ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲਿਆਂ ਦੀ ''ਐਕਸ ਇੰਡੀਆ ਲੀਵ'' ''ਤੇ ਉਲਝੀ ਪੰਜਾਬ ਸਰਕਾਰ

11/14/2019 10:02:16 AM

ਚੰਡੀਗੜ੍ਹ (ਰਮਨਜੀਤ) - ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਰਾਹੀਂ ਜਾਣ ਸਬੰਧੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਯਾਤਰਾ ਨੂੰ ਲੈ ਕੇ ਪੇਚ ਫਸ ਗਿਆ ਹੈ। ਹਾਲਾਂਕਿ ਇਸ ਪੇਚ ਨੂੰ ਦੂਰ ਕਰਨ ਦੀ ਇੱਛਾ ਨਾਲ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਨੇ 8 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ 'ਚ ਸਥਿਤੀ ਸਪੱਸ਼ਟ ਨਾ ਹੋਣ ਕਾਰਨ ਮਾਮਲਾ ਉਲਝ ਗਿਆ। ਹੁਣ ਇਸ ਦਾ ਸਪੱਸ਼ਟੀਕਰਨ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ 9 ਨਵੰਬਰ ਨੂੰ ਭਾਰਤ ਵਲੋਂ ਪਾਕਿ ਸਥਿਤ ਉਕਤ ਗੁਰਦੁਆਰਾ ਸਾਹਿਬ ਲਈ ਰਵਾਨਾ ਹੋਏ ਪਹਿਲੇ ਜਥੇ 'ਚ ਪੰਜਾਬ ਸਰਕਾਰ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ। ਸਰਵਿਸ ਰੂਲਜ਼ ਦੇ ਨਿਯਮਾਂ 'ਚ ਲਿਖਿਆ ਕਿ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਭਾਰਤ ਤੋਂ ਬਾਹਰ ਯਾਤਰਾ ਕਰਦਾ ਹੈ ਤਾਂ ਉਸ ਨੂੰ ਆਪਣੇ ਸਬੰਧਤ ਵਿਭਾਗ ਤੋਂ 'ਐਕਸ ਇੰਡੀਆ ਲੀਵ' ਲੈਣੀ ਪੈਂਦੀ ਹੈ। ਇਹ ਇਕ ਤਰ੍ਹਾਂ ਦੀ ਕਰਮਚਾਰੀ ਵਲੋਂ ਅਧਿਕਾਰਕ ਸੂਚਨਾ ਅਤੇ ਵਿਭਾਗ ਵਲੋਂ ਦਿੱਤੀ ਜਾਣ ਵਾਲੀ ਇਜਾਜ਼ਤ ਹੁੰਦੀ ਹੈ। ਇਸ ਦੇ ਮੱਦੇਨਜ਼ਰ ਕਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਹਾਲਾਂਕਿ ਐਕਸ ਇੰਡੀਆ ਲੀਵ ਲਈ ਅਪਲਾਈ ਕੀਤਾ ਹੋਇਆ ਸੀ ਪਰ ਪ੍ਰਕਿਰਿਆ ਦੀ ਜਟਿਲਤਾ ਅਤੇ ਅਧਿਕਾਰੀਆਂ ਦੇ 'ਰੁਝੇਵਿਆਂ' ਕਾਰਨ ਸਾਰਿਆਂ ਨੂੰ ਐਕਸ ਇੰਡੀਆ ਲੀਵ ਸੈਂਕਸ਼ਨ ਹੋਣਾ ਮੁਸ਼ਕਲ ਲੱਗ ਰਿਹਾ ਸੀ। ਅਜਿਹੇ 'ਚ 'ਬਾਬੂਆਂ' ਨੇ 'ਛੋਟ' ਦਾ ਹੱਲ ਕੱਢਿਆ ਅਤੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ, ਜਿਸ ਮਗਰੋਂ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਨੇ 8 ਨਵੰਬਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ 550ਵੇਂ ਗੁਰਪੁਰਬ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਐਕਸ ਇੰਡੀਆ ਲੀਵ ਲੈਣ ਦੀ ਜ਼ਰੂਰਤ ਨਹੀਂ ਹੈ।

ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਨਾਲ ਪਹਿਲੇ ਜਥੇ 'ਚ ਜਾਣ ਵਾਲੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਰਸਤਾ ਆਸਾਨ ਬਣਾਉਣ ਲਈ ਜਾਰੀ ਕੀਤੇ ਗਏ ਇਸ ਨੋਟੀਫਿਕੇਸ਼ਨ 'ਚ ਜਲਦਬਾਜ਼ੀ 'ਚ ਗਲਤੀ ਇਹ ਹੋ ਗਈ ਕਿ ਇਸ 'ਚ ਤਰੀਕ ਦਾ ਜ਼ਿਕਰ ਕਰਨਾ ਜ਼ਰੂਰੀ ਨਹੀਂ ਸਮਝਿਆ ਗਿਆ। ਹੁਣ ਪੇਚ ਇਹ ਫਸਿਆ ਹੋਇਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ 12 ਨਵੰਬਰ ਨੂੰ ਸੀ ਅਤੇ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਕਰਮਚਾਰੀ 9 ਨਵੰਬਰ ਨੂੰ ਹੀ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਚਲੇ ਗਏ ਸਨ।

ਤਕਨੀਕੀ ਤੌਰ 'ਤੇ ਹੋਈ ਇਸ ਗਲਤੀ ਬਾਰੇ ਸਕੱਤਰੇਤ ਦੇ ਹੀ ਕੁੱਝ 'ਘਾਗ ਬਾਬੂਆਂ' ਨੇ ਅਧਿਕਾਰੀਆਂ ਨੂੰ ਦੱਸਿਆ ਅਤੇ ਇਸ ਦੇ ਦੁਰਗਾਮੀ ਪ੍ਰਭਾਵਾਂ ਦੀ ਵੀ ਜਾਣਕਾਰੀ ਦਿੱਤੀ, ਜਿਸ 'ਚ ਸਰਵਿਸ ਰੂਲਸ ਮੁਤਾਬਿਕ ਮੁਅੱਤਲੀ ਅਤੇ ਹੋਰ ਕਠੋਰ ਸਜ਼ਾ ਦੀ ਵੀ ਵਿਵਸਥਾ ਮੌਜੂਦ ਹੈ। ਜਿਸ ਤੋਂ ਬਾਅਦ ਤੁਰੰਤ ਉਚ ਅਧਿਕਾਰੀਆਂ ਨੇ ਪਰਸੋਨਲ ਵਿਭਾਗ ਨੂੰ ਉਕਤ 'ਛੋਟ' ਵਾਲੇ ਨੋਟੀਫਿਕੇਸ਼ਨ 'ਚ ਸੋਧ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਹੈ। ਪਤਾ ਲੱਗਿਆ ਹੈ ਕਿ ਪਰਸੋਨਲ ਵਿਭਾਗ ਨੇ 'ਸੋਧ' ਕਰਨ ਸਬੰਧੀ ਫਾਈਲ ਬਣਾ ਕੇ ਅੱਗੇ ਵਧਾ ਦਿੱਤੀ ਹੈ।

ਕੋਰੀਡੋਰ ਲਈ ਮਿਲੇ ਐਕਸ ਇੰਡੀਆ ਲੀਵ ਤੋਂ ਸਥਾਈ ਛੋਟ
ਪੰਜਾਬ ਸਕੱਤਰੇਤ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸਰਕਾਰ ਤੋਂ ਮੰਗ ਕਰੇਗੀ ਕਿ ਕਰਤਾਰਪੁਰ ਕੋਰੀਡੋਰ ਰਾਹੀਂ ਦਰਸ਼ਨ ਕਰਨ ਲਈ ਜਾਣ ਵਾਲੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਥਾਈ ਤੌਰ 'ਤੇ 'ਐਕਸ ਇੰਡੀਆ ਲੀਵ' ਤੋਂ ਛੋਟ ਦਿੱਤੀ ਜਾਵੇ। ਅਜਿਹਾ ਇਸ ਲਈ ਹੈ ਕਿਉਂਕਿ ਇਸ ਯਾਤਰਾ 'ਚ ਜਾਣ ਵਾਲਾ ਹਰ ਵਿਅਕਤੀ ਕਰੀਬ 12 ਘੰਟੇ ਹੀ ਭਾਰਤੀ ਸਰਹੱਦ ਤੋਂ ਬਾਹਰ ਰਹਿੰਦਾ ਹੈ ਅਤੇ ਇਥੋਂ ਜਾਣ ਲਈ ਵੀਜ਼ੇ ਦੀ ਵੀ ਜ਼ਰੂਰਤ ਨਹੀਂ ਹੈ।

rajwinder kaur

This news is Content Editor rajwinder kaur