ਪੰਜਾਬ ''ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ, ਅਫਸਰੀ ਰਾਜ ਦਾ ਬੋਲਬਾਲਾ : ਸੁਖਬੀਰ

09/25/2018 8:51:50 AM

ਅਹਿਮਦਗੜ੍ਹ (ਪੁਰੀ, ਇਰਫਾਨ)— ਮੇਲਾ ਛਪਾਰ ਮੌਕੇ ਮੀਂਹ ਕਾਰਨ ਅਕਾਲੀ ਦਲ ਮਾਨ ਅਤੇ 'ਆਪ' ਵੱਲੋਂ ਕਾਨਫਰੰਸਾਂ ਰੱਦ ਕਰ ਦਿੱਤੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵਲੋਂ ਕਾਨਫਰੰਸਾਂ ਕੀਤੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਥੇ ਇਕ ਰਿਜ਼ੋਰਟ ਵਿਚ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਨਾਲ ਨਿਖੇਧੀ ਕਰਦਿਆਂ ਸਰਕਾਰ ਨੂੰ ਹਰ ਫਰੰਟ 'ਤੇ ਫੇਲ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ, ਸਿਰਫ ਅਫਸਰਸ਼ਾਹੀ ਦਾ ਹੀ ਰਾਜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੈਪਟਨ ਸਰਕਾਰ ਡਰ ਤੇ ਭੈਅ ਦਾ ਮਾਹੌਲ ਪੈਦਾ ਕਰ ਕੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾ ਕੇ ਲੁੱਟ-ਖਸੁੱਟ ਕਰਨਾ ਚਾਹੁੰਦੀ ਹੈ। ਪੰਚਾਇਤੀ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਕਾਂਗਰਸ ਪਾਰਟੀ ਨੇ ਨਹੀਂ ਸਗੋਂ ਪੁਲਸ ਤੇ ਪ੍ਰਸ਼ਾਸਨ ਨੇ ਲੜੀਆਂ ਹਨ ਜੋ ਕਾਂਗਰਸ ਦੀ ਜਿੱਤ ਨਹੀਂ ਪੁਲਸ ਦੀ ਜਿੱਤ ਹੋਈ ਹੈ। ਬਾਦਲ ਨੇ ਭਾਰੀ ਮੀਂਹ ਦੇ ਬਾਵਜੂਦ ਕਾਨਫਰੰਸ ਲਈ ਚੰਗੇ ਪ੍ਰਬੰਧਾਂ ਲਈ ਮਨਪ੍ਰੀਤ ਇਆਲੀ ਦੀ ਪ੍ਰਸ਼ੰਸਾ ਕੀਤੀ ਅਤੇ ਕਾਨਫਰੰਸ 'ਚ ਪੁੱਜੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਸੂਬੇ ਦੀ ਅਫਸਰਸ਼ਾਹੀ ਨੂੰ ਸਖਤ ਸ਼ਬਦਾਂ ਨਾਲ ਤਾੜਨਾ ਕੀਤੀ ਅਤੇ ਨਾਲ ਹੀ ਵਰਕਰਾਂ ਦੀ ਪਿੱਠ ਠੋਕਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਐਮਰਜੈਂਸੀ ਤੋਂ ਬਾਅਦ ਹੁਣ ਉਹੀ ਦੌਰ ਨੂੰ ਲਿਆਉਣ ਦੀ ਯੋਜਨਾ ਬਣਾ ਰਹੀ ਕਾਂਗਰਸ ਸਰਕਾਰ ਭੁੱਲ ਜਾਵੇ ਕਿ ਉਹ ਹੁਣ ਲੋਕਾਂ ਨੂੰ ਡਰਾ ਧਮਕਾ ਕੇ ਰਾਜ ਕਰਦੀ ਰਹੇਗੀ। ਮਜੀਠੀਆ ਨੇ ਸੇਵਾ ਕੇਂਦਰਾਂ ਨੂੰ ਬੰਦ ਕਰਨ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਾ ਇਹ ਵੱਡਾ ਉਪਰਾਲਾ ਸੀ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲਣੀ ਸੀ ਪਰ ਕਾਂਗਰਸ ਸਰਕਾਰ ਨੇ ਸੇਵਾ ਕੇਂਦਰਾਂ ਨੂੰ ਤਾਲੇ ਲਾ ਕੇ ਸੂਬੇ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਇਸ ਮੌਕੇ  ਮਜੀਠੀਆ ਨੇ ਪੰਚਾਇਤੀ ਚੋਣਾਂ ਅੰਦਰ 'ਆਪ' ਦਾ ਝਾੜੂ ਤੀਲਾ-ਤੀਲਾ ਹੋ ਜਾਣ ਦੀ ਗੱਲ ਵੀ ਆਖੀ।

ਕਾਨਫਰੰਸ ਦੇ ਇੰਚਾਰਜ  ਮਨਪ੍ਰੀਤ ਸਿੰਘ ਇਆਲੀ ਨੇ ਰੈਲੀ 'ਚ ਜੁੜੀ ਵਿਸ਼ਾਲ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਜੋਸ਼ ਨਾਲ ਵਰਕਰਾਂ ਨੇ ਪੰਚਾਇਤੀ ਚੋਣਾਂ 'ਚ ਡਟ ਕੇ ਲੜਾਈ ਲੜੀ ਉਸ ਤੋਂ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਭਾਰੀ ਜਿੱਤ ਹਾਸਲ ਕਰੇਗਾ। ਇਸ ਕਾਨਫਰੰਸ ਨੂੰ ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਚਰਨਜੀਤ ਸਿੰਘ ਅਟਵਾਲ, ਸ਼ਰਨਜੀਤ ਸਿੰਘ ਢਿੱਲੋਂ, ਇਕਬਾਲ ਸਿੰਘ ਝੂੰਦਾਂ, ਦਰਸ਼ਨ ਸਿੰਘ ਸ਼ਿਵਾਲਕ, ਹੀਰਾ ਸਿੰਘ ਗਾਬੜੀਆ, ਐੱਸ. ਐੱਸ. ਕਲੇਰ, ਸੰਤਾ ਸਿੰਘ ਉਮੈਦਪੁਰੀ, ਜਗਜੀਤ ਸਿੰਘ ਤਲਵੰਡੀ, ਰਘਵੀਰ ਸਿੰਘ ਸਹਾਰਨਮਾਜਰਾ, ਨੁਸਰਤ ਇਕਰਾਮ ਖਾਂ, ਈਸ਼ਰ ਸਿੰਘ ਮਿਹਰਬਾਨ, ਰਣਜੀਤ ਸਿੰਘ ਢਿੱਲੋਂ, ਇੰਦਰ ਇਕਬਾਲ ਸਿੰਘ ਅਟਵਾਲ, ਜਗਬੀਰ ਸਿੰਘ ਸੋਖੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਥੇ. ਜਗਤਾਰ ਸਿੰਘ ਲਤਾਲਾ, ਜਥੇ. ਅਜਮੇਰ ਸਿੰਘ ਰਤਨ, ਡਾ. ਅਮਰਜੀਤ ਸਿੰਘ ਮੁੱਲਾਂਪੁਰ, ਕੁਲਦੀਪ ਸਿੰਘ ਮੋਹੀ ਆਦਿ ਹਾਜ਼ਰ ਸਨ।