ਜਲਦ ਖ਼ਤਮ ਹੋਵੇਗਾ ਕਾਂਗਰਸ ਦਾ ਕਾਟੋ-ਕਲੇਸ਼! ਪੰਜਾਬ ਕਾਂਗਰਸ ਮੁਖੀ ਦੇ ਅਹੁਦੇ ’ਚ ਵੀ ਛੇਤੀ ਫੇਰਬਦਲ ਦੇ ਆਸਾਰ

07/09/2021 10:28:13 AM

ਜਲੰਧਰ (ਧਵਨ)– ਪੰਜਾਬ ਕਾਂਗਰਸ ’ਚ ਕੇਂਦਰੀ ਲੀਡਰਸ਼ਿਪ ਵੱਲੋਂ ਅਗਲੇ ਕੁਝ ਦਿਨਾਂ ’ਚ ਕੀਤੇ ਜਾਣ ਵਾਲੇ ਫੇਰਬਦਲ ਦੇ ਨਾਲ ਜਾਂ ਕੁਝ ਦਿਨ ਬਾਅਦ ਪੰਜਾਬ ਮੁਖੀ ਦੇ ਅਹੁਦੇ ’ਚ ਵੀ ਬਦਲਾਅ ਹੋਣ ਦੀ ਸੰਭਾਵਨਾ ਸਪੱਸ਼ਟ ਵਿਖਾਈ ਦੇ ਰਹੀ ਹੈ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਮੁਖੀ ਹਰੀਸ਼ ਰਾਵਤ ਪਹਿਲਾਂ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇੰਚਾਰਜ ਦੇ ਅਹੁਦੇ ਤੋਂ ਮੁਕਤ ਹੋਣ ਦੀ ਬੇਨਤੀ ਕਰ ਚੁੱਕੇ ਹਨ। ਪੰਜਾਬ ’ਚ ਅਗਲੇ ਸਾਲ ਦੇ ਸ਼ੁਰੂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਉਤਰਾਖੰਡ ਵਿਧਾਨ ਸਭਾ ਦੀਆਂ ਵੀ ਆਮ ਚੋਣਾਂ ਹੋਣੀਆਂ ਹਨ। ਰਾਵਤ ਉਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਉਹ ਹੁਣ ਆਪਣਾ ਪੂਰਾ ਧਿਆਨ ਉਤਰਾਖੰਡ ਵੱਲ ਲਗਾਉਣ ਦੇ ਇਛੁੱਕ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਨਸ਼ੇ 'ਚ ਚੂਰ ਕਾਂਗਰਸੀ ਕੌਂਸਲਰ ਦੇ ਪੁੱਤਰ ਨੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ

ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਅਗਲੇ ਹਫ਼ਤੇ ਪੰਜਾਬ ਕਾਂਗਰਸ ’ਚ ਕੀਤੇ ਜਾਣ ਵਾਲੇ ਸੰਗਠਨਾਤਮਕ ਫੇਰਬਦਲ ਨੂੰ ਵੇਖਦੇ ਹੋਏ ਹੁਣ ਕਾਂਗਰਸ ’ਚ ਇਹ ਚਰਚਾਵਾਂ ਵੀ ਚੱਲ ਰਹੀਆਂ ਹਨ ਕਿ ਛੇਤੀ ਹੀ ਪੰਜਾਬ ਦਾ ਮਾਮਲਾ ਹੱਲ ਕਰਨ ਦੇ ਨਾਲ ਹੀ ਨਵੇਂ ਕੇਂਦਰੀ ਮੁਖੀ ਦੀ ਨਿਯੁਕਤੀ ਵੀ ਕਰ ਦਿੱਤੀ ਜਾਵੇਗੀ। ਨਵੇਂ ਮੁਖੀ ਦੇ ਮੋਢਿਆਂ ’ਤੇ ਅਹਿਮ ਜ਼ਿੰਮੇਵਾਰੀਆਂ ਰਹਿਣਗੀਆਂ।
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਹਰੀਸ਼ ਰਾਵਤ ਨੂੰ ਲੱਗਦਾ ਹੈ ਕਿ ਜੇ ਉਹ ਉਤਰਾਖੰਡ ਵੱਲ ਆਪਣਾ ਧਿਆਨ ਪੂਰੀ ਤਰ੍ਹਾਂ ਕੇਂਦਰਿਤ ਕਰ ਦਿੰਦੇ ਹਨ ਤਾਂ ਉਤਰਾਖੰਡ ’ਚ ਕਾਂਗਰਸ ਨੂੰ ਮੁੜ ਸੱਤਾ ’ਚ ਲਿਆਉਣ ’ਚ ਸਫ਼ਲ ਹੋਣਗੇ।

ਇਹ ਵੀ ਪੜ੍ਹੋ: ਜਲੰਧਰ: ਹਾਦਸੇ ਨੇ ਖੋਹੀਆਂ ਖੁਸ਼ੀਆਂ, ਪਿਓ ਦੀਆਂ ਅੱਖਾਂ ਸਾਹਮਣੇ ਇਕਲੌਤੇ ਪੁੱਤਰ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ

ਭਾਜਪਾ ਉਤਰਾਖੰਡ ’ਚ ਆਪਣੇ ਕਈ ਮੁੱਖ ਮੰਤਰੀ ਬਦਲ ਚੁੱਕੀ ਹੈ। ਇਸ ਨਾਲ ਭਾਜਪਾ ਦੇ ਅਕਸ ਨੂੰ ਠੇਸ ਪਹੁੰਚੀ ਹੈ। ਰਾਵਤ ਨਾਲ ਉਤਰਾਖੰਡ ਦੇ ਕਾਂਗਰਸੀ ਜੁੜੇ ਹੋਏ ਹਨ। ਕੇਂਦਰੀ ਲੀਡਰਸ਼ਿਪ ਜੇ ਉਤਰਾਖੰਡ ਦੀ ਕਮਾਨ ਰਾਵਤ ਦੇ ਹਵਾਲੇ ਕਰ ਦਿੰਦੇ ਹਨ ਤਾਂ ਉਸ ਸਥਿਤੀ ’ਚ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਉਹ ਮਜ਼ਬੂਤੀ ਦੇਣ ’ਚ ਸਫ਼ਲ ਹੋਣਗੇ। ਸੋਨੀਆ ਗਾਂਧੀ ਵੱਲੋਂ ਅਗਲੇ ਕੁਝ ਦਿਨਾਂ ’ਚ ਪਾਰਟੀ ਦੇ ਕੌਮੀ ਪੱਧਰ ’ਤੇ ਅਹਿਮ ਫੇਰਬਦਲ ਕੀਤੇ ਜਾਣ ਦੇ ਆਸਾਰ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਮੇਤ ਕਈ ਸੂਬਿਆਂ ’ਚ ਨਵੇਂ ਮੁਖੀਆਂ ਦੀਆਂ ਨਿਯੁਕਤੀਆਂ ਹੋ ਸਕਦੀਆਂ ਹਨ। ਅਗਲੇ ਸਾਲ ਪੰਜਾਬ ਸਮੇਤ 4-5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਉਸ ਨੂੰ ਵੇਖਦੇ ਹੋਏ ਕਾਂਗਰਸ ਲੀਡਰਸ਼ਿਪ ਹੁਣ ਗੰਭੀਰ ਵਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ: ਘਰ 'ਚ ਵਿਛੇ ਸੱਥਰ, ਪਹਿਲਾਂ ਕੋਰੋਨਾ ਪੀੜਤ ਮਾਂ ਦਾ ਹੋਇਆ ਦਿਹਾਂਤ, ਫਿਰ ਸਸਕਾਰ ਉਪਰੰਤ ਪੁੱਤ ਨੇ ਵੀ ਤੋੜ ਦਿੱਤਾ ਦਮ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri