ਸਿੱਖਿਆ ਵਿਭਾਗ ਦਾ ਅਹਿਮ ਫੈਸਲਾ, ਅਧਿਆਪਕਾਂ ਨੂੰ ਨਹੀਂ ਮਿਲੇਗੀ ਚਾਇਲਡ ਕੇਅਰ ਤੇ ਵਿਦੇਸ਼ੀ ਛੁੱਟੀ

12/16/2022 10:20:19 AM

ਲੁਧਿਆਣਾ (ਵਿੱਕੀ)- ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੀ ਤਿਆਰੀ ਕਰਵਾਉਣ ਅਤੇ ਅਧਿਆਪਕਾਂ ਤੇ ਹੋਰ ਸਟਾਫ ਦੀ ਛੁੱਟੀ ਕਾਰਨ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਭਾਗ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਚਾਇਲਡ ਕੇਅਰ ਅਤੇ ਵਿਦੇਸ਼ੀ ਛੁੱਟੀ ਮਨਜ਼ੂਰ ਕਰਨ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਵਿਭਾਗ ਵੱਲੋਂ ਇਸ ਸਬੰਧੀ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ) ਅਤੇ ਸਕੂਲ ਮੁਖੀਆਂ ਨੂੰ ਜਾਰੀ ਇਕ ਪੱਤਰ ’ਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਸਮਾਂ ਨੇੜੇ ਆ ਗਿਆ ਹੈ ਅਤੇ ਇਸ ਸਮੇਂ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਹਾਈ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਅਧਿਆਪਕਾਂ ਵੱਲੋਂ ਪੜ੍ਹਾਉਣ ਦੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਸਕੂਲਾਂ ’ਚ ਨਾਨ-ਟੀਚਿੰਗ ਸਟਾਫ ਦਾ ਵੀ ਕਾਫੀ ਮਹੱਤਵ ਹੈ। ਇਸ ਲਈ ਜਨਵਰੀ, ਫਰਵਰੀ ਅਤੇ ਮਾਰਚ ਮਹੀਨੇ ਦੌਰਾਨ ਚਾਇਲਡ ਕੇਅਰ ਲੀਵ ਅਤੇ ਵਿਦੇਸ਼ੀ ਛੁੱਟੀ ਮਨਜ਼ੁੂਰ ਨਾ ਕੀਤੀ ਜਾਵੇ ਅਤੇ ਨਾ ਹੀ ਇਸ ਸਬੰਧੀ ਸਿਫਾਰਸ਼ ਕੀਤੀ ਜਾਵੇ ਪਰ ਜੇਕਰ ਕਿਸੇ ਅਧਿਕਾਰੀ, ਮੁਲਾਜ਼ਮ ਦਾ ਬੱਚਾ 3 ਸਾਲ ਤੋਂ ਛੋਟਾ ਹੈ ਅਤੇ ਕਿਸੇ ਗੰਭੀਰ ਬੀਮਾਰੀ ਤੋਂ ਗ੍ਰਸਤ ਹੈ ਤਾਂ ਅਜਿਹੇ ਹਾਲਾਤ ’ਚ ਚਾਇਲਡ ਕੇਅਰ ਲੀਵ ਦੇ ਸਬੰਧ ’ਚ ਸਿਵਲ ਸਰਜਨ ਦੇ ਸਰਟੀਫਿਕੇਟ ਸਿਫਾਰਸ਼ ਵਜੋਂ ਅਤੇ ਵਿਦੇਸ਼ੀ ਛੁੱਟੀ ਲਈ ਨਾ-ਟਾਲਣਯੋਗ ਹਾਲਾਤ ’ਚ ਛੁੱਟੀਆਂ ਦਾ ਫੈਸਲਾ ਮੁੱਖ ਦਫਤਰ ਵਿਖੇ ਕੀਤਾ ਜਾਵੇਗਾ।


cherry

Content Editor

Related News