ਪੰਜਾਬ ਸਰਕਾਰ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ, ਸਕੀਮ ਦਾ ਲਾਹਾ ਲੈਣ ਲਈ ਇਹ ਹਨ ਸ਼ਰਤਾਂ (ਵੀਡੀਓ)

Thursday, Sep 18, 2025 - 01:06 PM (IST)

ਪੰਜਾਬ ਸਰਕਾਰ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ, ਸਕੀਮ ਦਾ ਲਾਹਾ ਲੈਣ ਲਈ ਇਹ ਹਨ ਸ਼ਰਤਾਂ (ਵੀਡੀਓ)

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਵੱਡੇ ਐਲਾਨ ਕੀਤੇ ਗਏ ਹਨ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲਾਂ ਬੱਧੀ ਵਿਵਾਦਾਂ ਦੇ ਘੇਰੇ 'ਚ ਰਹੀ ਅਤੇ ਜਿਹੜਾ ਪੈਸਾ ਬੱਚਿਆਂ ਦੀ ਭਲਾਈ ਲਈ ਖ਼ਰਚਿਆ ਜਾਣਾ ਸੀ, ਉਹ ਕਿਤੇ ਹੋਰ ਹੀ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ 'ਚ ਅਸੀਂ ਇਸ ਸਕੀਮ ਨੂੰ ਲੀਹਾਂ 'ਤੇ ਲੈ ਕੇ ਆਏ ਅਤੇ ਜੋ ਵੀ ਇਸ ਦੇ ਦੋਸ਼ੀ ਸਨ, ਉਨ੍ਹਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ। ਡਾ. ਬਲਜੀਤ ਕੌਰ ਨੇ ਕਿਹਾ ਕਿ 2021 ਦੇ ਅਖ਼ੀਰ 'ਚ ਇਕ ਲੱਖ, 76 ਹਜ਼ਾਰ, 842 ਐੱਸ. ਸੀ. ਬੱਚੇ ਉਕਤ ਸਕੀਮ ਦਾ ਲਾਭ ਲੈ ਰਹੇ ਸਨ। ਹੁਣ 2024-25 ਦੌਰਾਨ 2,37,456 ਬੱਚੇ ਇਸ ਸਕੀਮ ਦਾ ਲਾਭ ਲੈ ਰਹੇ ਹਨ ਅਤੇ ਬੱਚਿਆਂ ਦੀ ਗਿਣਤੀ 'ਚ 35 ਫ਼ੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਫਿਰ ਵੱਜੀ ਖ਼ਤਰੇ ਦੀ ਘੰਟੀ! ਖੋਲ੍ਹੇ ਗਏ ਸੁਖ਼ਨਾ ਝੀਲ ਦੇ ਗੇਟ, ਲੋਕਾਂ ਦੇ ਸੁੱਕੇ ਸਾਹ

ਡਾ. ਬਲਜੀਤ ਕੌਰ ਨੇ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ 3,71,000 ਵਿਦਿਆਰਥੀ ਨੇ ਇਸ ਸਕੀਮ ਦਾ ਲਾਹਾ ਲਿਆ ਅਤੇ ਇਨ੍ਹਾਂ ਤਿੰਨ ਸਾਲਾਂ 'ਚ ਦਾਖ਼ਲਾ ਵੱਧ ਕੇ 6,78,000 ਹੋ ਗਿਆ। ਡਾ. ਬਲਜੀਤ ਕੌਰ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਅਸੀਂ ਵੱਡੇ ਕਾਲਜ ਇਸ ਸਕੀਮ ਨਾਲ ਜੋੜਨ ਦੀ ਯੋਜਨਾ ਬਣਾ ਰਹੇ ਸੀ ਅਤੇ ਇਸ ਸਮੇਂ 11 ਵੱਡੇ ਕਾਲਜ ਸਕੀਮ 'ਚ ਸ਼ਾਮਲ ਕੀਤੇ ਜਾ ਰਹੇ ਹਨ। ਇਨ੍ਹਾਂ 'ਚ ਏਮਜ਼ ਬਠਿੰਡਾ, ਆਈ. ਆਈ. ਟੀ. ਰੋਪੜ, ਐੱਨ. ਆਈ. ਟੀ. ਜਲੰਧਰ, ਆਈ. ਆਈ. ਐੱਮ. ਅੰਮ੍ਰਿਤਸਰ, ਨਾਈਪਰ ਮੋਹਾਲੀ, ਨਿਫਟ ਮੋਹਾਲੀ, ਆਈ. ਐੱਸ. ਆਈ. ਚੰਡੀਗੜ੍ਹ, ਥਾਪਰ ਕਾਲਜ ਪਟਿਆਲਾ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਲਾਅ ਪਟਿਆਲਾ, ਆਈਸਰ ਮੋਹਾਲੀ ਅਤੇ ਆਈ. ਐੱਚ. ਐੱਮ. ਗੁਰਦਾਸਪੁਰ ਸੰਸਥਾਵਾਂ 'ਚ ਜਿਹੜੇ ਬੱਚੇ ਮੈਰਿਟ ਦੇ ਆਧਾਰ 'ਤੇ ਦਾਖ਼ਲੇ ਲੈਣਗੇ, ਉਨ੍ਹਾਂ ਨੂੰ ਵੀ ਇਸ ਸਕੀਮ 'ਚ ਸ਼ਾਮਲ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਪੰਜਾਬ 'ਚ ਜ਼ਮੀਨਾਂ 'ਤੇ 5-5 ਫੁੱਟ ਚੜ੍ਹੀ ਰੇਤ, ਇਹ ਜ਼ਿਲ੍ਹੇ ਹੋਏ ਸਭ ਤੋਂ ਵੱਧ ਪ੍ਰਭਾਵਿਤ
ਉੱਚ ਸਿੱਖਿਆ ਲਈ ਬਾਹਰ ਜਾਣ ਵਾਲਿਆਂ ਨੂੰ ਮੰਨਣੀਆਂ ਪੈਣਗੀਆਂ ਆਹ ਸ਼ਰਤਾਂ 
ਡਾ. ਬਲਜੀਤ ਕੌਰ ਨੇ ਕਿਹਾ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਬਾਹਰ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਇਸ ਸਕੀਮ ਦਾ ਲਾਹਾ ਮਿਲੇਗਾ। ਇਸ ਦੇ ਲਈ ਪਰਿਵਾਰਕ ਆਮਦਨ 8 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਬੱਚਿਆਂ ਦੇ ਡਿਗਰੀ 'ਚੋਂ ਅੰਕ 60 ਫ਼ੀਸਦੀ ਹੋਣੇ ਚਾਹੀਦੇ ਹਨ। ਉਮਰ 35 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ 30 ਫ਼ੀਸਦੀ ਰਾਖਵਾਂਕਰਨ ਕੁੜੀਆਂ ਨੂੰ ਦਿੱਤਾ ਜਾਵੇਗਾ। ਇਸ ਦੇ ਲਈ ਪੋਰਟਲ ਖੋਲ੍ਹਿਆ ਗਿਆ ਹੈ। ਇਸ ਪੋਰਟਲ 'ਚ ਦੁਨੀਆ ਭਰ ਦੀਆਂ 500 ਯੂਨੀਵਰਸਿਟੀਆਂ ਦੇ ਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਲਾਭ, ਵੀਜ਼ਾ, ਟਿਊਸ਼ਨ, ਟਿਕਟ ਦਾ ਖ਼ਰਚਾ ਸਰਕਾਰ ਵਲੋਂ ਦਿੱਤਾ ਜਾਵੇਗਾ ਅਤੇ ਮੈਡੀਕਲ ਇੰਸ਼ੋਰੈਂਸ ਵੀ ਸਰਕਾਰ ਵਲੋਂ ਹੋਵੇਗੀ। ਇਕ ਪਰਿਵਾਰ ਦੇ ਦੋ ਬੱਚਿਆਂ ਨੂੰ ਇਸ ਸਕੀਮ ਦਾ ਲਾਹਾ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਨਾਲ ਖੜ੍ਹੀ ਹੈ। ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਅੰਬੇਡਕਰ ਸੰਸਥਾ ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਦੇ ਬੱਚਿਆਂ ਲਈ ਪੀ. ਸੀ. ਐੱਸ. ਲਈ ਇੱਕ ਕਰੈਸ਼ ਕੋਰਸ ਸ਼ੁਰੂ ਕੀਤਾ ਜਾਵੇਗਾ। ਦਾਖ਼ਲਾ ਪ੍ਰੀਖਿਆ 30 ਸਤੰਬਰ ਨੂੰ ਹੋਵੇਗੀ ਅਤੇ 40 ਬੱਚਿਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ, ਇਹ ਦੋ ਮਹੀਨਿਆਂ ਦਾ ਕੋਰਸ ਹੈ, ਜੋ ਦਸੰਬਰ ਤੱਕ ਜਾਰੀ ਰਹੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 
 

 


author

Babita

Content Editor

Related News