ਪੰਜਾਬ ਸਰਕਾਰ 30 ਨੂੰ ਪਹਿਲੇ ਕੌਮਾਂਤਰੀ ਰੋਜ਼ਗਾਰ ਮੇਲੇ ’ਚ ਦੇਵੇਗੀ 8500 ਨੌਕਰੀਆਂ

07/14/2018 6:35:07 AM

ਜਲੰਧਰ, (ਧਵਨ)- ਪੰਜਾਬ ਸਰਕਾਰ ਨੇ 30 ਜੁਲਾਈ ਨੂੰ ਕੌਮਾਂਤਰੀ ਰੋਜ਼ਗਾਰ ਮੇਲੇ ਮੌਕੇ  ਮੋਹਾਲੀ ’ਚ 8500 ਨੌਕਰੀਆਂ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਹੈ। ਮੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਨੇ ਦੱਸਿਆ ਕਿ ਕੌਮਾਂਤਰੀ ਰੋਜ਼ਗਾਰ ਮੇਲੇ ਦਾ ਆਯੋਜਨ ਸੂਬੇ ’ਚ ਪਹਿਲੀ ਵਾਰ  ਕੀਤਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੇ ਸੰਬੰਧਤ ਵਿਭਾਗ ਨੂੰ ਸੂਬੇ ਦੇ ਨੌਜਵਾਨਾਂ ਨੂੰ  8500 ਨੌਕਰੀਆਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ  ਘਰ-ਘਰ ਰੋਜ਼ਗਾਰ ਯੋਜਨਾ ਨੂੰ ਅੱਗੇ ਵਧਾਉਣ ਦਾ ਫੈਸਲਾ ਸਰਕਾਰ ਵਲੋਂ ਲਿਆ ਗਿਆ ਹੈ। ਵਿਧਾਨ  ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕੈਪਟਨ ਦੀ ਲੀਡਰਸ਼ਿਪ ’ਚ ਘਰ-ਘਰ ਰੋਜ਼ਗਾਰ ਯੋਜਨਾ  ਸ਼ੁਰੂ ਕੀਤੀ ਸੀ, ਜਿਸ ਨੂੰ ਦੇਖਦੇ ਹੋਏ ਵੱਖ-ਵੱਖ ਹਿੱਸਿਆਂ ’ਚ ਰੋਜ਼ਗਾਰ ਮੇਲੇ ਲਾਏ ਜਾ  ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ  ਕਰਵਾਉਣ ਪ੍ਰਤੀ ਵਚਨਬੱਧ ਹਾਂ। ਇਸ ਲਈ ਸਾਰੇ ਸਰਕਾਰੀ ਵਿਭਾਗ ਆਪਣੇ ਵਲੋਂ ਯਤਨ ਕਰ ਹੀ ਰਹੇ  ਹਨ ਪਰ ਕੌਮਾਂਤਰੀ ਰੋਜ਼ਗਾਰ ਮੇਲੇ ’ਚ ਦੇਸ਼ ਦੀਆਂ ਮੋਹਰੀ ਕੰਪਨੀਆਂ ਹਿੱਸਾ ਲੈਣਗੀਆਂ।
ਉਨ੍ਹਾਂ  ਕਿਹਾ ਕਿ ਸੂਬੇ ਦੇ ਕਈ ਹਿੱਸਿਆਂ ਤੋਂ ਬੇਰੋਜ਼ਗਾਰ ਨੌਜਵਾਨ, ਜਿਨ੍ਹਾਂ ਨੇ ਆਪਣੇ ਨਾਂ  ਰਜਿਸਟਰ ਕਰਵਾਏ ਹੋਏ ਹਨ, ਉਹ ਇਸ ਰੋਜ਼ਗਾਰ ਮੇਲੇ ’ਚ ਹਿੱਸਾ ਲੈਣਗੇ। ਮੁੱਖ ਮੰਤਰੀ ਨੇ  ਕਿਹਾ ਕਿ ਅਜਿਹੇ ਕੌਮਾਂਤਰੀ ਰੋਜ਼ਗਾਰ ਮੇਲਿਆਂ ਦਾ ਆਯੋਜਨ ਸਰਕਾਰ ਵਲੋਂ ਹਰ ਸਾਲ ਕੀਤਾ  ਜਾਵੇਗਾ। ਅਜੇ ਤਕ ਲੁਧਿਆਣਾ, ਗੁਰਦਾਸਪੁਰ ਅਤੇ ਮਾਲਵਾ ਦੇ ਕਈ ਹੋਰ ਖੇਤਰਾਂ ’ਚ ਰੋਜ਼ਗਾਰ  ਮੇਲੇ ਲਾਏ ਜਾ ਚੁੱਕੇ ਹਨ ਪਰ ਪਹਿਲੀ ਵਾਰ ਵੱਡੇ ਪੱਧਰ ’ਤੇ ਕੌਮਾਂਤਰੀ ਰੋਜ਼ਗਾਰ ਮੇਲੇ ਦਾ  ਆਯੋਜਨ ਸਰਕਾਰ ਵਲੋਂ ਮੋਹਾਲੀ ’ਚ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ  ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਉਨ੍ਹਾਂ ਦਾ ਮੁੜਵਸੇਬਾ ਜ਼ਰੂਰੀ ਹੈ ਅਤੇ ਅਜਿਹੀ  ਸਥਿਤੀ ’ਚ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਮੇਲੇ ਕਾਫੀ ਸਹਾਇਕ ਸਿੱਧ ਹੋ ਸਕਦੇ ਹਨ।  ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਸੰਬੰਧਤ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਵੱਧ  ਤੋਂ ਵੱਧ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾਵੇ। ਇਸ ਸਬੰਧ ’ਚ ਉਨ੍ਹਾਂ ਦੇ ਮੁੱਖ  ਪ੍ਰਧਾਨ ਸਕੱਤਰ ਸੰਬੰਧਤ ਵਿਭਾਗ ਨਾਲ ਤਾਲਮੇਲ ਬਣਾਇਆ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ  ਕਿ ਉਹ ਹਰ ਮਹੀਨੇ ਇਸ ਗੱਲ ਦੀ ਸਮੀਖਿਆ ਕਰਨਗੇ ਕਿ ਸੂਬੇ ’ਚ ਵੱਖ-ਵੱਖ ਵਿਭਾਗਾਂ ਵਲੋਂ  ਆਪਸੀ ਤਾਲਮੇਲ ਵਲੋਂ ਕਿੰਨੇ ਅਹੁਦਿਆਂ ਨੂੰ ਭਰਿਆ ਜਾ ਰਿਹਾ ਹੈ। ਪ੍ਰਾਈਵੇਟ ਕੰਪਨੀਆਂ ਦਾ  ਇਸ ਸਬੰਧ ’ਚ ਸਰਕਾਰੀ ਵਿਭਾਗ ਸਹਿਯੋਗ ਲੈ ਸਕਦੇ ਹਨ।