ਕੈਪਟਨ ਦਾ ਵੱਡਾ ਬਿਆਨ, ਨਸ਼ੇ ਨਾਲ ਨਹੀਂ ਨਸ਼ੇ ਦੀ ਕਮੀ ਨਾਲ ਮਰ ਰਹੇ ਨੇ ਨੌਜਵਾਨ (ਵੀਡੀਓ)

07/09/2018 6:58:40 PM

ਹੁਸ਼ਿਆਰਪੁਰ (ਅਮਰੀਕ ਕੁਮਾਰ,ਘੁੰਮਣ)— ਪੰਜਾਬ 'ਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦੇ ਮੁੱਦੇ 'ਤੇ ਵੱਡਾ ਬਿਆਨ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਹੋ ਰਹੀਆਂ ਮੌਤਾਂ ਦਾ ਕਾਰਨ ਨਸ਼ਾ ਨਹੀਂ ਸਗੋਂ ਨਸ਼ਾ ਨਾ ਮਿਲਣਾ ਹੈ, ਜਿਸ ਕਰਕੇ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਨਸ਼ੇ 'ਤੇ ਨਕੇਲ ਕੱਸੀ ਗਈ ਹੈ, ਜਿਸ ਤੋਂ ਬਾਅਦ ਨਸ਼ਾ ਮਹਿੰਗਾ ਹੋ ਗਿਆ ਹੈ ਅਤੇ ਨੌਜਵਾਨਾਂ ਦੀ ਪਹੁੰਚ ਤੋਂ ਬਾਹਰ ਹੋਣ ਕਾਰਨ ਪੰਜਾਬ 'ਚ ਇਹ ਮੌਤਾਂ ਹੋ ਰਹੀਆਂ ਹਨ। ਪੀ. ਆਰ. ਟੀ. ਸੀ. ਜਹਾਨ ਖੇਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਸਵਾਮੀਨਾਥਨ ਦੀ ਰਿਪੋਰਟ ਨੂੰ ਇਨ-ਬਿਨ ਲਾਗੂ ਕੀਤਾ ਜਾਵੇ, ਉਦੋਂ ਤੱਕ ਐੱਮ. ਐੱਸ. ਪੀ. ਵਧਾਉਣ ਨਾਲ ਕੋਈ ਖਾਸ ਫਰਕ ਨਹੀਂ ਪੈਣਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਤੇ ਸਰਕਾਰ ਵੱਲੋਂ ਪੰਜਾਬ ਅੰਦਰ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਇਸ 'ਚ ਬਖਸ਼ਿਆ ਨਹੀਂ ਜਾਵੇਗਾ। ਨਸ਼ਿਆਂ ਦਾ ਨੈੱਟਵਰਕ ਟੁੱਟਣ ਕਰਕੇ ਅੱਜ ਨਸ਼ੇੜੀ ਹੋਰ ਖਤਰਨਾਕ ਨਸ਼ੇ ਲੈ ਰਹੇ ਹਨ ਅਤੇ ਮੌਤ ਦਾ ਗ੍ਰਾਸ ਬਣ ਰਹੇ ਹਨ। ਮਾਂ-ਬਾਪ ਆਪਣੇ ਬੱਚਿਆਂ ਨੂੰ ਨਸ਼ਾ ਛੁਡਾਊ ਕੇਂਦਰਾਂ 'ਚ ਲੈ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜਲਦ ਹੀ ਨਸ਼ਿਆਂ ਤੋਂ ਮੁਕਤੀ ਦਿਵਾ ਦਿੱਤੀ ਜਾਵੇਗੀ। ਡੋਪ ਟੈਸਟ ਦੇ ਮੁੱਦੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੁਲਸ ਅਤੇ ਹੋਰ ਮੁਲਾਜ਼ਮਾਂ ਦੇ ਡੋਪ ਟੈਸਟ ਦਾ ਫੈਸਲਾ ਬਿਲਕੁਲ ਜਾਇਜ਼ ਹੈ। ਉਨ੍ਹਾਂ ਕਿਹਾ ਕਿ ਡੋਪ ਟੈਸਟ ਆਰਮੀ 'ਚ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਗਲਿੰਗ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਰੁਤਬੇ 'ਤੇ ਹੋਵੇ। 
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਰਾਜਜੀਤ ਸਿੰਘ ਹੁੰਦਲ ਦਾ ਕੇਸ ਹਾਈਕੋਰਟ 'ਚ ਚੱਲ ਰਿਹਾ ਹੈ, ਜਿਸ ਦੀ ਅਗਲੀ ਤਾਰੀਕ 25 ਜੁਲਾਈ ਹੈ ਅਤੇ ਹਾਈਕੋਰਟ ਵੱਲੋਂ ਹੀ ਇਸ ਕੇਸ ਸਬੰਧੀ ਐੱਸ. ਟੀ. ਐੱਫ. ਬਣਾਈ ਗਈ ਹੈ, ਜਿਸ ਨੇ ਆਪਣੀ ਰਿਪੋਰਟ ਹਾਈਕੋਰਟ ਨੂੰ ਸੌਂਪ ਦਿੱਤੀ ਹੈ। 
ਉਨ੍ਹਾਂ ਕਿਹਾ ਕਿ ਰਾਜਜੀਤ ਸਿੰਘ ਵੱਲੋਂ ਆਪਣਾ ਪਾਸਪੋਰਟ ਪੰਜਾਬ ਪੁਲਸ ਦੇ ਮੁੱਖ ਦਫਤਰ 'ਚ ਜਮ੍ਹਾ ਕਰਵਾ ਦਿੱਤਾ ਗਿਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਨਾਲ ਨਾ ਜੁੜੇ ਹੋਣ ਦੀ ਗੱਲ ਕਹਿ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਕੇਸ ਈ. ਡੀ. ਕੋਲ ਹੈ ਅਤੇ ਇਸ ਦੀ ਇਨਕੁਆਰੀ ਚੱਲ ਰਹੀ ਹੈ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਭ ਕੁਝ ਸਾਫ ਹੋਵੇਗਾ। ਸੁਖਪਾਲ ਖਹਿਰਾ ਦੇ ਡੋਪ ਟੈਸਟ ਸਬੰਧੀ ਬਿਆਨ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਖਹਿਰਾ ਨੂੰ ਤਾਂ ਬੋਲਣ ਲਈ ਕੋਈ ਨਾ ਕੋਈ ਗੱਲ ਚਾਹੀਦੀ ਹੈ। ਦੱਸਣਯੋਗ ਹੈ ਕਿ ਨੌਜਵਾਨਾਂ ਦੀਆਂ ਬਾਹਾਂ 'ਚ ਲੱਗੀਆਂ ਸਰੀਜ਼ਾਂ ਨੇ ਇਹ ਤਾਂ ਸਾਫ ਕਰ ਦਿੱਤਾ ਸੀ ਕਿ ਪੰਜਾਬ 'ਚ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ।