ਬੱਚਿਆਂ ਲਈ ਮੀਜ਼ਲ-ਰੁਬੇਲਾ ਟੀਕਾਕਰਨ ਜ਼ਰੂਰੀ

05/03/2018 6:56:07 AM

ਸੰਗਰੂਰ(ਵਿਵੇਕ ਸਿੰਧਵਾਨੀ,ਰਵੀ) - ਪੰਜਾਬ ਸਰਕਾਰ ਵੱਲੋਂ 1 ਮਈ ਤੋਂ ਸ਼ੁਰੂ ਕੀਤੀ ਗਈ ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ਨੂੰ ਲੈ ਕੇ ਬੱਚਿਆਂ ਦੇ ਮਾਪੇ ਦੁਚਿੱਤੀ 'ਚ ਪਏ ਹੋਏ ਹਨ ਤੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਸ ਟੀਕਾਕਰਨ ਨੂੰ ਲੈ ਕੇ ਅਫਵਾਹਾਂ ਦੀ ਵੀਡੀਓਜ਼ ਇਕ ਨਿਊਜ਼ ਚੈਨਲ ਨੇ ਆਪਣੇ ਚੈਨਲ 'ਤੇ ਵੀ ਚਲਾਈ ਹੈ, ਜਿਸ ਤੋਂ ਬਾਅਦ ਬੱਚਿਆਂ ਦੇ ਮਾਪੇ ਸ਼ਸ਼ੋਪੰਜ 'ਚ ਹਨ ਕਿ ਉਹ ਆਪਣੇ ਬੱਚਿਆਂ ਨੂੰ ਇਹ ਟੀਕਾਕਰਨ ਕਰਵਾਉਣ ਜਾਂ ਨਾ ਕਰਵਾਉਣ।  ਇਸ ਸਬੰਧੀ 'ਜਗ ਬਾਣੀ' ਦੀ ਟੀਮ ਨੇ 9 ਤੋਂ 15 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਮਿਲ ਕੇ ਸਰਵੇਖਣ ਕੀਤਾ ਤਾਂ ਕੁਝ ਮਾਪੇ ਇਸ ਟੀਕਾਕਰਨ ਨੂੰ ਲੈ ਕੇ ਸੰਤੁਸ਼ਟ ਤੇ ਕੁਝ ਅਸੰਤੁਸ਼ਟ ਦਿਖਾਈ ਦਿੱਤੇ। ਧਨੌਲਾ ਤੇ ਸ਼ਹਿਣਾ ਵਿਖੇ ਟੀਕਾਕਰਨ ਨੂੰ ਲੈ ਕੇ ਬੱਚਿਆਂ ਦੇ ਭੜਕੇ ਮਾਪੇ : ਸ਼ਹਿਣਾ ਦੇ ਨਾਲ ਲਗਦੇ ਪਿੰਡ ਮੌੜਾਂ ਦੇ ਹਾਈ ਸਕੂਲ ਵਿਖੇ ਮੀਜ਼ਲ-ਰੁਬੇਲਾ ਟੀਕਾਕਰਨ ਕਰਨ ਪਹੁੰਚੀ ਸਿਹਤ ਵਿਭਾਗ ਦੀ ਟੀਮ ਦਾ ਪਤਾ ਲੱਗਣ 'ਤੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ 'ਚ ਪਹੁੰਚ ਕੇ ਹੰਗਾਮਾ ਖੜ੍ਹਾ ਕੀਤਾ। ਲੱਖ ਸਮਝਾਉਣ ਦੇ ਬਾਵਜੂਦ ਵੀ ਟੀਕਾਕਰਨ ਕਰਵਾਉਣ ਲਈ ਨਹੀਂ ਮੰਨੇ। ਇਸੇ ਤਰ੍ਹਾਂ ਧਨੌਲਾ ਦੀ ਨਵੀਂ ਬਸਤੀ 'ਚ ਟੀਕਾਕਰਨ ਲਈ ਪਹੁੰਚੀ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਕਰ ਰਹੇ ਐੱਸ. ਐੱਮ. ਓ. ਧਨੌਲਾ ਨੂੰ ਨਵੀਂ ਬਸਤੀ ਦੇ ਵਾਸੀਆਂ ਨੇ ਟੀਕੇ ਨਾ ਲਾਏ ਜਾਣ ਦਾ ਦੋ ਟੁਕ ਜਵਾਬ ਦੇ ਦਿੱਤਾ। ਸਰਕਾਰੀ ਪ੍ਰਾਇਮਰੀ ਸਕੂਲ ਨਵੀਂ ਬਸਤੀ ਵਿਖੇ ਇਕੱਠੇ ਹੋਏ ਮੁਹੱਲਾ ਵਾਸੀਆਂ ਨੇ ਕਿਹਾ ਕਿ ਮੀਜ਼ਲ-ਰੁਬੇਲਾ ਟੀਕਾਕਰਨ ਸਬੰਧੀ ਵਾਇਰਲ ਹੋਈ ਵੀਡੀਓ ਦਾ ਜਦੋਂ ਤੱਕ ਜ਼ਿੰਮੇਵਾਰ ਅਧਿਕਾਰੀ ਸਪੱਸ਼ਟੀਕਰਨ ਨਹੀਂ ਦਿੰਦੇ ਅਸੀਂ ਉਦੋਂ ਤੱਕ ਆਪਣੇ ਬੱਚਿਆਂ ਦੇ ਟੀਕੇ ਨਹੀਂ ਲਗਵਾਵਾਂਗੇ। ਬੱਚਿਆਂ ਦੇ ਮਾਪਿਆਂ ਦੇ ਨਾ ਮੰਨਣ 'ਤੇ ਸਿਹਤ ਵਿਭਾਗ ਦੀ ਟੀਮ ਨੂੰ ਆਖਿਰ ਬੇਵੱਸ ਹੋ ਕੇ ਵਾਪਸ ਮੁੜਨਾ ਪਿਆ। ਇਸੇ ਤਰ੍ਹਾਂ ਮਾਮਲੇ ਹੋਰ ਵੀ ਦੇਖਣ ਨੂੰ ਮਿਲੇ। 
ਡੀ. ਸੀ. ਨੇ ਬੱਚਿਆਂ ਨੂੰ ਮੀਜ਼ਲ-ਰੁਬੇਲਾ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ
ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਤੇ ਡਿਪਟੀ ਕਮਿਸ਼ਨਰ ਬਰਨਾਲਾ ਧਰਮਪਾਲ ਗੁਪਤਾ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ਸਬੰਧੀ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ 'ਤੇ ਧਿਆਨ ਨਾ ਦੇਣ ਤੇ ਆਪਣੇ ਬੱਚਿਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਇਹ ਦਵਾਈ ਡਬਲਿਊ. ਐੱਚ. ਓ. ਤੋਂ ਪ੍ਰਮਾਣਿਤ ਹੈ ਅਤੇ ਬਿਲਕੁਲ ਸੇਫ ਹੈ। ਉਨ੍ਹਾਂ ਜ਼ਿਲੇ ਦੇ ਲੋਕਾਂ ਨੂੰ ਇਸ ਮੁਹਿੰਮ ਵਿਚ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਨੇ ਕਿਹਾ ਕਿ ਮੈਂ ਖੁਦ ਆਪਣੀਆਂ ਦੋਵਾਂ ਲੜਕੀਆਂ ਨੂੰ ਇਹ ਟੀਕਾ ਲਵਾ ਰਿਹਾ ਹਾਂ। ਡਿਪਟੀ ਕਮਿਸ਼ਨਰ ਬਰਨਾਲਾ ਧਰਮਪਾਲ ਗੁਪਤਾ ਨੇ ਕਿਹਾ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਿਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਹ ਵੈਕਸੀਨ ਜ਼ਰੂਰ ਲਵਾਉਣ।