ਕੇਂਦਰ ਨਾਲ ਚੱਲ ਰਹੇ ਰੇੜਕੇ ਦੌਰਾਨ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਮਿਲਣ ਦਾ ਦਿੱਤਾ ਸੱਦਾ

11/07/2020 4:15:26 PM

ਖੰਨਾ : ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਅਤੇ ਕਿਸਾਨਾਂ 'ਚ ਚੱਲ ਰਹੇ ਰੇੜਕੇ ਵਿਚਕਾਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਬੈਠਕ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਜੇਕਰ ਕਿਸਾਨ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ ਤਾਂ ਉਹ ਅੱਧੀ ਰਾਤ ਨੂੰ ਵੀ ਉਨ੍ਹਾਂ ਨੂੰ ਮਿਲਣ ਲਈ ਤਿਆਰ ਹਨ।

ਇਹ ਵੀ ਪੜ੍ਹੋ : ਪਤਨੀ ਨੂੰ ਡਰਾਉਣ ਲਈ ਨੌਜਵਾਨ ਨੇ ਖ਼ੁਦ 'ਤੇ ਛਿੜਕਿਆ ਤੇਲ, ਸੱਸ ਨੇ ਲਗਾ ਦਿੱਤੀ ਅੱਗ

ਇਕ ਪੰਜਾਬੀ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਤਿਆਰ ਹਨ ਪਰ ਸੂਬਾ ਸਰਕਾਰ ਕੇਂਦਰ ਦੇ ਬਣਾਏ ਕਾਨੂੰਨ ਨੂੰ ਰੱਦ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਲੈ ਕੇ ਕੋਈ ਦਿੱਕਤ ਸੀ ਤਾਂ ਉਹ ਕੇਂਦਰ ਨੂੰ ਸੁਝਾਅ ਦੇ ਸਕਦੀ ਸੀ ਪਰ ਉਨ੍ਹਾਂ ਨੇ ਕੇਂਦਰ ਨੂੰ ਕੋਈ ਸੁਝਾਅ ਨਹੀਂ ਭੇਜਿਆ, ਸਗੋਂ ਕਿਸਾਨੀ ਵਿਰੋਧ ਨੂੰ ਹਵਾ ਦਿੱਤੀ।

ਇਹ ਵੀ ਪੜ੍ਹੋ : ਡਾਕਟਰਾਂ ਦੀ ਗ਼ਲਤੀ ਕਾਰਨ ਕੱਟਣਾ ਪਿਆ ਬੱਚੇ ਦਾ ਹੱਥ, ਲੱਗਾ 50 ਲੱਖ ਦਾ ਜੁਰਮਾਨਾ

ਉਨ੍ਹਾਂ ਕਿਹਾ ਕਿ ਕਿਸਾਨ ਉਨ੍ਹਾਂ ਨਾਲ ਗੱਲ ਕਰਨ ਪਰ ਇਸ ਮਾਮਲੇ 'ਤੇ ਸਿਆਸਤ ਤੋਂ ਬਚਿਆ ਜਾਵੇ। ਉੱਧਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਵੀ ਖੇਤੀ ਮੰਤਰੀ ਦੇ ਆਫਰ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਖੇਤੀਬਾੜੀ ਮੰਤਰੀ ਬੁਲਾਉਣਗੇ ਤਾਂ ਉਹ ਜ਼ਰੂਰ ਜਾਣਗੇ। ਹੁਣ ਦੇਖਣਾ ਹੋਵੇਗਾ ਕਿ ਖੇਤੀਬਾੜੀ ਮੰਤਰੀ ਨਾਲ ਕਿਸਾਨਾਂ ਦੀ ਮੁਲਾਕਾਤ ਕਦੋਂ ਹੋਵੇਗੀ। ਹਾਲਾਂਕਿ ਕਿਸਾਨ ਜੱਥੇਬੰਦੀਆਂ ਨੂੰ ਪਹਿਲਾਂ ਵੀ ਮਿਲਣ ਦਾ ਸੱਦਾ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ ਦੀਵਾਲੀ 'ਤੇ ਨਹੀਂ ਚੱਲਣਗੇ 'ਪਟਾਕੇ', ਲਾਈ ਗਈ ਮੁਕੰਮਲ ਪਾਬੰਦੀ

ਜੱਥੇਬੰਦੀਆਂ ਦੇ ਆਗੂ ਕੇਂਦਰ ਨਾਲ ਮੁਲਾਕਾਤ ਲਈ ਦਿੱਲੀ ਵੀ ਗਏ ਸੀ ਪਰ ਉੱਥੇ ਕੋਈ ਵੀ ਆਗੂ ਉਨ੍ਹਾਂ ਨਾਲ ਮੁਲਾਕਾਤ ਲਈ ਹਾਜ਼ਰ ਨਹੀਂ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਗੁੱਸੇ 'ਚ ਆ ਕੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਸੀ।

 

Babita

This news is Content Editor Babita