ਪੰਜਾਬ ਕੈਬਨਿਟ ਦੀ ਮੀਟਿੰਗ ਖਤਮ, ਲਏ ਗਏ ਵੱਡੇ ਫੈਸਲੇ

11/17/2017 7:52:21 PM

ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਕੈਬਨਿਟ ਦੀ ਇਸ ਮੀਟਿੰਗ ਵਿਚ ਕਈ ਮੁੱਦਿਆਂ 'ਤੇ ਚਰਚਾ ਕਰਦੇ ਹੋਏ ਵੱਡੇ ਫੈਸਲੇ ਲਏ ਗਏ। ਪੰਜਾਬ ਕੈਬਨਿਟ ਨੇ ਪੰਜਾਬ ਦਾ ਸਰਦ ਰੁੱਤ ਇਜਲਾਸ 27 ਤੋਂ 29 ਨਵੰਬਰ ਤਕ ਕਰਵਾਉਣ ਦਾ ਐਲਾਨ ਕੀਤਾ ਹੈ। ਪੰਜਾਬ ਮੰਤਰੀ ਦੀ ਬੈਠਕ ਹਰ ਬੁੱਧਵਾਰ ਨੂੰ ਤਿੰਨ ਵਜੇ ਹੋਇਆ ਕਰੇਗੀ ਜਿਸ ਵਿਚ ਵੱਖ-ਵੱਖ ਮਸਲਿਆਂ 'ਤੇ ਵਿਚਾਰ ਵਿਟਾਂਦਰਾ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਕੈਬਨਿਟ ਨੇ ਸੂਬੇ ਵਿਚ ਨਸ਼ਾ ਰੋਕਣ ਲਈ ਦੋਸ਼ ਸਾਬਤ ਹੋਣ 'ਤੇ ਡਰੱਗ ਤਸਕਰ ਦੀ ਪ੍ਰਾਪਟੀ ਸੀਜ਼ ਕਰਨ ਵਾਲੇ ਬਿੱਲ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਮੰਤਰੀ ਮੰਡਲ ਨੇ ਗੈਰ ਕਾਨੂੰਨੀ ਪ੍ਰਾਪਤ ਕੀਤੀ ਜਾਇਦਾਦ ਨੂੰ ਜ਼ਬਤ ਕਰਨ ਲਈ ਪੰਜਾਬ ਐਕਟ 2017' (ਪੰਜਾਬ ਫੋਰਫੀਟ ਆਫ ਇਲੀਗਲੀ ਐਕਵਾਇਰਡ ਪ੍ਰਾਪਰਟੀ ਐਕਟ 2017) ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਦੇ ਨਾਲ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਵਿਵਸਥਾ ਕੀਤੀ ਗਈ ਹੈ।
ਇਸ ਦੇ ਨਾਲ ਪੰਜਾਬ ਕੈਬਨਿਟ ਨੇ ਕੁਨੈਕਟ ਵਿੱਦ ਯੂਅਰ ਰੂਟਸ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਪੁਲਸ ਵਿਚ ਦੂਰਦਰਸ਼ੀ ਸੁਧਾਰ ਅਤੇ ਪਹਿਲਕਦਮੀਆਂ ਕਰਦੇ ਹੋਏ ਪੰਜਾਬ ਮੰਤਰੀ ਮੰਡਲ ਨੇ ਅੱਤਵਾਦ ਦੀ ਚੁਣੌਤੀ ਨਾਲ ਨਿਪਟਣ ਲਈ ਸਪੈਸ਼ਲ ਓਪਰੇਸ਼ਨ ਗਰੁੱਪ (ਐਸ.ਓ.ਜੀ.) ਪੈਦਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂ ਫੋਰਸ ਵਿਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਲਈ ਗੈਰ ਵਿੱਤੀ ਲਾਭ ਵੀ ਮੁਹੱਈਆ ਕਰਾਏ ਗਏ ਹਨ।