ਚੋਣ ਜੰਗ 'ਚ ਸ਼ਬਦਾਂ ਦੀ ਮਰਿਆਦਾ ਤਾਰ-ਤਾਰ, ਗੂੰਜ ਰਹੇ 'ਸ਼ਰਾਬੀ', 'ਨਿਕੰਮੇ', 'ਬੇਈਮਾਨ' ਸ਼ਬਦ

05/08/2019 10:10:35 AM

ਚੰਡੀਗੜ੍ਹ (ਅਸ਼ਵਨੀ) - ਪੰਜਾਬ ਦੀ ਚੋਣ ਜੰਗ 'ਚ ਸ਼ਬਦਾਂ ਦੀ ਮਰਿਆਦਾ ਤੇਜ਼ੀ ਨਾਲ ਤਾਰ-ਤਾਰ ਹੋ ਰਹੀ ਹੈ। ਜਿਵੇਂ-ਜਿਵੇਂ ਵੋਟਾਂ ਦੀ ਤਰੀਕ ਨੇੜੇ ਆ ਜਾ ਰਹੀ ਹੈ, ਉਝ ਹੀ ਸਿਆਸੀ ਮੰਚ ਤੋਂ 'ਸ਼ਰਾਬੀ', 'ਨਿਕੰਮੇ', 'ਨਾਲਾਇਕ', 'ਘਟੀਆ', 'ਬੇਈਮਾਨ', 'ਹੰਕਾਰੀ', 'ਲੁਟੇਰੇ', 'ਬੇਸ਼ਰਮ' ਜਿਹੇ ਸ਼ਬਦਾਂ ਦੀ ਗੂੰਜ ਤੇਜ਼ ਹੁੰਦੀ ਜਾ ਰਹੀ ਹੈ। ਉਝ ਤਾਂ ਗੈਰ ਮਰਿਆਦਾ ਵਾਲੇ ਸ਼ਬਦਾਂ ਦੇ ਇਸਤੇਮਾਲ 'ਚ ਕੋਈ ਵੀ ਉਮੀਦਵਾਰ ਪਿੱਛੇ ਨਹੀਂ ਹੈ ਪਰ ਪ੍ਰਦੇਸ਼ ਦੀ ਸਿਆਸਤ 'ਚ ਰਸੂਖ ਰੱਖਣ ਵਾਲੀਆਂ ਵੱਡੀਆਂ ਸਿਆਸੀ ਪਾਰਟੀਆਂ ਦੇ ਨੇਤਾ ਵੀ ਮੰਚ ਤੋਂ ਇਕ-ਦੂਜੇ 'ਤੇ ਤਿੱਖਾ ਹਮਲਾ ਕਰ ਰਹੇ ਹਨ। ਇਥੋਂ ਤੱਕ ਕਿ ਮੁੱਖ ਮੰਤਰੀ ਅਹੁਦੇ ਦੀ ਮਾਣ-ਮਰਿਆਦਾ ਨੂੰ ਵੀ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੰਗਲਵਾਰ ਨੂੰ ਆਪਣੀਆਂ ਸਾਰੀਆਂ ਚੋਣ ਰੈਲੀਆਂ 'ਚ ਕਈ ਵਾਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਸ਼ਬਦਾਂ ਦੀ ਮਰਿਆਦਾ ਨੂੰ ਤਾਰ-ਤਾਰ ਕੀਤਾ।

ਸ਼ਾਮ ਨੂੰ ਸ਼ਾਹਕੋਟ 'ਚ ਚੋਣ ਜਨਸਭਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਸਮਰਥਕਾਂ ਵਲੋਂ ਟਾਈਮ ਪੁੱਛਦਿਆਂ ਇਹ ਕਹਿ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਮਜ਼ਾਕ ਉਡਾਇਆ ਕਿ ਹੁਣ ਅਮਰਿੰਦਰ ਸਿੰਘ ਨਹੀਂ ਮਿਲਣਗੇ। ਉਨ੍ਹਾਂ ਦਾ 'ਸ਼ਰਾਬ' ਪੀਣ ਦਾ ਟਾਈਮ ਸ਼ੁਰੂ ਹੋ ਗਿਆ ਹੈ। ਕਾਂਗਰਸੀ ਨੇਤਾ ਵੀ ਮਰਿਆਦਾ ਦੇ ਬੋਝ ਹੇਠ ਦੱਬੇ ਨਹੀਂ ਹੋਏ ਹਨ। ਉਹ ਵੀ ਖੁੱਲ੍ਹ ਕੇ ਵਿਰੋਧੀ ਧਿਰ 'ਤੇ ਤਿੱਖੇ ਹਮਲੇ ਕਰ ਰਹੇ ਹਨ। ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਬਾਦਲ ਪਰਿਵਾਰ ਖਿਲਾਫ ਕਈ ਤਿੱਖੇ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਹਨ। ਮੰਗਲਵਾਰ ਨੂੰ ਹੀ ਚੋਣ ਰੈਲੀਆਂ ਦੌਰਾਨ ਉਨ੍ਹਾਂ ਨੇ ਬਾਦਲ ਪਰਿਵਾਰ ਦੇ 'ਕਾਰੋਬਾਰ' 'ਤੇ ਉਂਗਲ ਚੁੱਕਦਿਆਂ 'ਬੇਈਮਾਨ', 'ਹੰਕਾਰੀ', 'ਲੁਟੇਰੇ', 'ਬੇਸ਼ਰਮ' ਵਰਗੇ ਸ਼ਬਦਾਂ ਨਾਲ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ 'ਹੰਕਾਰ' ਨਾਲ ਭਰਿਆ ਹੋਇਆ ਹੈ, ਪਰ ਇਸ ਚੋਣ 'ਚ ਇਨ੍ਹਾਂ ਦਾ ਹੰਕਾਰ ਟੁੱਟ ਜਾਵੇਗਾ।

ਸਵ. ਰਾਜੀਵ ਗਾਂਧੀ ਦੇ ਨਾਮ ਦੀ ਦਸਤਕ :
ਸ਼ਬਦਾਂ ਦੀ ਗਰਮੀ ਵਿਚਕਾਰ ਪੰਜਾਬ ਦੀ ਸਿਆਸਤ 'ਚ ਹੁਣ ਸਵ. ਰਾਜੀਵ ਗਾਂਧੀ ਦਾ ਜ਼ਿਕਰ ਵੀ ਸੁਣਾਈ ਦੇਣਾ ਲੱਗਾ ਹੈ। ਪੰਜਾਬ 'ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਪਹਿਲੀ ਵਾਰ ਸਵ. ਰਾਜੀਵ ਗਾਂਧੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਇਹ ਗਿਰਾਵਟ ਦੀ ਹੱਦ ਹੈ। ਰਾਜਨੀਤਕ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਸ਼ਬਦਾਂ ਦੀ ਗਰਮੀ ਵਿਚਕਾਰ ਪੰਜਾਬ ਦੀ ਸਿਆਸਤ 'ਚ ਅਤੀਤ ਦੇ ਪੰਨਿਆਂ ਨਾਲ ਭਵਿੱਖ ਦੀ ਕਹਾਣੀ ਲਿਖੀ ਜਾਵੇਗੀ। ਰਾਜਨੀਤਕ ਮਾਹਿਰਾਂ ਦੀ ਮੰਨੀਏ ਤਾਂ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਵ. ਰਾਜੀਵ ਗਾਂਧੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਤੋਂ ਹੀ ਇਹ ਤੈਅ ਹੋ ਗਿਆ ਸੀ ਕਿ ਲੋਕਸਭਾ ਚੋਣ ਦੇ ਅੰਤਮ ਪੜਾਅ 'ਚ ਪੰਜਾਬ ਦੇ ਅਤੀਤ ਨਾਲ ਜੁੜੇ ਪੰਨਿਆਂ ਨੂੰ ਪਲਟਿਆ ਜਾਵੇਗਾ। ਖਾਸ ਤੌਰ 'ਤੇ ਅਤੀਤ ਦੀਆਂ ਉਨ੍ਹਾਂ ਘਟਨਾਵਾਂ ਨੂੰ ਚੋਣ ਰੈਲੀਆਂ 'ਚ ਦੁਹਰਾਇਆ ਜਾਵੇਗਾ, ਜੋ ਸਿੱਧੇ ਤੌਰ 'ਤੇ ਭਾਵਨਾਵਾਂ ਨਾਲ ਜੁੜੀਆਂ ਹਨ। ਇਸ ਕੜੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਗਾਤਾਰ ਚੋਣ ਰੈਲੀਆਂ 'ਚ ਸਿੱਖ ਵਿਰੋਧੀ ਦੰਗਿਆਂ ਦਾ ਜ਼ਿਕਰ ਕਰ ਰਹੇ ਹਨ। ਪਿਛਲੇ ਦਿਨੀਂ ਹੋਈਆਂ ਰੈਲੀਆਂ 'ਚ ਉਨ੍ਹਾਂ ਨੇ ਲਗਾਤਾਰ ਸਿੱਖ ਵਿਰੋਧੀ ਦੰਗਿਆਂ ਨੂੰ ਖੁਰਚਦਿਆਂ ਇਸ ਲਈ 'ਗਾਂਧੀ ਪਰਿਵਾਰ' ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਾਜਨੀਤਕ ਮਾਹਿਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ 'ਚ ਇਸ ਮੁੱਦੇ 'ਤੇ ਸਿਆਸਤ ਤੇਜ਼ ਹੋਵੇਗੀ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁੱਲ੍ਹੇਆਮ ਸਵ. ਰਾਜੀਵ ਗਾਂਧੀ ਦੇ ਨਾਮ 'ਤੇ ਕਾਂਗਰਸ ਨੂੰ ਚੋਣ ਲੜਨ ਦੀ ਚੁਣੌਤੀ ਦੇ ਚੁੱਕੇ ਹਨ, ਇਸ ਲਈ ਸੰਭਵ ਹੈ ਕਿ ਪੰਜਾਬ 'ਚ 10 ਮਈ ਨੂੰ ਹੁਸ਼ਿਆਰਪੁਰ ਅਤੇ 13 ਮਈ ਨੂੰ ਬਠਿੰਡਾ 'ਚ ਹੋਣ ਵਾਲੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ 'ਚ ਅਤੀਤ ਦੀਆਂ ਕਈ ਕਹਾਣੀਆਂ ਨੂੰ ਦੁਹਰਾਇਆ ਜਾਵੇ।

rajwinder kaur

This news is Content Editor rajwinder kaur