ਮੰਤਰੀ ਮੰਡਲ ਵੱਲੋਂ ਮੌੜ ਮੰਡੀ ਬੰਬ ਧਮਾਕੇ ਦੇ ਚਾਰ ਮ੍ਰਿਤਕ ਨਾਬਾਲਗਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਦਾ ਐਲਾਨ

02/19/2021 5:01:49 PM

ਚੰਡੀਗੜ੍ਹ - ਪੰਜਾਬ ਸਰਕਾਰ ਨੇ 31 ਜਨਵਰੀ, 2017 ਨੂੰ ਵਾਪਰੇ ਮੌੜ ਮੰਡੀ ਬੰਬ ਧਮਾਕੇ ਵਿਚ ਮਾਰੇ ਗਏ ਚਾਰ ਨਾਬਾਲਗਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਵਿਚੋਂ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਨਿਯਮਾਂ ਵਿਚ ਵਿਸ਼ੇਸ਼ ਉਪਬੰਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫ਼ੈਸਲਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਹੈ। ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਮ੍ਰਿਤਕ ਜਪਸਿਮਰਨ ਸਿੰਘ (15) ਪੁੱਤਰ ਖੁਸ਼ਦੀਪ ਸਿੰਘ, ਸੌਰਵ ਸਿੰਗਲਾ (14) ਪੁੱਤਰ ਰਕੇਸ਼ ਕੁਮਾਰ, ਅੰਕੁਸ਼ (11) ਪੁੱਤਰ ਗਿਆਨ ਚੰਦ ਅਤੇ ਰਿਪਨਦੀਪ ਸਿੰਘ (9) ਪੁੱਤਰ ਕਾਲਾ ਸਿੰਘ ਦੇ ਪਰਿਵਾਰਾਂ ਵਿਚੋਂ ਇਕ-ਇਕ ਮੈਂਬਰ ਨੂੰ ਵਿਦਿਅਕ ਯੋਗਤਾ ਮੁਤਾਬਕ ਤਰਸ ਦੇ ਆਧਾਰ 'ਤੇ ਨੌਕਰੀ ਦੇਣ ਲਈ ਵਿਸ਼ੇਸ਼ ਉਪਬੰਧ ਕੀਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਫ਼ੈਸਲਾ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

ਨਾਬਾਲਗ ਮ੍ਰਿਤਕ ਦੇ ਸਬੰਧ ਵਿਚ ਮੌਜੂਦਾ ਨਿਯਮ ਤਰਸ ਦੇ ਆਧਾਰ 'ਤੇ ਸਰਕਾਰੀ ਨੌਕਰੀ ਮੁਹੱਈਆ ਨਹੀਂ ਕਰਵਾਉਂਦੇ। ਮੰਤਰੀ ਮੰਡਲ ਦੇ ਅੱਜ ਦੇ ਫ਼ੈਸਲੇ ਨਾਲ ਹਰੇਕ ਮੈਂਬਰ ਨੂੰ ਵਿਸ਼ੇਸ਼ ਕੇਸ (ਇਸ ਨੂੰ ਪ੍ਰਥਾ ਸਮਝੇ ਬਿਨਾਂ) ਦੇ ਤਹਿਤ ਸਿੱਧੇ ਕੋਟੇ ਦੀਆਂ ਖਾਲੀ ਅਸਾਮੀਆਂ ਵਿਰੁੱਧ ਬਠਿੰਡਾ ਜ਼ਿਲ੍ਹੇ ਜਾਂ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਉਨ੍ਹਾਂ ਦੀ ਵਿਦਿਆ ਯੋਗਤਾ ਦੇ ਮੁਤਾਬਕ ਨੌਕਰੀ ਦੇਣ ਲਈ ਸਬੰਧਤ ਨਿਯਮਾਂ/ਨੀਤੀ ਵਿਚ ਢਿੱਲ ਦੇ ਦਿੱਤੀ ਗਈ ਹੈ। ਸੂਬਾ ਸਰਕਾਰ ਵੱਲੋਂ ਨੌਕਰੀ ਦੇਣ ਤੋਂ ਇਲਾਵਾ ਹਰੇਕ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ 5-5 ਲੱਖ ਰੁਪਏ ਜਦਕਿ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਦਿੱਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਕਾਂਗਰਸੀ ਆਗੂ ਗੁਰਲਾਲ ਭਲਵਾਨ ਦੇ ਕਤਲ ਦੀ ਵੀਡੀਓ ਆਈ ਸਾਹਮਣੇ

ਦੱਸਣਯੋਗ ਹੈ ਕਿ 31 ਜਨਵਰੀ, 2017 ਨੂੰ ਬਠਿੰਡਾ ਜ਼ਿਲ੍ਹੇ ਵਿਚ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਵਿਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 13 ਜ਼ਖ਼ਮੀ ਹੋ ਗਏ ਸਨ। ਸੂਬਾ ਸਰਕਾਰ ਨੇ ਮੌਜੂਦਾ ਨੀਤੀ ਮੁਤਾਬਿਕ ਦੋ ਮ੍ਰਿਤਕਾਂ ਹਰਪਾਲ ਸਿੰਘ (40) ਤੇਜਾ ਸਿੰਘ ਅਤੇ ਅਸ਼ੋਕ ਕੁਮਾਰ (35) ਪੁੱਤਰ ਬਾਬੂ ਰਾਮ ਨੂੰ ਪਹਿਲਾਂ ਹੀ ਸਰਕਾਰੀ ਨੌਕਰੀ ਮੁਹੱਈਆ ਕਰਵਾ ਦਿੱਤੀ ਹੈ ਕਿਉਂਕਿ ਜੋ ਇਹ ਦੋਵੇਂ ਵਿਅਕਤੀ ਆਪਣੇ ਪਰਿਵਾਰਾਂ ਲਈ ਰੋਜ਼ੀ-ਰੋਟੀ ਕਮਾਉਣ ਵਾਲੇ ਸਨ। ਅਸ਼ੋਕ ਕੁਮਾਰ ਦੇ ਕੇਸ ਵਿਚ ਉਸ ਦੀ ਨਾਬਾਲਗ ਬੇਟੀ ਬਾਗੋ (11) ਦੀ ਵੀ ਇਸ ਹਾਦਸੇ ਵਿਚ ਮੌਤ ਹੋ ਗਈ ਸੀ ਪਰ ਪਰਿਵਾਰ ਦੇ ਇਕ ਮੈਂਬਰ ਨੂੰ ਪਹਿਲਾਂ ਹੀ ਨੌਕਰੀ ਦਿੱਤੀ ਜਾ ਚੁੱਕੀ ਹੈ ਜਿਸ ਕਰਕੇ ਅੱਜ ਪ੍ਰਵਾਨ ਕੀਤੇ ਗਏ ਵਿਸ਼ੇਸ਼ ਉਪਬੰਧ ਵਿਚ ਬਾਗੋ ਨੂੰ ਸ਼ਾਮਲ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਗੁਰਲਾਲ ਭਲਵਾਨ ਕਤਲ ਮਾਮਲੇ ’ਚ ਮੁੱਖ ਮੰਤਰੀ ਵਲੋਂ ਸਖ਼ਤ ਕਾਰਵਾਈ ਦੇ ਹੁਕਮ

Gurminder Singh

This news is Content Editor Gurminder Singh