ਪੰਜਾਬ ਜ਼ਿਮਨੀ ਚੋਣਾਂ : 4 ਸੀਟਾਂ 'ਤੇ ਵੋਟਿੰਗ ਅੱਜ, ਈ. ਵੀ. ਐੱਮ. 'ਚ ਬੰਦ ਹੋਵੇਗੀ ਉਮੀਦਵਾਰਾਂ ਦੀ ਕਿਸਮਤ

10/21/2019 8:02:31 AM

ਚੰਡੀਗੜ੍ਹ : ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ 21 ਅਕਤੂਬਰ ਮਤਲਬ ਕਿ ਅੱਜ ਸੋਮਵਾਰ ਦੇ ਦਿਨ ਵੋਟਾਂ ਪੈਣਗੀਆਂ ਅਤੇ 33 ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮ. ਮਸ਼ੀਨਾਂ 'ਚ ਬੰਦ ਹੋਵੇਗੀ। ਇਨ੍ਹਾਂ ਚੋਣਾਂ ਲਈ 920 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿੱਥੇ 7 ਲੱਖ, 76 ਹਜ਼ਾਰ 7 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਨ੍ਹਾਂ ਚੋਣਾਂ ਦਾ ਨਤੀਜਾ 24 ਅਕਤੂਬਰ ਨੂੰ ਐਲਾਨਿਆ ਜਾਵੇਗਾ।
ਕਿਹੜੀ ਸੀਟ 'ਤੇ ਕਿੰਨੇ ਉਮੀਦਵਾਰ ਚੋਣ ਮੈਦਾਨ 'ਚ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਫਗਵਾੜਾ ਲਈ 9, ਮੁਕੇਰੀਆਂ ਲਈ 6, ਹਲਕਾ ਦਾਖਾ ਲਈ 11 ਤੇ ਹਲਕਾ ਜਲਾਲਾਬਾਦ ਲਈ 7 ਉਮੀਦਵਾਰ ਮੈਦਾਨ 'ਚ ਹਨ।
ਵੋਟਰਾਂ ਦੀ ਕੁੱਲ ਗਿਣਤੀ
ਫਗਵਾੜਾ ਹਲਕੇ 'ਚ ਵੋਟਰਾਂ ਦੀ ਕੁੱਲ ਗਿਣਤੀ 1 ਲੱਖ, 85 ਹਜ਼ਾਰ, 110 ਹੈ, ਜਦੋਂ ਕਿ ਇਸ ਹਲਕੇ 'ਚ 220 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਹਨ। ਇਸੇ ਤਰ੍ਹਾਂ ਮੁਕੇਰੀਆਂ 'ਚ 2 ਲੱਖ ਦੇ ਕਰੀਬ ਵੋਟਰ ਹਨ ਅਤੇ ਇੱਥੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ 241 ਹੈ। ਦਾਖਾ ਹਲਕੇ 'ਚ ਵੋਟਰਾਂ ਦੀ ਗਿਣਤੀ 1 ਲੱਖ, 84 ਹਜ਼ਾਰ, 723 ਹੈ ਅਤੇ 220 ਪੋਲਿੰਗ ਸਟੇਸ਼ਨ ਹਨ, ਜਦੋਂ ਕਿ ਜਲਾਲਾਬਾਦ ਹਲਕੇ 'ਚ ਵੋਟਰਾਂ ਦੀ ਕੁੱਲ ਗਿਣਤੀ 2 ਲੱਖ, 5 ਹਜ਼ਾਰ, 153 ਹੈ ਅਤੇ ਉਨ੍ਹਾਂ ਲਈ 239 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵੋਟਰਾਂ ਅਤੇ ਪੋਲਿੰਗ ਸਟਾਫ ਦੀ ਸੁਰੱਖਿਆ ਨਾਲ ਸੰਬਧਿਤ ਜ਼ਿਲਿਆਂ ਦੀ ਪੁਲਸ ਨੂੰ ਤਾਇਨਾਤ ਕੀਤਾ ਗਿਆ ਹੈ।

Babita

This news is Content Editor Babita