ਪੰਜਾਬ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ: ਸੋਨੀ

07/26/2021 8:06:11 PM

ਚੰਡੀਗੜ੍ਹ (ਸ਼ਰਮਾ)- ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਅੱਜ ਇੱਥੇ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਨੈਸ਼ਨਲ ਇੰਸਟੀਚਿਊਟ ਆਫ਼ ਵਾਈਰੋਲੋਜੀ (ਐੱਨ.ਆਈ.ਵੀ.), ਪੁਣੇ ਨਾਲ ਮੈਮੋਰੰਡਮ ਆਫ਼ ਅੰਡਰਸਟੈਂਡਿੰਗ ਨੂੰ ਸਹੀਬੱਧ ਕੀਤਾ ਗਿਆ। ਇਸ ਸਮਝੌਤੇ ’ਤੇ ਡਾਕਟਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਸੁਜਾਤਾ ਸ਼ਰਮਾ ਅਤੇ ਐੱਨ. ਆਈ. ਵੀ., ਪੁਣੇ ਦੇ ਡਾਇਰੈਕਟਰ ਡਾ. ਪਿ੍ਰਯਾ ਅਬਰਾਹਮ ਵਲੋਂ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ, ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਦੀ ਹਾਜ਼ਰੀ ਵਿਚ ਹਸਤਾਖਰ ਕੀਤੇ ਗਏ।

ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਸੰਜੇ ਤਲਵਾੜ ਦੇ ਮਾਤਾ ਜੀ ਦੇ ਦੇਹਾਂਤ ’ਤੇ ਪ੍ਰਗਟਾਇਆ ਦੁੱਖ
ਇਸ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਬੀਤੇ ਵਰ੍ਹੇ ਕੋਰੋਨਾ ਸ਼ੁਰੂ ਹੋਣ ’ਤੇ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ (ਪਟਿਆਲਾ, ਅੰਮਿ੍ਰਤਸਰ, ਫ਼ਰੀਦਕੋਟ) ਦੀਆਂ ਲੈਬ ਨੇ ਕਰੋਨਾ ਸੈਂਪਲ ਦੇ 40 ਟੈਸਟ ਪ੍ਰਤੀ ਦਿਨ ਕਰਨੇ ਸ਼ੁਰੂ ਕੀਤੇ ਸੀ, ਜੋ ਕਿ ਹੁਣ 10-15 ਹਜ਼ਾਰ ਪ੍ਰਤੀ ਦਿਨ ਪ੍ਰਤੀ ਲੈਬ ਟੈਸਟ ਕਰਨ ਦੀ ਸਮਰਥਾ ਹੈ, ਪਰੰਤੂ ਅਜੇ ਵੀ ਕੁਝ ਟੈਸਟ ਜਿਵੇਂ ਕਿ ਜਿਨੋਮਸਿਕਵੇਨਸਿੰਗ/ਕਵਾਲਿਟੀਅਸੋਰੇਨਸ ਆਦਿ ਲਈ ਐੱਨ. ਆਈ. ਵੀ. ਪੁਣੇ ਵਿਖੇ ਭੇਜਣੇ ਪੈਂਦੇ ਹਨ।

ਉਨ੍ਹਾਂ ਕਿਹਾ ਕਿ ਐੱਨ. ਆਈ. ਵੀ. ਪੁਣੇ ਦੇਸ਼ ਦਾ ਆਪਣੀ ਤਰ੍ਹਾਂ ਦਾ ਇਕਲੌਤਾ ਇੰਸਟੀਚਿਊਟ ਹੈ ਜਿਥੇ ਬੀ.ਐੱਸ.ਐੱਲ. 4 ਫੈਸਿਲਟੀ ਉਪਲਬਧ ਹੈ, ਜਿਸ ਸਦਕਾ ਇਹ ਸੰਸਥਾ ਵਿਚ ਵਾਇਰਸ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਟੈਸਟਿੰਗ, ਟੀਚਿੰਗ, ਰਿਸਰਚ ਫੈਸਿਲਟੀ ਉਪਲੱਬਧ ਹੈ। ਇਹ ਭਾਰਤ ਸਰਕਾਰ ਦੇ ਆਈ. ਸੀ. ਐੱਮ. ਆਰ. ਦੀ ਪ੍ਰਮੁੱਖ ਸੰਸਥਾ ਹੈ ਜੋ ਕਿ ਭਾਰਤ ਵਿਚ ਸਾਲ 1952 ਵਿਚ ਸਥਾਪਿਤ ਕੀਤੀ ਗਈ ਸੀ।

ਇਹ ਵੀ ਪੜ੍ਹੋ- ਨਵਜੋਤ ਸਿੱਧੂ ਨੇ ਕਾਂਗਰਸ ਦੀਆਂ ਮੋਹਰੀ ਸੰਸਥਾਵਾਂ ਤੇ 35 ਵਿਭਾਗਾਂ ਤੇ ਸੈੱਲਾਂ ਨਾਲ ਕੀਤੀਆਂ ਬੈਠਕਾਂ

ਸੋਨੀ ਨੇ ਕਿਹਾ ਕਿ ਬੀਤੇ ਵਰ੍ਹੇ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਸੂਬੇ ਵਿਚ ਐੱਨ.ਆਈ.ਵੀ. ਵਰਗੀ ਇਕ ਸੰਸਥਾ ਸਥਾਪਿਤ ਕੀਤੀ ਜਾਵੇ ਜਿਸ ਨੂੰ ਭਾਰਤ ਸਰਕਾਰ ਵਲੋਂ ਮੋਹਾਲੀ ਵਿਖੇ ਐੱਨ.ਆਈ.ਵੀ. ਸੰਸਥਾ ਸਥਾਪਿਤ ਕਰਨ ਲਈ ਮਨਜ਼ੂਰੀ ਦਿੱਤੀ ਗਈ। ਆਈ.ਸੀ.ਐੱਮ.ਆਰ. ਦੀ ਟੀਮ ਵਲੋਂ ਨਿਊ ਚੰਡੀਗੜ੍ਹ ਵਿਚ ਫਾਈਨਲ ਕੀਤੀ ਗਈ 5 ਏਕੜ ਜ਼ਮੀਨ ਦੀ ਰਜਿਸਟਰੀ ਵੀ ਐੱਨ.ਆਈ.ਵੀ. ਦੇ ਨਾਮ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿਚ ਪੰਜਾਬ ਸਰਕਾਰ ਵਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਦਾ ਪ੍ਰਧਾਨ ਬਣਦਿਆਂ ਵਿਵਾਦਾਂ ’ਚ ਘਿਰੇ ਸਿੱਧੂ, ਕਿਸਾਨ ਆਗੂਆਂ ਨੇ ਦੋ ਟੁੱਕ ’ਚ ਦਿੱਤੇ ਜਵਾਬ

ਡਾਕਟਰੀ ਸਿੱਖਿਆ ਬਾਰੇ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਅਤੇ ਖਾਸ ਤੌਰ ’ਤੇ ਪੰਜਾਬ ਲਈ ਇਕ ਇਤਿਹਾਸਕ ਦਿਨ ਹੈ, ਜਦੋਂ ਲਗਭਗ 70 ਸਾਲਾਂ ਬਾਅਦ ਦੇਸ਼ ਦੀ ਦੂਸਰੀ ਐੱਨ.ਆਈ.ਵੀ. ਸੰਸਥਾ ਨਿਊ ਚੰਡੀਗੜ੍ਹ, ਮੋਹਾਲੀ ਵਿਖੇ ਸਥਾਪਿਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਐੱਨ.ਆਈ.ਵੀ. ਸੰਸਥਾ ਲਈ 5 ਏਕੜ ਜ਼ਮੀਨ ਮੁਫ਼ਤ ਦਿੱਤੀ ਗਈ ਹੈ। ਇਹ ਸੰਸਥਾ ਰਿਜਨਲ ਇੰਸਟੀਚਿਊਟ ਵਜੋਂ ਕੰਮ ਕਰੇਗੀ ਜਿਸ ਵਲੋਂ ਵਿਸ਼ਵ ਪੱਧਰੀ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ, ਕੋਰਸਿਜ, ਟ੍ਰੇਨਿੰਗ ਅਤੇ ਰਿਸਰਚ ਦਾ ਕਾਰਜ ਕਰਨ ਤੋਂ ਇਲਾਵਾ ਖਾਸ ਤੌਰ ’ਤੇ ਬਿਮਾਰੀਆਂ ਜਿਵੇਂ ਇੰਫਲੁਏਂਜ਼ਾ, ਏਨਕੇਫਲਿਟਿਸ, ਡੇਂਗੂ, ਚਿਕਣਗੁਨੀਆ, ਇਬੋਲਾ, ਕੋਰੋਨਾ ਆਦਿ ਲਈ ਪੰਜਾਬ ਸਮੇਤ ਗੁਆਂਢੀ ਸੂਬਿਆਂ ਨੂੰ ਟੈਸਟਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

Bharat Thapa

This news is Content Editor Bharat Thapa