ਕਮਰਿਆਂ ਦੀ ਬੁਕਿੰਗ ਮਾਮਲੇ ''ਚ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਨੂੰ ਮੋੜਵਾਂ ਜਵਾਬ

03/06/2020 12:16:25 PM

ਚੰਡੀਗੜ੍ਹ (ਰਮਨਜੀਤ) : ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ 'ਚ ਪੰਜਾਬ ਭਵਨ ਨਵੀਂ ਦਿੱਲੀ ਅਤੇ ਹੋਰ ਸਰਕਾਰੀ ਸਰਕਟ ਹਾਊਸ ਵਿਖੇ ਕਮਰਿਆਂ ਦੀ ਬੁਕਿੰਗ ਨੂੰ ਲੈ ਕੇ ਕੁੱਝ ਵਿਧਾਇਕਾਂ ਵਲੋਂ ਸਕੱਤਰੇਤ ਦੇ ਮੁਲਾਜ਼ਮਾਂ ਵਿਰੁੱਧ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਜਿਨਾਂ ਦੇ ਖਿਲਾਫ਼ ਬੀਤੇ ਦਿਨ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਵਲੋਂ 7ਵੀਂ ਮੰਜਿਲ, ਵਿੱਤ ਵਿਭਾਗ ਵਿਖੇ ਰੈਲੀ ਕੀਤੀ ਗਈ। ਕਾਬਿਲੇਗੌਰ ਹੈ ਕਿ ਕੁੱਝ ਵਿਧਾਇਕਾਂ ਵਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਸਦਨ ਦੇ ਅੰਦਰ ਇਹ ਰੋਸ ਪ੍ਰਗਟਾਇਆ ਗਿਆ ਸੀ ਕਿ ਪੰਜਾਬ ਸਿਵਲ ਸਕੱਤਰੇਤ ਦੇ ਕੁੱਝ ਕਰਮਚਾਰੀ/ ਅਧਿਕਾਰੀ ਉਨ੍ਹਾਂ ਦਾ ਟੈਲੀਫੋਨ ਅਟੈਂਡ ਨਹੀਂ ਕਰਦੇ ਅਤੇ ਨਾ ਹੀ ਉਹ ਉਨ੍ਹਾਂ ਨੂੰ ਪੰਜਾਬ ਭਵਨ ਨਵੀਂ ਦਿੱਲੀ 'ਏ' ਬਲਾਕ 'ਚ ਕਮਰਾ ਅਲਾਟ ਕਰਦੇ ਹਨ।

ਰੈਲੀ 'ਚ ਸ਼ਾਮਲ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਮੁਲਾਜ਼ਮਾਂ 'ਚ ਇਸ ਗੱਲ ਨੂੰ ਲੈ ਕੇ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ਸਰਕਾਰੀ ਕੰਮ ਕਾਜ, ਸਰਕਾਰ ਵਲੋਂ ਜਾਰੀ ਹਦਾਇਤਾਂ/ਰੂਲਾਂ ਅਨੁਸਾਰ ਹੀ ਕੀਤਾ ਜਾਂਦਾ ਹੈ। ਕਮਰਿਆਂ ਦੀ ਬੁਕਿੰਗ ਸਬੰਧੀ ਸਰਕਾਰ ਵਲੋਂ ਜਾਰੀ ਹਦਾਇਤਾਂ ਮਿਤੀ 1 ਅਗਸਤ, 2007, ਮਿਤੀ 01 ਦਸੰਬਰ, 2007 ਅਤੇ ਪ੍ਰੋਟੋਕੋਲ ਮੈਨੁਅਲ 1982 ਅਨੁਸਾਰ ਹੀ ਕਾਰਵਾਈ ਕੀਤੀ ਜਾਂਦੀ ਹੈ। ਉਹ ਆਪਣੇ ਪੱਧਰ 'ਤੇ ਕੋਈ ਵੀ ਫੈਸਲਾ ਨਹੀਂ ਲੈਂਦੇ ਤਾਂ ਫੇਰ ਉਨ੍ਹਾਂ ਨੂੰ ਦੋਸ਼ੀ ਕਿਉਂ ਠਹਿਰਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਬਜਟ ਇਜਲਾਸ : ਸਪੀਕਰ ਨੇ ਮੁੱਖ ਸਕੱਤਰ ਤੇ ਅਧਿਕਾਰੀਆਂ ਨੂੰ ਕੀਤਾ ਤਲਬ
ਮੁਲਾਜ਼ਮ ਆਗੂ ਖਹਿਰਾ ਨੇ ਕਿਹਾ ਕਿ ਜੇਕਰ ਵਿਧਾਇਕ ਜਾਂ ਕਿਸੇ ਹੋਰ ਸ਼ਖਸੀਅਤ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਜਾਂ ਇਤਰਾਜ਼ ਹੈ ਤਾਂ ਉਹ ਸਬੰਧਤ ਵਿਭਾਗ ਦੇ ਉਚ ਅਧਿਕਾਰੀ ਨਾਲ ਗੱਲ ਕਰ ਸਕਦੇ ਹਨ। ਪ੍ਰੋਟੋਕੋਲ ਅਨੁਸਾਰ ਇਕ ਐਮ. ਐਲ. ਏ. ਸਿੱਧੇ ਹੀ ਸੀਨੀਅਰ ਸਹਾਇਕ ਜਾਂ ਕਿਸੇ ਹੋਰ ਦਫ਼ਤਰੀ ਅਮਲੇ ਨਾਲ ਗੱਲ ਕਰਕੇ ਉਸ ਨਾਲ ਮਾੜੀ ਸ਼ਬਦਾਵਲੀ ਦਾ ਪ੍ਰਯੋਗ ਨਹੀਂ ਕਰ ਸਕਦਾ ਅਤੇ ਜੱਥੇਬੰਦੀ ਵਲੋਂ ਇਸ ਸਬੰਧੀ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਜਥੇਬੰਦੀ ਐਮ. ਐਲ. ਏਜ਼ ਜਾਂ ਕਿਸੇ ਹੋਰ ਸ਼ਖਸੀਅਤ ਵਲੋਂ ਅਜਿਹੇ ਵਤੀਰੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਅਤੇ ਜੇਕਰ ਲੋੜ ਪਈ ਤਾਂ ਆਪਣੇ ਸਾਥੀਆਂ ਦੇ ਹੱਕ 'ਚ ਸੰਘਰਸ਼ ਵੀ ਵਿੱਢੇਗੀ।

ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਸਿੱਧੇ ਤੌਰ ਤੇ ਸਬੰਧਤ ਮੁਲਾਜ਼ਮ ਨੂੰ ਫੋਨ ਕਰਕੇ ਉਸ ਨਾਲ ਮਾੜਾ ਸਲੂਕ ਕਰਨਾ ਜਾਂ ਮਾੜੀ ਸ਼ਬਦਾਵਲੀ ਦਾ ਪ੍ਰਯੋਗ ਕਰਨਾ ਸ਼ੋਭਾ ਨਹੀਂ ਦਿੰਦਾ ਅਤੇ ਅਜਿਹਾ ਵਤੀਰਾ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਤੋਂ ਗੁਰਪ੍ਰੀਤ ਸਿੰਘ, ਨੀਰਜ ਕੁਮਾਰ, ਮਿਥੁਨ ਚਾਵਲਾ, ਪ੍ਰਵੀਨ ਕੁਮਾਰ, ਮਨਜਿੰਦਰ ਕੌਰ, ਜਗਦੀਪ ਕਪਿਲ, ਸਾਹਿਲ ਸ਼ਰਮਾ ਅਤੇ ਪਰਸਨਲ ਸਟਾਫ ਐਸੋਸੀਏਸ਼ਨ ਤੋਂ ਸੁਦੇਸ਼ ਕੁਮਾਰੀ ਆਦਿ ਹਾਜ਼ਰ ਸਨ।

Babita

This news is Content Editor Babita