''ਪੰਜਾਬ ਕਾਂਗਰਸ'' ’ਚ ਦੇਰ ਰਾਤ ਵੱਡਾ ਧਮਾਕਾ, ਹਾਈਕਮਾਨ ਨੇ ਬੁਲਾਈ ਵਿਧਾਇਕ ਦਲ ਦੀ ਬੈਠਕ

09/18/2021 8:56:28 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਦੇਰ ਰਾਤ ਵੱਡਾ ਧਮਾਕਾ ਕਰਦੇ ਹੋਏ ਹਾਈਕਮਾਨ ਵਲੋਂ ਵਿਧਾਇਕਾਂ ਦੀ ਬੇਨਤੀ ’ਤੇ ਵਿਧਾਇਕ ਦਲ ਦੀ ਬੈਠਕ ਬੁਲਾ ਲਈ ਗਈ ਹੈ। ਸ਼ੁੱਕਰਵਾਰ ਦੇਰ ਰਾਤ ਲਏ ਗਏ ਇਸ ਫ਼ੈਸਲੇ ਮੁਤਾਬਕ ਸ਼ਨੀਵਾਰ ਸ਼ਾਮ 5 ਵਜੇ ਵਿਧਾਇਕ ਦਲ ਦੀ ਬੈਠਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਵਿਚ ਹੋਵੇਗੀ। ਹਾਈਕਮਾਨ ਵੱਲੋਂ ਲਏ ਗਏ ਇਸ ਫ਼ੈਸਲੇ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਬੀਤੇ ਕੁੱਝ ਸਮੇਂ ਤੋਂ ਕਾਂਗਰਸ ਦੀ ਧੜੇਬੰਦੀ ਕਾਰਨ ਲਗਾਤਾਰ ਖਿੱਚੋਤਾਣ ਦੀਆਂ ਖ਼ਬਰਾਂ ਆ ਰਹੀਆਂ ਸਨ ਅਤੇ ਕੁੱਝ ਵਿਧਾਇਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਤੇ ਸਵਾਲ ਵੀ ਚੁੱਕਿਆ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਬਾਰਸ਼ ਨੇ ਤੋੜੇ ਪਿਛਲੇ ਰਿਕਾਰਡ, ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਕੀਤੀ ਭਵਿੱਖਬਾਣੀ

ਇਸ ਬੈਠਕ ਦੀ ਪ੍ਰਧਾਨਗੀ ਕੌਣ ਕਰੇਗਾ, ਫਿਲਹਾਲ ਇਸ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ। ਅਜਿਹਾ ਇਸ ਲਈ ਹੈ ਕਿ ਸ਼ੁੱਕਰਵਾਰ ਦੇਰ ਰਾਤ ਪੌਣੇ 12 ਵਜੇ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਇਕ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ। ਟਵੀਟ ’ਚ ਲਿਖਿਆ ਕਿ ਅਖਿਲ ਭਾਰਤੀ ਕਾਂਗਰਸ ਕਮੇਟੀ ਕੋਲ ਪੰਜਾਬ ਦੇ ਵੱਡੀ ਗਿਣਤੀ ਵਿਚ ਵਿਧਾਇਕਾਂ ਵੱਲੋਂ ਪਹੁੰਚ ਕੀਤੀ ਗਈ ਹੈ ਅਤੇ ਤੱਤਕਾਲ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਏ ਜਾਣ ਦੀ ਬੇਨਤੀ ਕੀਤੀ ਗਈ ਹੈ। ਇਸ ਲਈ ਕਾਂਗਰਸ ਲੀਡਰਰਸ਼ਿਪ ਵੱਲੋਂ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਬੈਠਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ’ਚ ਬੁਲਾਈ ਜਾਂਦੀ ਹੈ।

ਇਹ ਵੀ ਪੜ੍ਹੋ : ਦੋਰਾਹਾ ਦੇ ਨੇੜਲੇ ਪਿੰਡ 'ਚ ਇੰਟੈਲੀਜੈਂਸ ਵਿੰਗ ਦੀ ਵੱਡੀ ਛਾਪੇਮਾਰੀ, ਖ਼ਾਲਿਸਤਾਨੀ ਸਮੱਗਰੀ ਸਣੇ ਨੌਜਵਾਨ ਕਾਬੂ

ਇਹ ਬੈਠਕ ਸ਼ਨੀਵਾਰ ਨੂੰ ਸ਼ਾਮ 5 ਵਜੇ ਹੋਵੇਗੀ ਅਤੇ ਇਸ ਬੈਠਕ ਲਈ ਸਾਰੇ ਇੰਤਜ਼ਾਮ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਗਿਆ ਹੈ। ਪ੍ਰਦੇਸ਼ ਕਾਂਗਰਸ ਇੰਚਾਰਜ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ਦੀ ਇਸ ਅਹਿਮ ਬੈਠਕ ਵਿਚ ਸਾਰੇ ਵਿਧਾਇਕਾਂ ਨੂੰ ਹਰ ਹਾਲ ਵਿਚ ਪਹੁੰਚਣਾ ਲਾਜ਼ਮੀ ਰਹੇਗਾ। ਰਾਵਤ ਦੇ ਟਵੀਟ ’ਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਹਾਈਕਮਾਨ ਦੇ ਨਿਰਦੇਸ਼ ਅਨੁਸਾਰ ਸੀ. ਐੱਲ. ਪੀ. ਦੀ ਬੈਠਕ ਕਾਂਗਰਸ ਦਫ਼ਤਰ ’ਚ ਹੋਵੇਗੀ ਅਤੇ ਇਸ ਲਈ ਸਾਰੇ ਜ਼ਰੂਰੀ ਇੰਤਜ਼ਾਮ ਕਰ ਲਏ ਜਾਣਗੇ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ 9ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ
ਕੈਪਟਨ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਵਿਧਾਇਕ ਦਲ ਦੀ ਬੈਠਕ ਬੁਲਾਏ ਜਾਣ ਦੇ ਐਲਾਨ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਕੈਪਟਨ ਅਮਰਿੰਦਰ ਸਿੰਘ ’ਤੇ ਟਿਕ ਗਈਆਂ ਹਨ। ਕੈਪਟਨ ਦੇ ਸਮਰਥਕ ਵਿਧਾਇਕ ਵੀ ਦੇਰ ਰਾਤ ਹੋਏ ਇਸ ਐਲਾਨ ਤੋਂ ਬਾਅਦ ਕੈਪਟਨ ਨਾਲ ਸਲਾਹ-ਮਸ਼ਵਰਾ ਕਰ ਕੇ ਰਣਨੀਤੀ ਬਣਾਉਣ ’ਚ ਲੱਗ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਤੱਕ ਕਈ ਪੜਾਵਾਂ ’ਚ ਕੈਪਟਨ ਸਮਰਥਕ ਵਿਧਾਇਕਾਂ ਦੀਆਂ ਬੈਠਕਾਂ ਦਾ ਦੌਰ ਚੱਲਦਾ ਰਿਹਾ। ਕੈਪਟਨ ਸਮਰਥਕਾਂ ਨੇ ਇਸ ਬੈਠਕ ਵਿਚ ਦੋ-ਟੁੱਕ ਸ਼ਬਦਾਂ ’ਚ ਇਹ ਐਲਾਨ ਕੀਤਾ ਕਿ ਉਨ੍ਹਾਂ ਦੇ 'ਕੈਪਟਨ' ਅਮਰਿੰਦਰ ਸਿੰਘ ਹੀ ਰਹਿਣਗੇ। ਇਸ ’ਤੇ ਕੋਈ ਵੀ ਸਮਝੌਤਾ ਨਹੀਂ ਹੋਵੇਗਾ। ਜੇਕਰ ਦਬਾਅ ਦੀ ਰਣਨੀਤੀ ਚੱਲੀ ਗਈ ਤਾਂ ਇਹ ਤੈਅ ਹੈ ਕਿ ਕਾਂਗਰਸ ਵਿਧਾਇਕ ਦਲ ਟੁਕੜਿਆਂ ’ਚ ਵੰਡਿਆ ਜਾਵੇਗਾ ਅਤੇ ਇਸ ਨਾਲ ਸੰਵਿਧਾਨਕ ਸੰਕਟ ਵੀ ਖੜ੍ਹਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ     

Babita

This news is Content Editor Babita