ਮਨਰੇਗਾ ਤਹਿਤ 15 ਹਜ਼ਾਰ ਕਾਮਿਆਂ ਨੂੰ ਦਿੱਤਾ ਰੁਜ਼ਗਾਰ : ਅਗਨੀਹੋਤਰੀ

11/17/2017 11:12:51 AM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਸੂਬਾ ਵਾਸੀਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ, ਜਿਸ ਤਹਿਤ ਸਰਕਾਰ ਨੇ ਸਰਬੱਤ ਵਿਕਾਸ ਯੋਜਨਾ ਤਹਿਤ 19 ਨੁਕਾਤੀ ਸਕੀਮਾਂ ਦਾ ਇਕ ਖਰੜਾ ਤਿਆਰ ਕੀਤਾ ਹੈ, ਜਿਨ੍ਹਾਂ ਦਾ ਲਾਭ ਦੇਣ ਲਈ ਲਾਭਪਾਤਰੀਆਂ ਤੱਕ ਜ਼ਿਲਾ ਪ੍ਰਸ਼ਾਸਨ ਰਾਹੀਂ ਪਹੁੰਚ ਕਰ ਕੇ ਉਨ੍ਹਾਂ ਨੂੰ ਬਿਨਾਂ ਖੱਜਲ-ਖੁਆਰੀ ਦੇ ਸਹੂਲਤਾਂ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਕਾਂਗਰਸੀ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਮਨਰੇਗਾ ਸਕੀਮ ਤਹਿਤ 15 ਹਜ਼ਾਰ ਦੇ ਕਰੀਬ ਕਾਮਿਆਂ ਨੂੰ 100 ਦਿਨ ਦੀ ਗਾਰੰਟੀ ਤਹਿਤ ਰੁਜ਼ਗਾਰ ਦਿੱਤਾ ਗਿਆ ਹੈ। ਜ਼ਿਲਾ ਪ੍ਰਸ਼ਾਸਨ ਦੀ ਉਕਤ ਰਿਪੋਰਟ ਮੁਤਾਬਕ ਉਕਤ ਸਕੀਮ ਤਹਿਤ 10 ਕਰੋੜ 48 ਲੱਖ ਰੁਪਏ ਹੁਣ ਤੱਕ ਖਰਚ ਕੀਤੇ ਜਾ ਚੁੱਕੇ ਹਨ ਤੇ 91 ਹਜ਼ਾਰ 561 ਕਾਮਿਆਂ ਨੂੰ ਜਾਬ ਕਾਰਡ ਬਣਾ ਕੇ ਦੇਣ ਦੇ ਨਾਲ 1 ਲੱਖ 54 ਹਜ਼ਾਰ 941 ਨਵੇਂ ਕਾਮਿਆਂ ਦੀ ਰਜਿਸਟਰੇਸ਼ਨ ਵੀ ਕੀਤੀ ਗਈ ਹੈ। 
ਉਨ੍ਹਾਂ ਦੱਸਿਆ ਕਿ ਸਰਬੱਤ ਵਿਕਾਸ ਯੋਜਨਾ ਤਹਿਤ 19 ਤਰ੍ਹਾਂ ਦੀਆਂ ਸਹੂਲਤਾਂ ਸਰਕਾਰ ਲੋਕਾਂ ਨੂੰ ਘਰ ਬੈਠਿਆਂ ਦੇਣ ਜਾ ਰਹੀ ਹੈ, ਜਿਸ 'ਚ ਆਟਾ-ਦਾਲ, ਪੈਨਸ਼ਨ, ਸ਼ਗਨ ਸਕੀਮ, 5 ਮਰਲੇ ਦੇ ਪਲਾਟ, ਕੱਚਿਆਂ ਘਰਾਂ ਨੂੰ ਪੱਕੇ ਕਰਨ, 1.50 ਲੱਖ ਰੁਪਏ ਦਾ ਕੈਂਸਰ ਰਾਹਤ ਕੋਸ਼ ਫੰਡ, ਨਸ਼ਾ ਪ੍ਰਭਾਵਿਤ ਪਰਿਵਾਰ, ਬੇਸਹਾਰਾ ਬਜ਼ੁਰਗ, ਕੁਦਰਤੀ ਆਫਤਾਂ ਤੋਂ ਪੀੜਤ ਪਰਿਵਾਰ, ਖੁਦਕੁਸ਼ੀ ਨਾਲ ਪ੍ਰਭਾਵਿਤ ਪਰਿਵਾਰ ਆਦਿ ਸਮੇਤ ਹੋਰ ਅਜਿਹੀਆਂ ਸਹੂਲਤਾਂ ਹਨ, ਜਿਨ੍ਹਾਂ ਨੂੰ ਹਰ ਵਰਗ ਦੇ ਲੋੜਵੰਦ ਵਿਅਕਤੀ ਤੱਕ ਨਿਰਪੱਖ ਤੌਰ 'ਤੇ ਪੁੱਜਦਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਵਿਧਾਇਕ ਡਾ. ਅਗਨੀਹੋਤਰੀ ਨੇ ਕਿਹਾ ਕਿ ਕੈਪਟਨ ਸਰਕਾਰ ਅਕਾਲੀ ਸਰਕਾਰ ਵਾਂਗ ਬਦਲੇ ਦੀ ਰਾਜਨੀਤੀ ਨਹੀਂ ਸਗੋਂ ਬਦਲਾਅ ਦੀ ਸਿਆਸਤ 'ਚ ਯਕੀਨ ਰੱਖਦੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਦਾ ਯਤਨ ਕਰ ਰਹੇ ਹਨ।