...ਤੇ ਹੁਣ ਤੰਗੀ ਦੇ ਹਾਲਾਤ ''ਚ ਬਾਦਲਾਂ ਦੀ ਰਾਹ ''ਤੇ ''ਕੈਪਟਨ ਸਰਕਾਰ''!

02/06/2020 10:18:22 AM

ਚੰਡੀਗੜ੍ਹ : ਸੂਬੇ ਦੀ ਤੰਗ ਆਰਥਿਕ ਹਾਲਤ ਦੇ ਚੱਲਦਿਆਂ ਕੈਪਟਨ ਸਰਕਾਰ ਇਸ ਸਮੇਂ ਕਾਫੀ ਚਿੰਤਾਂ 'ਚ ਡੁੱਬੀ ਹੋਈ ਹੈ, ਇਸ ਲਈ ਕੈਪਟਨ ਸਰਕਾਰ ਵਲੋਂ ਇਸ ਤੰਗੀ ਤੋਂ ਉਭਰਨ ਲਈ ਹੁਣ ਬਾਦਲ ਸਰਕਾਰ ਦੀ ਰਾਹ 'ਤੇ ਚੱਲਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਵੱਖ-ਵੱਖ ਸਰਕਾਰੀ ਪ੍ਰਾਪਰਟੀਆਂ ਦਾ ਸਹਾਰਾ ਲੈਣ ਦੀ ਯੋਜਨਾ ਬਣਾਈ ਹੈ, ਜਿਸ ਲਈ ਸਰਕਾਰ ਨੇ ਰੈਵੇਨਿਊ, ਲੋਕਲ ਬਾਡੀਜ਼, ਪੁੱਡਾ, ਗਮਾਡਾ, ਗਲਾਡਾ ਵਿਭਾਗਾਂ ਨੂੰ ਪ੍ਰਾਪਰਟੀਆਂ ਦਾ ਸਰਵੇ ਕਰਨ ਲਈ ਕਿਹਾ ਹੈ ਤਾਂ ਜੋ ਲੋੜ ਪੈਣ 'ਤੇ ਉਨ੍ਹਾਂ ਪ੍ਰਾਪਰਟੀਆਂ ਨੂੰ ਵੇਚ ਕੇ ਜਾਂ ਗਹਿਣੇ ਪਾ ਕੇ ਸੂਬੇ ਦੇ ਖਰਚਿਆਂ ਨੂੰ ਪੂਰਾ ਕੀਤਾ ਜਾ ਸਕੇ ਪਰ ਸਿਰਫ ਅਜਿਹੀਆਂ ਪ੍ਰਾਪਰਟੀਆਂ ਹੀ ਵੇਚੀਆਂ ਜਾਣਗੀਆਂ, ਜਿਨ੍ਹਾਂ ਦੀ ਕੀਮਤ 10 ਕਰੋੜ ਤੋਂ ਉੱਪਰ ਹੋਵੇਗੀ। ਪਹਿਲਾਂ ਇਸ ਦੇ ਲਈ ਇਕ ਕਮੇਟੀ ਬਣਾਈ ਜਾਵੇਗੀ। ਕਮੇਟੀ ਸਾਰੇ ਵਿਭਾਗਾਂ ਦੀਆਂ ਵੱਖ-ਵੱਖ ਪ੍ਰਾਪਰਟੀਆਂ ਦਾ ਬਿਓਰਾ ਇਕੱਠਾ ਕਰੇਗੀ ਅਤੇ ਫਿਰ ਸਰਕਾਰ ਦੇ ਸਾਹਮਣੇ ਰੱਖੇਗੀ। ਇਸ ਤੋਂ ਬਾਅਦ ਇਸ ਪ੍ਰਸਤਾਵ ਨੂੰ ਕੈਬਨਿਟ 'ਚ ਰੱਖਿਆ ਜਾਵੇਗਾ। ਕੈਬਨਿਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਪ੍ਰਾਪਰਟੀਆਂ ਨੂੰ ਵੇਚਿਆ ਜਾਂ ਗਹਿਣੇ ਰੱਖਿਆ ਜਾ ਸਕੇਗਾ।
ਅਕਾਲੀਆਂ ਨੇ ਵੀ ਵੇਚੀਆਂ ਸੀ ਸਰਕਾਰੀ ਪ੍ਰਾਪਰਟੀਆਂ
ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਵੀ ਪੰਜਾਬ ਦੀਆਂ ਪ੍ਰਾਪਰਟੀਆਂ ਨੂੰ ਗਹਿਣੇ ਰੱਖ ਕੇ ਜਾਂ ਵੇਚ ਕੇ ਸਰਕਾਰ ਦੇ ਖਰਚਿਆਂ ਲਈ ਪੈਸਾ ਇਕੱਠਾ ਕੀਤਾ ਸੀ। ਹਾਲਾਂਕਿ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਨ੍ਹਾਂ ਨੇ ਉਹੀ ਪ੍ਰਾਪਰਟੀਆਂ ਨੂੰ ਵੇਚਿਆ ਹੈ, ਜਿੱਥੋਂ ਸਰਕਾਰ ਨੂੰ ਰੈਵੇਨਿਊ ਆਉਂਦਾ ਰਹੇਗਾ ਅਤੇ ਸਰਕਾਰ ਦੀ ਆਮਦਨ ਦਾ ਸਰੋਤ ਬਣਿਆ ਰਹੇਗਾ।

Babita

This news is Content Editor Babita