ਨਸ਼ਿਆਂ ਦੇ ਦਲਦਲ ''ਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਸ਼ੁਰੂ ਕੀਤੀ ਨਵੀਂ ਪਹਿਲ

09/24/2018 5:31:13 PM

ਹੁਸ਼ਿਆਰਪੁਰ— ਨਸ਼ਿਆਂ ਦੀ ਦਲਦਲ 'ਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਕੌਸ਼ਲ ਉਰਫ ਬੀਰਾ ਅਤੇ ਉਸ ਦੇ 61 ਸਾਥੀਆਂ ਨੇ ਮਿਲ ਕੇ ਇਕ ਗਰੁੱਪ ਬਣਾਇਆ ਹੈ। ਦੋਸਤ ਗਰੁੱਪ ਪ੍ਰਬੰਧਕ ਵੀਰ ਕੌਸ਼ਲ ਨੇ ਦੱਸਿਆ ਕਿ ਪਿੰਡ ਸ਼ਹੀਦਾਂ ਅਤੇ ਬੱਸੀ ਹਸਤ ਖਾਂ ਦੇ ਨੌਜਵਾਨਾਂ ਨੇ ਮਿਲ ਕੇ ਨਸ਼ਿਆਂ ਖਿਲਾਫ ਮੁਹਿੰਮ ਚਲਾ ਰੱਖੀ ਹੈ। ਇਹ ਗਰੁੱਪ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪਿੰਡਾਂ 'ਚ ਜਾ ਕੇ ਉਨ੍ਹਾਂ ਨੂੰ ਆਪਣੇ ਨਾਲ ਜੋੜਦਾ ਹੈ। ਉਨ੍ਹਾਂ ਨੂੰ ਆਪਣੇ ਵੱਲੋਂ ਖੋਲ੍ਹੇ ਗਏ ਜਿਮ 'ਚ ਪ੍ਰੈਕਟਿਸ ਕਰਵਾਉਂਦਾ ਹੈ। 

ਇਸ ਕਾਰਨ ਬਣਾਇਆ ਗਰੁੱਪ 
ਪਿੰਡ ਬੱਸੀ ਦੌਲਤ ਖਾਂ ਨੇ ਵੀਰ ਕੌਸ਼ਲ ਉਰਫ ਬੀਰਾ, ਜੱਗੀ, ਗੋਰੀ, ਗੁਰਬਹਾਦਰ ਬਾਹੀਆਂ, ਹੁਸ਼ਿਆਰ ਭਲਵਾਨ ਭੀਲੋਵਾਲ, ਕੁਲਵੰਤ ਮਹਿਤਪੁਰ, ਸੋਨੀ ਪਿਲਚੂ, ਜਹਾਨ ਖੇਲਾਂ, ਲਵਲੀ ਜਲੋਵਾਲ, ਸੋਨੂੰ ਮਹਿਲਾਵਾਲੀ ਲੱਕੀ, ਬਿਮਲ ਬੱਸੀ ਹਸਤ ਖਾਂ ਬਜਵਾੜਾ ਅਤੇ ਦੀਪਾ ਰਵਿਦਾਸ ਨਗਰ ਹੁਸ਼ਿਆਰਪੁਰ ਆਦਿ ਨੌਜਵਾਨਾਂ ਨੇ ਦੱਸਿਆ ਕਿ ਉਹ 62 ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਤੋਂ ਹਨ। 
ਗਰੁੱਪ ਦੇ 15 ਦੇ ਕਰੀਬ ਮੈਂਬਰ ਪਹਿਲਵਾਨੀ ਕਰਦੇ ਹਨ ਅਤੇ ਦੋ ਦਰਜਨ ਦੇ ਕਰੀਬ ਫੁੱਟਬਾਲ ਖਿਡਾਰੀ ਹਨ। ਸਾਰੇ ਨੌਜਵਾਨ ਆਪਣਾ-ਆਪਣਾ ਕਾਰੋਬਾਰ ਕਰ ਰਹੇ ਹਨ। ਵੀਰ ਕੌਸ਼ਲ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਪਿੰਡ ਕੈਂਪ 'ਚ ਦੋ ਨੌਜਵਾਨਾਂ ਦੀ ਮੌਤ ਨਸ਼ਿਆਂ ਕਾਰਨ ਹੋਈ ਤਾਂ ਉਨ੍ਹਾਂ ਤੋਂ ਪਰਿਵਾਰ ਦਾ ਦੁੱਖ ਦੇਖਿਆ ਹੀ ਨਹੀਂ ਗਿਆ। ਇਨ੍ਹਾਂ ਮੌਤਾਂ ਕਾਰਨ ਪਰਿਵਾਰ ਦੇ ਮੈਂਬਰਾਂ ਦਾ ਦਰਦ ਉਨ੍ਹਾਂ ਤੋਂ ਸਹਿਣ ਨਹੀਂ  ਕੀਤਾ ਜਾ ਸਕਿਆ ਤਾਂ ਉਨ੍ਹਾਂ ਨੇ ਇਕ ਅਜਿਹਾ ਕਰਨ ਦਾ ਮਨ ਮਨਾਇਆ ਕਿ ਨਸ਼ਿਆਂ ਦੀ ਇਸ ਦਲਦਲ ਤੋਂ ਜਿੰਨਾ ਉਨ੍ਹਾਂ ਤੋਂ ਹੋ ਸਕਿਆ  ਨੌਜਵਾਨਾਂ ਨੂੰ ਇਸ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ।