦੇ ਬਾਅਦ ਵਿਭਾਗ ਹੁਣ ਪੰਜਾਬ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਮੌਜੂਦ ਅਜਿਹੇ ਸੈਂਟਰਾਂ ਦਾ ਦੌਰਾ ਕਰਕੇ ਤੈਅ ਕਰੇਗਾ ਕਿ ਕਿਸ ਨਸਲ ਦੇ ਡਾਗ ਨੂੰ ਆਬਕਾਰੀ ਤੇ ਕਰ ਵਿਭਾਗ ਦੇ ਜ਼ੋਨਾਂ ਵਿਚ ਤੈਨਾਤ ਕੀਤਾ ਜਾਏਗਾ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਇਨਾਂ ਪ੍ਰਤੀਮਾਨਾਂ ’ਤੇ ਵੀ ਕੰਮ ਕਰ ਰਿਹਾ ਹੈ ਕਿ ਡਾਗ ਦੀ ਉਮਰ ਅਤੇ ਉਸ ਦੀ ਸਾਂਭ-ਸੰਭਾਲ ਕਿਵੇਂ ਹੈ ਤਾਂ ਜੋ ਜ਼ੋਨ ਵਿਚ ਡਾਗ ਦੀ ਤੈਨਾਤੀ ਤੋਂ ਬਾਅਦ ਉਸਦੀ ਦੇਖਭਾਲ ਕਿਸੇ ਵੀ ਹਾਲਤ ’ਚ ਪ੍ਰਭਾਵਿਤ ਨਾ ਹੋਵੇ। ਚੇਤੇ ਰਹੇ ਕਿ ਬਿਹਾਰ ਵਿਚ ਵੀ ਨਾਜਾਇਜ਼ ਸ਼ਰਾਬ ਸੁੰਘਣ ਲਈ ਟਰੇਂਡ ਡਾਗਸ ਦੀ ਵਰਤੋਂ ਕੀਤੀ ਜਾ ਰਹੀ ਹੈ। ਉਥੇ ਤੇਲੰਗਾਨਾ ਤੋਂ ਸਨਿਫਰ ਡਾਗ (ਖੋਜੀ ਕੁੱਤੇ) ਲਏ ਗਏ ਸੀ ਅਤੇ ਇਹ ਡਾਗ ਡਰੋਨ ਨਾਲੋਂ ਵੀ ਤੇਜ਼ ਗਤੀ ਨਾਲ ਦੌੜ ਕੇ ਨਾਜਾਇਜ਼ ਸ਼ਰਾਬ ਨੂੰ ਸੁੰਘ ਲੈਂਦੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਐੱਸ. ਪੀ ਅਤੇ ਦੋ ਡੀ. ਐੱਸ. ਪੀਜ਼ ਸਣੇ ਸੱਤ ਪੁਲਸ ਅਧਿਕਾਰੀ ਮੁਅੱਤਲ

ਨਕਲੀ ਸ਼ਰਾਬ ਲੈ ਲੈਂਦੀ ਹੈ ਕਈ ਜਾਨਾਂ

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਸਾਲ 2021 ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਨਕਲੀ ਸ਼ਰਾਬ ਦੀ ਵਰਤੋਂ ਕਾਰਨ ਸੈਂਕੜੇ ਮੌਤਾਂ ਹੋਈਆਂ ਹਨ। ਰਿਪੋਰਟ ਵਿਚ ਗੈਰ-ਕਾਨੂੰਨੀ ਸ਼ਰਾਬ ਦੀ ਸਮੱਗਲਿੰਗ ਦੀਆਂ 708 ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਨਕਲੀ ਸ਼ਰਾਬ ਕਾਰਨ ਦੇਸ਼ ਵਿਚ ਤਤਕਾਲੀਨ ਸਮੇਂ ਵਿਚ 782 ਮੌਤਾਂ ਹੋਈਆਂ ਸਨ। ਉੱਤਰ ਪ੍ਰਦੇਸ਼ ਵਿਚ ਨਕਲੀ ਸ਼ਰਾਬ ਪੀਣ ਕਾਰਨ 137 ਮੌਤਾਂ ਤੋਂ ਬਾਅਦ ਦੂਜਾ ਸੂਬਾ ਜਿੱਥੇ ਨਕਲੀ ਸ਼ਰਾਬ ਨੇ ਸਭ ਤੋਂ ਵੱਧ ਜਾਨਾਂ ਲਈਆਂ, ਉਹ ਪੰਜਾਬ ਸੀ। ਪੰਜਾਬ ਵਿਚ 127 ਮੌਤਾਂ ਨਕਲੀ ਸ਼ਰਾਬ ਕਾਰਨ ਹੋਈਆਂ ਸੀ। ਮੱਧ ਪ੍ਰਦੇਸ਼ ਵਿਚ 106 ਜਦਕਿ ਕਰਨਾਟਕ ਵਿਚ 104 ਮੌਤਾਂ ਦਰਜ ਕੀਤੀਆਂ ਗਈਆਂ। ਨਕਲੀ ਸ਼ਰਾਬ ਲੋਕਾਂ ਦੀ ਜਾਨ ਲੈਣ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ’ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ। ਨਾਜਾਇਜ਼ ਸ਼ਰਾਬ ਦੀ ਤਸਕਰੀ ਅਤੇ ਨਸ਼ੀਲੀਆਂ ਦਵਾਈਆਂ ਦੀ ਉਪਲਬਧਤਾ ਇਸੇ ਕਾਰਨ ਤੋਂ ਸੂਬੇ ਲਈ ਸਮਾਜਿਕ ਰਾਜਨੀਤਕ ਚਿੰਤਾ ਦਾ ਕਾਰਨ ਵੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਨਦੀਆਂ ਅਤੇ ਨਹਿਰਾਂ ਦੇ ਕੰਢਿਆਂ ’ਤੇ ਵੱਖ-ਵੱਖ ਖੇਤਰਾਂ ਵਿਚ ਸ਼ਰਾਰਤੀ ਅਨਸਰਾਂ ਵਲੋਂ ਨਾਜਾਇਜ਼ ਸ਼ਰਾਬ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮਾਂਵਾਂ ਦਾ ਕਾਲਜਾ ਆ ਗਿਆ ਬਾਹਰ, 3 ਪੁੱਤਾਂ ਦੇ ਸਿਹਰੇ ਲਾ ਕੇ ਇਕੱਠਿਆਂ ਬਾਲਿਆ ਸਿਵਾ, ਦੇਖੋ ਵੀਡੀਓ

ਤਿੰਨ ਜ਼ੋਨਾਂ ਦੇ ਡਾਗ ਰਹਿਣਗੇ ਆਨ ਕਾਲ

ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਸਰਕਾਰ ਗੈਰ-ਕਾਨੂੰਨੀ ਸ਼ਰਾਬ ਦੇ ਨਿਰਮਾਣ ਅਤੇ ਤਸਕਰੀ ਨੂੰ ਰੋਕਣ ਲਈ ਬਹੁਤ ਗੰਭੀਰ ਹੈ। ਨਕਲੀ ਸ਼ਰਾਬ ਕਈ ਲੋਕਾਂ ਦੀ ਜਾਨ ਲੈ ਲੈਂਦੀ ਹੈ। ਗੈਰ-ਕਾਨੂੰਨੀ ਢੰਗ ਨਾਲ ਬਣ ਰਹੀ ਨਕਲੀ ਸ਼ਰਾਬ ’ਤੇ ਰੋਕ ਲਗਾਉਣ ਲਈ ਪੰਜਾਬ ਨੂੰ 3 ਜ਼ੋਨਾਂ ਵਿਚ ਵੰਡ ਕੇ ਮੁਹਿੰਮ ਚਲਾਈ ਜਾਵੇਗੀ। ਤਿੰਨਾਂ ਜ਼ੋਨਾਂ ਵਿਚ ਇਕ-ਇਕ ਸਨਿਫਰ ਡਾਗ ਤੈਨਾਤ ਕੀਤਾ ਜਾਵੇਗਾ। ਹਰੇਕ ਜ਼ੋਨ ਦਾ ਸਨੀਫਰ ਡਾਗ ਆਨ ਕਾਲ ’ਤੇ ਰਹੇਗਾ। ਜ਼ੋਨ ਦੇ ਨਾਲ ਲੱਗਦੇ ਇਲਾਕੇ ਤੋਂ ਮਿਲੀ ਨਾਜਾਇਜ਼ ਸ਼ਰਾਬ ਦੀ ਸੂਚਨਾ ਮਿਲਦੇ ਹੀ ਸਨਿਫਰ ਡਾਗ ਟੀਮਾਂ ਦੇ ਨਾਲ ਮੌਕੇ ’ਤੇ ਜਾਏਗਾ ਅਤੇ ਜ਼ਮੀਨ ਦੀ ਡੂੰਘਾਈ ਵਿਚ ਲੁਕੋ ਕੇ ਰੱਖੀ ਹੋਈ ਸ਼ਰਾਬ ਦਾ ਪਤਾ ਲਗਾਏਗਾ। ਸਨਿਫਰ ਡਾਗ ਸ਼ਰਾਬ ਸੁੰਘਣ ਦਾ ਵਧੀਆ ਕੰਮ ਕਰ ਸਕਦੇ ਹਨ। ਡੇਰਾਬੱਸੀ ਸਥਿਤ ਸੈਂਟਰ ਦਾ ਮੁਆਇਨਾ ਕਰ ਲਿਆ ਗਿਆ ਹੈ, ਜਲਦੀ ਹੀ ਦੇਸ਼ ਦੇ ਹੋਰਨਾ ਹਿੱਸਿਆਂ ਵਿਚ ਬਣੇ ਸੈਂਟਰਾਂ ਦਾ ਵੀ ਨਿਰੀਖਣ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਕਿਹੜੀ ਨਸਲ ਦੇ ਸਨਿਫਰ ਡਾਗ ਨੂੰ ਪੰਜਾਬ ਵਿਚ ਲਿਆਂਦਾ ਜਾਵੇਗਾ। ਸਨਿਫਰ ਡਾਗ ਦੀ ਚੰਗੀ ਸਾਂਭ-ਸੰਭਾਲ ਕੀਤੀ ਜਾ ਸਕੇ, ਇਸਦੇ ਲਈ ਟੀਮਾਂ ਨੂੰ ਵੱਖ-ਵੱਖ ਸੈਂਟਰਾਂ ਵਿਚ ਮੌਜੂਦ ਡਾੱਗਸ ਬਾਰੇ ਰਿਪੋਰਟ ਬਣਾਉਣ ਲਈ ਕਿਹਾ ਗਿਆ ਹੈ।

ਸ਼ੁਰੂਆਤ ਵਿਚ 3 ਸਨਿਫਰ ਡਾਗ ਲਿਆਏਗਾ ਵਿਭਾਗ

ਡਾਗ ਦੀ ਖਰੀਦਦਾਰੀ, ਉਨ੍ਹਾਂ ਦੀ ਟਰੇਨਿੰਗ ਅਤੇ ਜ਼ੋਨ ਵਿਚ ਤੈਨਾਤ ਕੀਤੇ ਜਾਣ ਵਾਲੇ ਡਾਗ ਅਤੇ ਉਸਦੇ ਨਾਲ ਦੇ ਸਟਾਫ ’ਤੇ ਕਰੀਬ 50 ਲੱਖ ਰੁਪਏ ਤੱਕ ਦੇ ਖਰਚੇ ਦਾ ਬਜਟ ਰੱਖਿਆ ਗਿਆ ਹੈ, ਹਾਲਾਂਕਿ ਇਸ ਸਭ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐਸ.ਓ.ਪੀ) ਤਿਆਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਸਕੂਲ ਬੱਸਾਂ ਸਣੇ 30 ਗੱਡੀਆਂ ਦੀ ਸਿੱਧੀ ਟੱਕਰ, ਪੈ ਗਿਆ ਭੜਥੂ, ਦੇਖੋ ਵੀਡੀਓ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh