ਪੰਜਾਬ DGP ਦਾ ਵੱਡਾ ਖੁਲਾਸਾ, ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਗਏ ਸਨ ਤਿੰਨ ਤਰ੍ਹਾਂ ਦੇ ਹਥਿਆਰ

05/29/2022 10:47:36 PM

ਮਾਨਸਾ-ਪੰਜਾਬ ਪੁਲਸ ਦੇ ਡੀ. ਜੀ. ਪੀ. ਵੀਰੇਸ਼ ਕੁਮਾਰ ਭਾਵਰਾ ਨੇ ਦੇਰ ਸ਼ਾਮ ਦਾਅਵਾ ਕੀਤਾ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਗੈਂਗਵਾਰ ਦਾ ਨਤੀਜਾ ਹੋ ਸਕਦੀ ਹੈ ਪਰ ਅਜੇ ਸਾਰੇ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ। ਉਸ ਦੇ ਆਧਾਰ ’ਤੇ ਹੀ ਪੁਖਤਾ ਜਾਣਕਾਰੀ ਹਾਸਲ ਹੋਵੇਗੀ। ਡੀ. ਜੀ. ਪੀ. ਨੇ ਕਿਹਾ ਕਿ ਆਈ. ਜੀ. ਬਠਿੰਡਾ ਦੀ ਅਗਵਾਈ ਵਿਚ ਐੱਸ. ਆਈ. ਟੀ. ਬਣਾ ਦਿੱਤੀ ਗਈ ਹੈ, ਜੋ ਘਟਨਾ ਦੀ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਛੇਤੀ ਹੀ ਦੋਸ਼ੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ।

ਦੇਰ ਸ਼ਾਮ ਪੰਜਾਬ ਪੁਲਸ ਹੈੱਡਕੁਆਰਟਰ ਵਿਚ ਪੱਤਰਕਾਰ ਸੰਮੇਲਨ ਦੌਰਾਨ ਡੀ. ਜੀ. ਪੀ. ਭਾਵਰਾ ਨੇ ਕਿਹਾ ਕਿ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ’ਤੇ ਲਗਭਗ ਸਾਢੇ 5 ਵਜੇ ਦੇ ਲਗਭਗ 2 ਗੱਡੀਆਂ ਵਿਚ ਆਏ ਲੋਕਾਂ ਵਲੋਂ ਹਮਲਾ ਕੀਤਾ ਗਿਆ। ਡੀ.ਜੀ.ਪੀ. ਭਾਵਰਾ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਮੌਕੇ ਤੋਂ ਤਕਰੀਬਨ 30 ਗੋਲੀਆਂ ਦੇ ਖੋਲ ਬਰਾਮਦ ਹੋਏ ਹਨ ਅਤੇ ਇਸ ਹਮਲੇ ਵਿਚ 9 ਐੱਮ. ਐੱਮ. ਅਤੇ 45 ਬੋਰ ਦੇ ਹਥਿਆਰਾਂ ਦਾ ਇਸਤੇਮਾਲ ਹੋਇਆ ਕਿਉਂਕਿ ਵਾਰਦਾਤ ਦੀ ਜਗ੍ਹਾ ਤੋਂ ਮਿਲੇ ਕਾਰਤੂਸਾਂ ਦੇ ਖੋਲ ਦੇਖ ਕੇ ਇਸ ਦਾ ਅੰਦਾਜ਼ਾ ਲਾਇਆ ਗਿਆ ਹੈ।

ਇਹ ਵੀ ਪੜ੍ਹੋ : ਮਨੀਲਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ

ਡੀ. ਜੀ. ਪੀ. ਨੇ ਕਿਹਾ ਕਿ ਇਹ ਹਮਲਾ ਗੈਂਗਵਾਰ ਦਾ ਮਾਮਲਾ ਲਗਦਾ ਹੈ ਕਿਉਂਕਿ ਕੁਝ ਮਹੀਨੇ ਪਹਿਲਾਂ ਹੋਈ ਵਿੱਕੀ ਮਿੱਢੂਖੇੜਾ ਦੀ ਹੱਤਿਆ ਦੇ ਮਾਮਲੇ ਵਿਚ ਇਕ ਸ਼ੱਕੀ ਦੇ ਤੌਰ ’ਤੇ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਦੀਪ ਸਿੰਘ ਦਾ ਨਾਂ ਸਾਹਮਣੇ ਆਇਆ ਸੀ ਜੋ ਕਿ ਅਜੇ ਤਕ ਫਰਾਰ ਹੈ। ਇਹ ਵੀ ਧਿਆਨ ਵਿਚ ਆਇਆ ਹੈ ਕਿ ਸੋਸ਼ਲ ਮੀਡੀਆ ਰਾਹੀਂ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸ਼ੰਘਾਈ 'ਚ ਲੋਕਾਂ ਨੇ ਲਾਕਡਾਊਨ ਹਟਾਉਣ ਦੀ ਕੀਤੀ ਮੰਗ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

Karan Kumar

This news is Content Editor Karan Kumar