ਤਸਵੀਰਾਂ ''ਚ ਦੇਖੋ ਕਿਵੇਂ ਸੋਸ਼ਲ ਡਿਸਟੈਂਸਿੰਗ ਦੀਆਂ ਖੁਦ ਪ੍ਰਸ਼ਾਸਨਿਕ ਅਧਿਕਾਰੀ ਹੀ ਉਡਾ ਰਹੇ ਧੱਜੀਆਂ

03/30/2020 6:22:15 PM

ਸੁਲਤਾਨਪੁਰ ਲੋਧੀ (ਸੋਢੀ)— ਪੰਜਾਬ ਲਗਾਤਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ ਕੁਲ 39 ਮਾਮਲੇ ਪਾਜ਼ੀਟਿਵ ਸਾਹਮਣੇ ਆ ਚੁੱਕੇ ਹਨ। ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਅਤੇ ਜਨਤਾ ਦੇ ਬਚਾਓ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿੱਥੇ ਪੂਰੇ ਭਾਰਤ 'ਚ ਹੀ 14 ਅਪ੍ਰੈਲ ਤੱਕ ਬੰਦ ਦੇ ਆਦੇਸ਼ ਜਾਰੀ ਕੀਤੇ ਹੋਏ ਹਨ।

ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਕਰਫਿਊ ਲਗਾਉਂਦੇ ਹੋਏ ਜਨਤਾ 'ਚ ਸੋਸ਼ਲ ਡਿਸਟੈਂਸਿੰਗ ਬਣਾਉਣ ਲਈ ਹਰ ਸੰਭਵ ਉਪਰਾਲੇ ਕਰਨ ਦੇ ਆਦੇਸ਼ ਜਾਰੀ ਕੀਤੇ ਸਨ ਪਰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਿਦਾਇਤਾਂ ਦੀ ਪਾਲਣਾ ਆਮ ਭੋਲੀ ਜਨਤਾ ਨੇ ਤਾਂ ਕੀ ਕਰਨੀ ਹੈ ਸਗੋਂ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਹੀ ਇਨ੍ਹਾਂ ਹਿਦਾਇਤਾਂ ਦੀ ਉਲੰਘਣਾ ਕਰ ਰਹੇ ਹਨ। 


ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਵੱਖ-ਵੱਖ ਅਖਬਾਰਾਂ ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕ-ਦੂਜੇ ਤੋਂ ਢੁੱਕਵੀਂ ਦੂਰੀ ਘੱਟੋ-ਘੱਟ 1 ਤੋਂ 2 ਮੀਟਰ ਤੱਕ ਦੀ ਦੂਰੀ ਬਣਾਉਣ ਪਰ ਇਨ੍ਹਾਂ ਹਿਦਾਇਤਾਂ ਨੂੰ ਨਾਂ ਮੰਨਦੇ ਹੋਏ ਕੁਝ ਸਰਕਾਰੀ ਸਿਵਲ ਅਤੇ ਪੁਲਸ ਅਧਿਕਾਰੀ ਅਤੇ ਕੁਝ ਰਾਜਨੀਤਕ ਆਗੂ ਇਕ-ਦੂਜੇ ਨਾਲ ਜੁੜ ਕੇ ਰਾਸ਼ਨ ਵੰਡ ਰਹੇ ਹਨ ਅਤੇ ਖੁਦ ਕੋਰੋਨਾ ਨੂੰ ਸੱਦਾ ਦੇ ਰਹੇ ਹਨ। 


ਭਾਰਤ 'ਚ ਕਰਫਿਊ ਲਗਾਏ ਜਾਣ ਤੋਂ ਬਾਅਦ ਇਸ ਸਮੇਂ ਕੋਰੋਨਾ ਵਾਇਰਸ ਨੂੰ ਰੋਕਣ ਚ ਵੱਡੀ ਸਫਲਤਾ ਮਿਲ ਰਹੀ ਹੈ ਪਰ ਜੇਕਰ ਇਸੇ ਤਰ੍ਹਾਂ ਇਕ-ਦੂਜੇ ਤੋਂ ਢੁੱਕਵੀਂ ਦੂਰੀ ਦਾ ਖਿਆਲ ਨਾਂ ਰੱਖਿਆ ਗਿਆ ਤਾਂ ਸਾਡੀ ਇਹ ਲਾਪਰਵਾਹੀ ਹੀ ਸਾਡੇ ਲਈ ਵੱਡੀ ਮੁਸੀਬਤ ਬਣ ਜਾਵੇਗੀ ।

ਪਿਛਲੇ ਦੋ ਤਿੰਨ ਦਿਨਾਂ ਤੋਂ ਗਰੀਬਾਂ ਅਤੇ ਲੋੜਵੰਦਾਂ ਨੂੰ ਰਾਸ਼ਨ ਅਤੇ ਲੰਗਰ ਵੰਡਣ ਲਈ ਕਈ ਸਮਾਜ ਸੇਵੀ, ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਵੱਲੋਂ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਇਸੇ ਦੌਰਾਨ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਅਤੇ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਵੱਲੋਂ ਬੀਤੇ ਦਿਨ ਲੋੜਵੰਦਾਂ ਨੂੰ ਰਾਸ਼ਨ ਵੰਡਣ ਸਮੇਂ ਸਾਰੇ ਲੋਕਾਂ ਨੂੰ ਜਿੱਥੇ ਸੋਸ਼ਲ ਡਿਸਟੈਂਸਿੰਗ ਸੰਬੰਧੀ ਯੋਗ ਹਿਦਾਇਤਾਂ ਕੀਤੀਆਂ ਅਤੇ ਖੁਦ ਆਪ ਵੀ ਇਕ ਦੂਸਰੇ ਤੋਂ ਡੇਢ ਮੀਟਰ ਦੀ ਦੂਰੀ ਬਣਾ ਕੇ ਖੜ੍ਹੇ ਹੋ ਕੇ ਰਾਸ਼ਨ ਵੰਡਣ ਦੀ ਸੇਵਾ ਕੀਤੀ। ਜਿਸ ਤੋਂ ਕਈ ਲੋਕ ਹੋਰ ਪ੍ਰੇਰਨਾ ਲੈ ਕੇ ਆਪਣਾ ਅਤੇ ਦੂਜਿਆਂ ਦਾ ਬਚਾਅ ਕਰਦੇ ਨਜ਼ਰ ਆਏ ਪਰ ਸੁਲਤਾਨਪੁਰ ਲੋਧੀ ਸ਼ਹਿਰ 'ਚ ਸਬਜੀ ਮੰਡੀ 'ਚ ਸਬਜੀ ਵੇਚਣ ਆਏ ਕਿਸਾਨ ਅਤੇ ਖਰੀਦਦਾਰ ਵਪਾਰੀ ਸ਼ੋਸ਼ਲ ਡਿਸਟੈਂਸਿੰਗ ਬਾਰੇ ਬੇਖਬਰ ਨਜ਼ਰ ਆਏ।

ਇਸੇ ਹੀ ਤਰ੍ਹਾਂ ਕੁਝ ਅਧਿਕਾਰੀਆਂ ਅਤੇ ਪੁਲਸ ਕਰਮਚਾਰੀਆਂ ਦੀਆਂ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ, ਜਿਨ੍ਹਾਂ 'ਚ ਸੋਸ਼ਲ ਡਿਸਟੈਂਸਿੰਗ ਦਾ ਕੋਈ ਪਾਲਣ ਨਜ਼ਰ ਨਹੀਂ ਆ ਰਿਹਾ। ਐਡਵੋਕੇਟ ਗੁਰਮੀਤ ਸਿੰਘ ਵਿਰਦੀ ਅਤੇ ਐਡਵੋਕੇਟ ਸਤਨਾਮ ਸਿੰਘ ਮੋਮੀ ਨੇ ਇਸ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਸਿਵਲ ਅਤੇ ਪੁਲਸ ਅਧਿਕਾਰੀ ਹੀ ਸੋਸ਼ਲ ਡਿਸਟੈਂਸਿੰਗ ਰੱਖਣ ਸਬੰਧੀ ਹਿਦਾਇਤਾਂ ਦਾ ਪਾਲਣ ਨਹੀਂ ਕਰਨਗੇ ਤਾਂ ਆਮ ਜਨਤਾ ਦਾ ਤਾਂ ਰੱਬ ਹੀ ਰਾਖਾ ਹੈ ।

shivani attri

This news is Content Editor shivani attri