ਅਨਾਜ ਮੰਡੀ ’ਚ ਪਈ ਗੰਦਗੀ ਕਾਰਨ ਬੀਮਾਰੀ ਫੈਲਣ ਦਾ ਡਰ

07/27/2018 1:24:30 AM

ਦਿਡ਼੍ਹਬਾ ਮੰਡੀ(ਅਜੈ)–  ਪੰਜਾਬ ਨੂੰ ਹਰਿਆ-ਭਰਿਆ ਤੇ ਸਾਫ-ਸੁਥਰਾ ਬਣਾਉਣ ਲਈ ਭਾਵੇਂ ਪੰਜਾਬ ਸਰਕਾਰ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ ਪਰ ਇਸ ਮੁਹਿੰਮ ਨੂੰ ਸਫਲ ਬਣਾਉਣ ਦੀ ਬਜਾਏ ਸਰਕਾਰ ਦੇ ਕੁਝ ਵਿਭਾਗ ਇਸ ਨੂੰ ਠੁੱਸ ਕਰਦੇ ਨਜ਼ਰ ਆ ਰਹੇ ਹਨ, ਜਿਸ ਦੀ ਮਿਸਾਲ ਅਨਾਜ ਮੰਡੀ ’ਚ ਫੈਲੀ ਗੰਦਗੀ ਤੇ ਚਾਰੇ ਪਾਸੇ ਕਈ-ਕਈ ਦਿਨ ਤੱਕ ਖਡ਼੍ਹਦੇ ਮੀਂਹ ਦੇ ਪਾਣੀ ਤੋਂ ਮਿਲਦੀ ਹੈ,  ਜਿਸ ਕਾਰਨ ਇਥੇ ਬੀਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ । ਅਨਾਜ ਮੰਡੀ ਕਿਸੇ ਪਾਸ਼ ਏਰੀਏ ਤੋਂ ਘੱਟ ਨਹੀਂ ਹੁੰਦੀ ਕਿਉਂਕਿ ਇੱਥੇ ਮੰਡੀਕਰਨ ਬੋਰਡ ਵੱਲੋਂ ਸੇਲ ਕੀਤੇ ਜਾਂਦੇ ਪਲਾਟਾਂ ਦੀ ਕੀਮਤ ਲੱਖਾਂ ਰੁਪਏ ਹੁੰਦੀ ਹੈ। ਰੇਟ ਮੁਤਾਬਕ ਇਥੇ ਰਹਿਣ ਵਾਲੇ ਲੋਕਾਂ ਨੂੰ ਸਹੂਲਤਾਂ ਨਾ-ਮਾਤਰ ਹੀ ਹਨ। ਜੇਕਰ ਮੰਡੀ ’ਚ ਚੱਕਰ ਲਾ ਕੇ ਇਥੋ ਦਾ ਹਾਲ ਵੇਖਿਆ ਜਾਵੇ ਤਾਂ ਥਾਂ-ਥਾਂ ’ਤੇ ਲੱਗੇ ਗੰਦਗੀ ਦੇ ਢੇਰ ਤੇ ਉਨ੍ਹਾਂ ’ਤੇ  ਮੂੰਹ ਮਾਰਦੇ ਪਸ਼ੂ ਅਤੇ ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣਾ  ਮਹਿਕਮੇ ਦੀ ਬਦਇੰਤਜ਼ਾਮੀ ਦੀ ਗਵਾਹੀ ਭਰਦਾ ਹੈ।
ਦੁਕਾਨਦਾਰਾਂ ਦਾ  ਧੰਦਾ ਹੋਇਆ ਚੌਪਟ
ਮੰਡੀ  ’ਚ ਪਾਣੀ ਦੀ ਸਹੀ ਨਿਕਾਸੀ ਨਾ ਹੋਣਾ ਅਤੇ ਇਥੇ ਫੈਲੀ ਗੰਦਗੀ ਕਾਰਨ ਦੁਖੀ ਹੋਏ ਸੁਰੇਸ਼ ਕੁਮਾਰ, ਸੰਜੀਵ ਕੁਮਾਰ, ਸ਼ੈਂਕੀ, ਬੱਬੂ ਬਾਂਸਲ, ਹੈਪੀ ਮਿੱਤਲ, ਰਿੰਕੂ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ ’ਚ ਦੁਕਾਨਦਾਰਾਂ ਨੇ ਕਿਹਾ ਕਿ ਇਥੇ ਕਈ ਦਿਨ ਤੱਕ ਪਾਣੀ ਖਡ਼੍ਹਾ  ਰਹਿਣ ਤੇ ਚਾਰੇ ਪਾਸੇ ਫੈਲੀ ਗੰਦਗੀ ਕਾਰਨ ਰਸਤਾ ਖਰਾਬ ਹੋਣ ਕਰਕੇ ਦੁਕਾਨਾਂ ਦਾ ਕੰਮਕਾਰ ਬਿਲਕੁਲ ਚੌਪਟ ਹੋ ਗਿਆ ਹੈ ਅਤੇ ਗੰਦਗੀ ਕਾਰਨ ਬੀਮਾਰੀ ਫੈਲਣ ਦਾ ਵੀ ਖਦਸ਼ਾ ਹੈ। ਇਸ ਸਬੰਧੀ ਕਈ ਵਾਰ ਖਬਰਾਂ ਪ੍ਰਕਾਸ਼ਿਤ ਹੋਣ ਦੇ ਬਾਵਜੂਦ  ਮੰਡੀਕਰਨ ਬੋਰਡ ਆਪਣੀ ਨੀਂਦ ਤਿਆਗ ਕੇ  ਸਰਕਾਰ ਤੇ ਲੋਕਾਂ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਸਮਝਣ ਲਈ ਤਿਆਰ ਨਹੀਂ, ਜਿਸ ਕਰਕੇ ਇਥੇ ਰਹਿਣ ਵਾਲੇ ਅਤੇ ਦੁਕਾਨਾਂ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਬਹੁਤੀ ਸੋਖੀ ਨਹੀਂ ਹੈ।
ਕੀ ਕਹਿੰਦੇ ਨੇ ਅਧਿਕਾਰੀ
 ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਦਿਡ਼੍ਹਬਾ ਦੇ ਸਕੱਤਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ। ਜਦੋਂ ਅਨਾਜ ਮੰਡੀ ਅੰਦਰ ਫੈਲੀ ਗੰਦਗੀ ਸਬੰਧੀ ਨਗਰ ਪੰਚਾਇਤ ਦਿਡ਼੍ਹਬਾ ਦੇ ਪ੍ਰਧਾਨ ਬਿੱਟੂ ਖਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਨਾਜ ਮੰਡੀ ਤੋਂ ਨਗਰ ਪੰਚਾਇਤ ਕਿਸੇ ਤਰ੍ਹਾਂ ਦਾ ਕੋਈ ਟੈਕਸ ਵਸੂਲ ਨਹੀਂ ਕਰਦੀ ਪਰ ਅਸੀਂ ਲੋਕਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਇਥੇ ਸਫਾਈ ਤੇ ਕੂਡ਼ਾ ਚੁੱਕਣ ਲਈ ਰੇਹਡ਼ੀ ਲਾ ਚੁੱਕੇ ਹਾਂ। ਜਦੋਂਕਿ ਮੰਡੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨਾ ਮਾਰਕੀਟ ਕਮੇਟੀ ਦਾ ਫਰਜ਼ ਹੈ।