''ਮਾਵਾਂ ਦੇ ਪੁੱਤਾਂ ਨੂੰ ਨਸ਼ੇ ਤੋਂ ਬਚਾਉਣ ਲਈ ਅਸੀਂ ਖੁਦ ਇਲਾਜ ਕਰਵਾਉਣ ਲਈ ਲੈ ਕੇ ਜਾਵਾਂਗੇ''

07/30/2018 11:19:50 AM

ਹੁਸ਼ਿਆਰਪੁਰ (ਜ. ਬ.)— ਕਾਂਗਰਸ ਪਾਰਟੀ ਦੀ ਆਗੂ ਨਿਮਿਸ਼ਾ ਮਹਿਤਾ ਹਲਕਾ ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ 'ਚ ਜਾ ਕੇ ਨਸ਼ਾ ਵਿਰੋਧੀ ਮੁਹਿੰਮ 'ਆਓ ਮਾਵਾਂ ਦੇ ਪੁੱਤ ਬਚਾਈਏ ਗੜ੍ਹਸ਼ੰਕਰ 'ਚੋਂ ਨਸ਼ਾ ਮੁਕਾਈਏ' ਦੇ ਤਹਿਤ ਪਿਛਲੇ ਕੁਝ ਦਿਨਾਂ ਤੋਂ ਦੌਰਾ ਕਰ ਰਹੀ ਹੈ। ਇਸ ਮੁਹਿੰਮ ਦੇ ਤਹਿਤ ਨਿਮਿਸ਼ਾ ਮਹਿਤਾ ਅਤੇ ਉਸ ਦੇ ਸਾਥੀ ਕਾਂਗਰਸੀ ਆਗੂ ਪਿੰਡਾਂ ਦੇ ਬਜ਼ੁਰਗ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਨਸ਼ੇ ਦੇ ਜੰਜ਼ਾਲ ਵਿਚ ਫਸੇ ਨਸ਼ੇਖੋਰਾਂ ਨੂੰ ਇਲਾਜ ਵਾਲੇ ਪਾਸੇ ਲੈ ਕੇ ਜਾਣ ਦੀ ਅਪੀਲ ਕਰ ਰਹੇ ਹਨ।
ਨਿਮਿਸ਼ਾ ਮਹਿਤਾ ਉਨ੍ਹਾਂ ਨੂੰ ਦੱਸਦੀ ਹੈ, ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸੇ ਹੋਏ ਹਨ, ਉਨ੍ਹਾਂ ਮਾਵਾਂ ਦੇ ਪੁੱਤਰਾਂ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਦਾ ਇਲਾਜ ਕਰਵਾਉਣ ਲਈ ਉਹ ਆਪ ਪ੍ਰਬੰਧ ਕਰਵਾਏਗੀ। ਪਿੰਡਾਂ 'ਚ ਵੱਖ-ਵੱਖ ਬੈਠਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਸ਼ਾ ਵੇਚਣ ਵਾਲੇ 13 ਹਜ਼ਾਰ ਤੋਂ ਵੀ ਵੱਧ ਸਮੱਗਲਰਾਂ 'ਤੇ ਮਾਮਲੇ ਦਰਜ ਕਰ ਚੁਕੀ ਹੈ।
ਉਸ ਨੇ ਕਿਹਾ ਕਿ ਬੇਸ਼ੱਕ ਸਰਕਾਰ ਦੁਆਰਾ ਨਸ਼ੇ ਦੇ ਤਸਕਰਾਂ 'ਤੇ ਸਖਤੀ ਕੀਤੀ ਜਾ ਰਹੀ ਹੈ ਪਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਜਿਨ੍ਹਾਂ ਮਾਂ-ਬਾਪ ਦੇ ਪੁੱਤਰ ਕੁਸੰਗਤ 'ਚ ਫਸ ਗਏ ਹਨ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ। ਨਿਮਿਸ਼ਾ ਮਹਿਤਾ ਨੇ ਨਸ਼ਾ ਤਸਕਰਾਂ ਅਤੇ ਪੁਲਸ ਮੁਲਾਜ਼ਮਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਾ ਤਾਂ ਨਸ਼ਾ ਵੇਚਣ ਵਾਲੇ ਬਖਸ਼ੇ ਜਾਣਗੇ ਅਤੇ ਜੇਕਰ ਕਿਸੇ ਖਾਕੀ ਵਾਲੇ ਦੀ ਨਸ਼ਾ ਤਸਕਰ ਨਾਲ ਮਿਲੀਭੁਗਤ ਦਾ ਪਤਾ ਲੱਗਦਾ ਹੈ ਤਾਂ ਯਾਦ ਰਹੇ ਕਿ ਉਹ ਵੀ ਬਖਸ਼ਿਆ ਨਹੀਂ ਜਾਵੇਗਾ।
ਜ਼ਿਕਰਯੋਗ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਲਈ ਨਿਮਿਸ਼ਾ ਮਹਿਤਾ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਲੋਕ ਇਨ੍ਹਾਂ ਬੈਠਕਾਂ ਵਿਚ ਗਰਮਜ਼ੋਸ਼ੀ ਨਾਲ ਹਿੱਸਾ ਲੈ ਰਹੇ ਹਨ। ਇਸ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਉਹ ਦਰਜਨ ਦੇ ਕਰੀਬ ਪਿੰਡਾਂ ਦਾ ਦੌਰਾ ਕਰ ਚੁੱਕੀ ਹੈ, ਜਿਨ੍ਹਾਂ ਵਿਚ ਬਿੰਜੋ, ਮਜਾਰਾ ਢੀਂਗਰੀਆਂ, ਪਦਰਾਣਾ ਅਤੇ ਬਡੇਸਰੋਂ ਸ਼ਾਮਲ ਹਨ। ਇਨ੍ਹਾਂ ਬੈਠਕਾਂ 'ਚ ਗੁਰਦਿਆਲ ਰਾਮ ਸਾਬਕਾ ਸਰਪੰਚ ਮਜਾਰਾ ਢੀਂਗਰੀਆਂ, ਪਰਮਜੀਤ ਸਿੰਘ, ਸਰਪੰਚ ਰਾਜਿੰਦਰ ਸਿੰਘ ਭਜਲਾਂ, ਸਰਵਣ ਸਿੰਘ ਸਰਪੰਚ, ਐਡਵੋਕੇਟ ਹਰਮੇਸ਼ ਆਜ਼ਾਦ, ਸੁਰਜੀਤ ਸਿੰਘ ਸਰਪੰਚ ਬਡੇਸਰੋਂ, ਚੂਹੜ ਸਿੰਘ ਪੰਚ, ਮਲਕੀਤ ਰਾਮ ਪੰਚ, ਸਤੀਸ਼ ਕੁਮਾਰ ਅਤੇ ਪੰਡਿਤ ਹਰੀ ਚੰਦ ਵੀ ਮੌਜੂਦ ਸਨ।