ਕਾਲਜਾਂ ਵੱਲੋਂ ਵਸੂਲੀਆਂ ਜਾ ਰਹੀਆਂ ਫੀਸਾਂ ਦੇ ਵਿਰੋਧ ’ਚ ਵਿਦਿਆਰਥੀਆਂ ਨੇ ਸਰਕਾਰ ਦਾ ਫੂਕਿਆ ਪੁਤਲਾ

07/17/2018 5:08:57 AM

ਬਾਘਾਪੁਰਾਣਾ(ਰਾਕੇਸ਼)-ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਵੱਲੋਂ ਪੰਜਾਬ ਦੇ ਸਾਰੇ ਕਾਲਜਾਂ ’ਚ ਦਲਿਤ ਵਿਦਿਆਰਥੀਆਂ ਤੋਂ ਵਸੂਲੀਆਂ ਜਾ  ਰਹੀਆਂ ਫੀਸਾਂ ਦੇ ਵਿਰੋਧ ’ਚ ਪੰਜਾਬ ਸਰਕਾਰ ਦਾ ਪੁਤਲਾ ਫੂਕ  ਕੇ ਨਾਅਰੇਬਾਜ਼ੀ  ਕੀਤੀ ਗਈ। ਇਸ ਮੌਕੇ ਡੀ. ਐੱਸ. ਓ. ਦੀ ਪ੍ਰਧਾਨ ਕਮਲਜੀਤ ਕੌਰ ਰੋਡੇ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਸਾਰੀਆਂ ਲਡ਼ਕੀਆਂ ਦੀ ਪੀ. ਐੱਚ. ਡੀ. ਤੱਕ ਸਿੱਖਿਆ ਮੁਫਤ ਕੀਤੀ ਜਾਵੇਗੀ ਤੇ ਢਾਈ ਲੱਖ ਤੋਂ ਘੱਟ ਆਮਦਨੀ ਵਾਲੇ ਸਾਰੇ ਵਿਦਿਆਰਥੀਆਂ ਦੀ ਸਿੱਖਿਆ ਫ੍ਰੀ ਕੀਤੀ ਜਾਵੇਗੀ ਪਰ ਸੱਤਾ ’ਚ ਆਉਣ  ਤੋਂ ਬਾਅਦ ਕੈਪਟਨ ਸਰਕਾਰ ਸ਼ਰੇਆਮ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ। ਸਰਕਾਰਾਂ ਪਿਛਲੇ ਲੰਬੇ ਸਮੇਂ ਤੋਂ ਕਾਲਜਾਂ  ਨੂੰ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਨਹੀਂ ਦੇ ਰਹੀਆਂ, ਜਿਸ ਕਰਕੇ ਅਧਿਆਪਕ ਤੇ ਮਾਪੇ ਪੀ. ਟੀ. ਏ. ਫੰਡ ਰਾਹੀਂ ਕਾਲਜ ਚਲਾਉਣ ਲਈ ਮਜਬੂਰ ਹਨ। ਉਨ੍ਹਾਂ ਡੀ.ਐੱਸ. ਓ. ਕੋਲੋਂ ਪੀ. ਟੀ. ਏ. ਫੰਡ ਬੰਦ ਕਰਨ ਦੀ ਮੰਗ ਕੀਤੀ। ਸਰਕਾਰ ਸਾਰੇ ਕਾਲਜਾਂ ਨੂੰ ਗ੍ਰਾਂਟਾਂ ਜਾਰੀ ਕਰੇ, ਲਡ਼ਕੀਆਂ ਦੀ ਪੀ. ਐੱਚ. ਡੀ. ਤੱਕ ਵਿਦਿਆ ਮੁਫਤ ਕਰੇ, ਢਾਈ ਲੱਖ ਤੋਂ ਘੱਟ ਆਮਦਨੀ ਵਾਲੇ ਸਾਰੇ ਵਿਦਿਆਰਥੀਆਂ ਦੀ ਫੀਸ ਮੁਆਫ ਕੀਤੀ ਜਾਵੇ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਆਉਂਦੇ ਦਲਿਤ ਵਿਦਿਆਰਥੀਆਂ ਤੋਂ ਫੀਸਾਂ ਲੈਣੀਆਂ ਬੰਦ ਕਰੇ, ਜੇਕਰ ਸਰਕਾਰ ਵੱਲੋਂ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਬਾਕੀ ਵਿਦਿਆਰਥੀਆਂ ਨਾਲ ਮਿਲ ਕੇ ਤਿੱਖਾ ਸੰਘਰਸ਼ ਵਿੱਢੇਗੀ। ਇਸ ਮੌਕੇ ਜਸਵੰਤ ਸਿੰਘ ਸਮਾਲਸਰ, ਹਰਜੀਤ ਸਿੰਘ, ਰਾਜਵੀਰ ਕੋਟਲਾ, ਸਤਪਾਲ ਕੌਰ, ਵਰਿੰਦਰ ਸਿੰਘ, ਸੁਨੀਲ ਆਦਿ ਸ਼ਾਮਲ ਸਨ।