ਅਕਾਲੀ ਲੀਡਰਸ਼ਿਪ ਵਲੋਂ ਪੁਲਸ ਅਧਿਕਾਰੀਆਂ ਨੂੰ ਧਮਕਾਉਣਾ ਉਨ੍ਹਾਂ ਦੇ ਹੰਕਾਰ ਦਾ ਪ੍ਰਤੀਕ : ਜਾਖੜ

12/31/2017 8:24:39 AM

ਜਲੰਧਰ (ਧਵਨ)—ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਸੁਖਬੀਰ ਬਾਦਲ ਵਲੋਂ ਪੁਲਸ ਅਧਿਕਾਰੀਆਂ ਨੂੰ ਧਮਕਾਉਣਾ ਉਨ੍ਹਾਂ ਦੇ ਹੰਕਾਰ ਦਾ ਸਬੂਤ ਹੈ। ਅਕਾਲੀ ਲੀਡਰਸ਼ਿਪ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸੂਬੇ 'ਚ ਹੁਣ ਜੰਗਲ ਰਾਜ ਨਹੀਂ, ਸਗੋਂ ਲੋਕ ਰਾਜ ਹੈ। 
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਅਜਿਹੀਆਂ ਧਮਕੀਆਂ ਨੂੰ ਬਿਲਕੁਲ ਸਹਿਣ ਨਹੀਂ ਕਰੇਗੀ। ਅਕਾਲੀ ਆਗੂਆਂ ਨੂੰ ਧਾਰਮਿਕ ਮਖੌਟਾ ਲਾਹ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਅਤੇ ਉਸ ਤੋਂ ਬਾਅਦ ਅੰਮ੍ਰਿਤਸਰ ਵਿਖੇ ਹੋਏ ਕਾਂਡਾਂ ਨੇ ਅਕਾਲੀ ਆਗੂਆਂ ਦੇ ਚਿਹਰੇ ਨੰਗੇ ਕਰ ਦਿੱਤੇ ਹਨ। ਅੱਜ ਸਾਰੇ ਪੰਜਾਬੀ ਅਕਾਲੀ ਆਗੂਆਂ ਕੋਲੋਂ ਦੂਰੀ ਬਣਾ ਕੇ ਚੱਲ ਰਹੇ ਹਨ ਕਿਉਂਕਿ ਅਕਾਲੀ ਆਗੂਆਂ ਦੇ ਸੈਕਸ ਸਬੰਧੀ ਕਾਰਨਾਮੇ ਲਗਾਤਾਰ ਸਾਹਮਣੇ ਆ ਰਹੇ ਹਨ। ਅਕਾਲੀ ਲੀਡਰਸ਼ਿਪ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸੂਬਾਈ ਵਿਧਾਨ ਸਭਾ ਚੋਣਾਂ 'ਚ ਲੋਕਾਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਕਾਰਦੇ ਹੋਏ ਤੀਜੇ ਨੰਬਰ 'ਤੇ ਪਹੁੰਚਾ ਦਿੱਤਾ ਸੀ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਵੀ ਅਕਾਲੀ ਦਲ ਨੂੰ ਨਹੀਂ ਮਿਲਿਆ। ਨਿਗਮ ਚੋਣਾਂ 'ਚ ਵੀ ਅਕਾਲੀ-ਭਾਜਪਾ ਗਠਜੋੜ ਪਛੜ ਗਿਆ। 
ਜਾਖੜ ਨੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਧਾਰਮਿਕ ਥਾਵਾਂ 'ਤੇ ਸਿਆਸੀ ਕਾਨਫਰੰਸਾਂ ਨਾ ਕਰਨ ਦੇ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕਾਂਗਰਸ ਇਸ 'ਤੇ ਪੂਰਾ ਅਮਲ ਕਰੇਗੀ। ਮਾਘੀ ਮੇਲੇ 'ਤੇ ਪਾਰਟੀ ਵਲੋਂ ਸਿਆਸੀ ਕਾਨਫਰੰਸ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 7 ਜਨਵਰੀ ਤੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਜਾਖੜ ਨਾਲ ਗੱਲਬਾਤ ਦੇ ਮੌਕੇ 'ਤੇ ਵਿਧਾਇਕ ਫਤਿਹਜੰਗ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਵੀ ਮੌਜੂਦ ਸਨ।