ਮਾਣਯੋਗ ਜਸਟਿਸ ਰਾਜ ਮੋਹਨ ਸਿੰਘ ਨੇ ਵੱਖ-ਵੱਖ ਥਾਈਂ ਕੀਤਾ ਦੌਰਾ

03/18/2018 8:47:06 AM

ਮੋਗਾ (ਆਜ਼ਾਦ) - ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜਮੋਹਨ ਸਿੰਘ ਨੇ ਸਬ ਜੇਲ ਮੋਗਾ ਦਾ ਨਿਰੀਖਣ ਕੀਤਾ ਅਤੇ ਜੇਲ 'ਚ ਬੰਦ ਹਵਾਲਾਤੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਹੁੰਦਲ ਵੀ ਮੌਜੂਦ ਸਨ। ਡਿਪਟੀ ਜੇਲ ਸੁਪਰਡੈਂਟ ਅਮਰੀਕ ਸਿੰਘ ਨੇ ਦੱਸਿਆ ਕਿ ਜਸਟਿਸ ਨੇ ਅੱਜ ਸਬ ਜੇਲ 'ਚ ਬੰਦ 63 ਵਿਚਾਰ ਅਧੀਨ ਹਵਾਲਾਤੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਇਸ ਦੇ ਇਲਾਵਾ ਉਨ੍ਹਾਂ ਰਸੋਈ ਘਰ ਜਾ ਕੇ ਹਵਾਲਾਤੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਤੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਹਵਾਲਾਤੀਆਂ ਨੂੰ ਕਿਹਾ ਕਿ ਜੇਕਰ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਜਾਣੂ ਕਰਵਾ ਸਕਦੇ ਹਾਂ ਪਰ ਸਾਰੇ ਹਵਾਲਾਤੀਆਂ ਨੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਕੋਈ ਸਮੱਸਿਆ ਨਹੀਂ ਹੈ।
ਬਾਘਾਪੁਰਾਣਾ, (ਚਟਾਨੀ, ਰਾਕੇਸ਼, ਮੁਨੀਸ਼)-ਨਿਆਂਪਾਲਿਕਾ ਹੇਠਲੀਆਂ ਅਦਾਲਤਾਂ ਦੀ ਸਾਲਾਨਾ ਨਿਰੀਖਣ ਮੁਹਿੰਮ ਤਹਿਤ ਅੱਜ ਬਾਘਾਪੁਰਾਣਾ ਦੇ ਪੁਨਰ ਨਿਰੀਖਣ ਵਾਸਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਰਾਜਮੋਹਨ ਸਿੰਘ ਇਥੇ ਪੁੱਜੇ, ਜਿਨ੍ਹਾਂ ਦਾ ਸਵਾਗਤ ਮਾਣਯੋਗ ਜੱਜ ਪੁਸ਼ਪਿੰਦਰ ਸਿੰਘ, ਐੱਸ. ਡੀ. ਐੱਮ. ਅਮਰਬੀਰ ਸਿੰਘ ਸਿੱਧੂ, ਡੀ. ਐੱਸ. ਪੀ. ਸੁਖਦੀਪ ਸਿੰਘ, ਤਹਿਸੀਲਦਾਰ ਰਮੇਸ਼ ਕੁਮਾਰ, ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਇੰਸਪੈਕਟਰ ਜੰਗਜੀਤ ਸਿੰਘ ਰੰਧਾਵਾ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜੁਗਰਾਜ ਸਿੰਘ ਚਾਹਲ ਹੁਰਾਂ ਨੇ ਪੂਰਨ ਗਰਮਜੋਸ਼ੀ ਨਾਲ ਕੀਤਾ।
ਅਦਾਲਤੀ ਕੰਮ-ਕਾਜ ਦੀ ਪੁਨਰ ਜਾਂਚ ਕਰਦਿਆਂ ਮਾਣਯੋਗ ਜੱਜ ਨੇ ਪੂਰਨ ਤਸੱਲੀ ਦਾ ਪ੍ਰਗਟਾਵਾ ਕੀਤਾ।  ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੁਗਰਾਜ ਸਿੰਘ ਚਾਹਲ ਵੱਲੋਂ ਇਕ ਹੋਰ ਕੋਰਟ ਰੂਮ ਦੀ ਰੱਖੀ ਗਈ ਮੰਗ ਦੇ ਨਾਲ-ਨਾਲ ਤਹਿਸੀਲਦਾਰ ਦੀ ਬਿਨਾਂ ਵਰਤੋਂ ਤੋਂ ਪਈ ਅਦਾਲਤ ਨੂੰ ਕੋਰਟ ਰੂਮ ਵਜੋਂ ਵਰਤੇ ਜਾਣ ਦੇ ਸੁਝਾਅ 'ਤੇ ਤੁਰੰਤ ਵਿਚਾਰ ਕੀਤਾ ਗਿਆ।  ਮਾਣਯੋਗ ਜੱਜ ਨੇ ਇਸ ਸੁਝਾਅ ਨੂੰ ਦਰੁਸਤ ਮੰਨਦਿਆਂ ਫੌਰੀ ਤੌਰ 'ਤੇ ਅਮਲ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ। ਬਾਰ ਐਸੋਸੀਏਸ਼ਨ ਨੇ ਫੈਮਿਲੀ ਕੋਰਟ ਦੀ ਇਥੇ ਸਥਾਪਤੀ ਦੀ ਸਭ ਤੋਂ ਅਹਿਮ ਮੰਗ ਪਿੱਛੇ ਤਰਕ ਪੇਸ਼ ਕਰਦਿਆਂ ਕਿਹਾ ਕਿ ਮੋਗਾ ਦੀ ਇਕੋ-ਇਕ ਫੈਮਿਲੀ ਕੋਰਟ 'ਚ ਕੇਸਾਂ ਦੀ ਗਿਣਤੀ 'ਚ ਬੇਹਤਾਸ਼ਾ ਵਾਧਾ ਹੋ ਗਿਆ, ਇਸ ਕਰ ਕੇ ਹੇਠਲੀਆਂ ਅਦਾਲਤਾਂ 'ਚ ਨਿਪਟਾਏ ਜਾ ਸਕਣ ਵਾਲੇ ਕੇਸਾਂ ਨਾਲ ਅਦਾਲਤ ਦੇ ਕੰਮ ਦਾ ਬੋਝ ਘੱਟ ਸਕੇਗਾ।
ਮਾਣਯੋਗ ਨਿਰੀਖਕ ਜੱਜ ਸਾਹਿਬ ਨੇ ਫੈਮਿਲੀ ਕੋਰਟ ਦੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨ ਦਾ ਬਾਰ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ। ਇਸ ਮੌਕੇ ਐਸੋ. ਪ੍ਰਧਾਨ ਐਡਵੋਕੇਟ ਚਾਹਲ ਤੋਂ ਇਲਾਵਾ ਐਡਵੋਕੇਟ ਹਰਜੀਤ ਸਿੰਘ ਬਰਾੜ, ਐਡਵੋਕੇਟ ਗੁਰਜੰਟ ਸਿੰਘ ਗਿੱਲ, ਬਲਵੰਤ ਸਿੰਘ ਚਾਹਲ, ਐਡਵੋਕੇਟ ਗੁਰਪ੍ਰੀਤ ਸਿੰਘ ਵੜਿੰਗ, ਐਡਵੋਕੇਟ ਸਿਮਰਨਜੀਤ ਕੌਰ, ਐਡਵੋਕੇਟ ਸੋਨੀਆ, ਐਡਵੋਕੇਟ ਜਸਪ੍ਰੀਤ ਚੱਢਾ, ਐਡਵੋਕੋਟ ਬਲਵਿੰਦਰ ਸਿੰਘ ਗਿੱਲ ਅਤੇ ਐਡਵੋਕੇਟ ਹਰਚਰਨ ਸਿੰਘ ਸੇਖੋਂ ਵੀ ਹਾਜ਼ਰ ਸਨ।
ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)-ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸ਼੍ਰੀ ਰਾਜਮੋਹਣ ਸਿੰਘ ਵੱਲੋਂ ਅੱਜ ਅਦਾਲਤ ਐਡੀਸ਼ਨਲ (ਸੀਨੀਅਰ ਡਵੀਜ਼ਨ) ਨਿਹਾਲ ਸਿੰਘ ਵਾਲਾ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਅਦਾਲਤ ਨਿਹਾਲ ਸਿੰਘ ਵਾਲਾ ਦੇ ਕੰਮ-ਕਾਜ 'ਤੇ ਤਸੱਲੀ ਪ੍ਰਗਟ ਕਰਦਿਆਂ ਜੱਜ ਪੰਕਜ ਵਰਮਾ ਦੀ ਸ਼ਲਾਘਾ ਕੀਤੀ ਅਤੇ ਇਸ ਤੋਂ ਇਲਾਵਾ ਉਨ੍ਹਾਂ ਅਦਾਲਤੀ ਕੰਮ-ਕਾਜ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਇਸ ਤੋਂ ਪਹਿਲਾਂ ਉਨ੍ਹਾਂ ਦਾ ਮਾਣਯੋਗ ਅਦਾਲਤ ਨਿਹਾਲ ਸਿੰਘ ਵਾਲਾ ਦੇ ਜੱਜ ਪੰਕਜ ਵਰਮਾ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਧਾਲੀਵਾਲ ਦੀ ਅਗਵਾਈ 'ਚ ਸਮੂਹ ਵਕੀਲ ਭਾਈਚਾਰੇ ਵੱਲੋਂ ਭਰਵਾ ਸਵਾਗਤ ਕੀਤਾ ਗਿਆ।  ਪੰਜਾਬ ਪੁਲਸ ਦੇ ਦਸਤੇ ਵੱਲੋਂ ਥਾਣਾ ਮੁਖੀ ਜਸਵੰਤ ਸਿੰਘ ਦੀ ਅਗਵਾਈ 'ਚ ਮਾਰਚ ਪਾਸਟ ਕਰ ਕੇ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਇਸ ਸਮੇਂ ਉਚੇਚੇ ਤੌਰ 'ਤੇ ਮਾਣਯੋਗ ਸੈਸ਼ਨ ਜੱਜ ਮੋਗਾ ਰਜਿੰਦਰ ਅਗਰਵਾਲ, ਤਹਿਸੀਲਦਾਰ ਭੁਪਿੰਦਰ ਸਿੰਘ ਨਿਹਾਲ ਸਿੰਘ ਵਾਲਾ, ਨਾਇਬ ਤਹਿਸੀਲਦਾਰ ਬਲਦੇਵ ਸਿੰਘ, ਐਡਵੋਕੇਟ ਹਰਿੰਦਰ ਸਿੰਘ ਬਰਾੜ, ਡੀ. ਐੱਸ. ਪੀ. ਸੁਖਦੀਪ ਸਿੰਘ, ਸਰਕਾਰੀ ਵਕੀਲ ਅਮ੍ਰਿਤ ਮਿੱਤਲ, ਥਾਣਾ ਮੁਖੀ ਜਸਵੰਤ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਹੇਅਰ, ਬਲਜਿੰਦਰ ਬਾਂਸਲ, ਵਨੀਤ ਮਿੱਤਲ, ਰਾਮਪ੍ਰੀਤ ਬਾਵਾ, ਪਰਮਿੰਦਰ ਧਾਲੀਵਾਲ, ਗੌਤਮ ਗੋਇਲ, ਪਰਵਿੰਦਰ, ਚਮਨ ਲਾਲ ਗੋਇਲ, ਜਪਿੰਦਰ ਸਿੰਘ ਸਿੱਧੂ, ਸਤਿਨਾਮ ਸਿੰਘ, ਹਰਪ੍ਰੀਤ ਕੌਰ ਧਾਲੀਵਾਲ, ਕੁਲਵੰਤ ਕੌਰ ਢਿੱਲੋਂ, ਜਸਕਰਨ ਸਿੰਘ ਰੀਡਰ, ਜਸਵੀਰ ਸਿੰਘ ਨਾਇਬ ਕੋਰਟ ਤੇ ਮਾਣਯੋਗ ਅਦਾਲਤ ਨਿਹਾਲ ਸਿੰਘ ਵਾਲਾ ਦਾ ਸਾਰਾ ਸਟਾਫ ਹਾਜ਼ਰ ਸੀ।