ਭ੍ਰਿਸ਼ਟ ਅਫਸਰਾਂ ਤੇ ਨਸ਼ਿਆਂ ਖਿਲਾਫ ਲੜਾਈ ਜਾਰੀ ਰੱਖਾਂਗਾ : ਜ਼ੀਰਾ

01/17/2019 9:30:36 AM

ਚੰਡੀਗੜ੍ਹ/ਫਿਰੋਜ਼ਪੁਰ,(ਭੁੱਲਰ, ਮਲਹੋਤਰਾ)— ਪੰਜਾਬ ਕਾਂਗਰਸ 'ਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਵਿਧਾਇਕ ਕੁਲਬੀਰ ਜ਼ੀਰਾ ਨੇ ਕਿਹਾ ਹੈ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜੋ ਫੈਸਲਾ ਕੀਤਾ ਹੈ, ਉਹ ਉਸ ਨੂੰ ਸਵੀਕਾਰ ਕਰਦੇ ਹਨ, ਕਿਉਂਕਿ ਪ੍ਰਧਾਨ ਪਾਰਟੀ ਦੀ ਮਾਂ ਹੁੰਦਾ ਹੈ। ਉਨ੍ਹਾਂ ਨਾਲ ਹੀ ਫਿਰੋਜ਼ਪੁਰ ਪ੍ਰੋਗਰਾਮ ਦੌਰਾਨ ਕਹੀਆਂ ਗੱਲਾਂ ਉਤੇ ਕਾਇਮ ਰਹਿਣ ਦਾ ਐਲਾਨ ਕਰਦਿਆਂ ਕਿਹਾ ਕਿ ਭ੍ਰਿਸ਼ਟ ਅਫ਼ਸਰਾਂ ਤੇ ਨਸ਼ਿਆਂ ਖਿਲਾਫ਼ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਕੋਈ ਅਨੁਸ਼ਾਸਨ ਭੰਗ ਨਹੀਂ ਕੀਤਾ। ਜੇਕਰ ਮੈਨੂੰ ਮੁਅੱਤਲ ਕੀਤਾ ਗਿਆ ਹੈ ਤਾਂ ਸਮੱਗਲਰਾਂ ਦੀ ਸਰਪ੍ਰਸਤੀ ਕਰਨ ਵਾਲੇ ਆਈ.ਜੀ. ਛੀਨਾ ਨੂੰ ਵੀ ਮੁਅੱਤਲ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ। ਹੁਣ ਉਹ ਛੀਨਾ ਵਰਗੇ ਲੋਕਾਂ ਨੂੰ ਬੇਨਕਾਬ ਕਰਨ ਲਈ ਖੁਦ ਉਨ੍ਹਾਂ ਦੇ ਪਿੱਛੇ ਮੀਡੀਆ ਨੂੰ ਨਾਲ ਲੈ ਕੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਾਖੜ ਨੇ ਫੈਸਲਾ ਕਿਸੇ ਦਬਾਅ 'ਚ ਆ ਕੇ ਲਿਆ ਹੈ। ਉਹ ਇਕ ਸੱਚੇ ਕਾਂਗਰਸੀ ਸਿਪਾਹੀ ਹਨ ਤੇ ਭਵਿੱਖ ਵਿਚ ਵੀ ਕਾਂਗਰਸੀ ਹੀ ਰਹਿਣਗੇ।

cherry

This news is Content Editor cherry