ਪੰਜਾਬ ਵਿਧਾਨ ਸਭਾ 'ਚ ਜ਼ੋਰਦਾਰ ਹੰਗਾਮਾ, ਧਾਲੀਵਾਲ ਤੇ ਰਾਜਾ ਵੜਿੰਗ ਵਿਚਾਲੇ ਤਿੱਖੀ ਬਹਿਸ ਦੌਰਾਨ ਪਿਆ ਰੌਲਾ

03/09/2023 12:10:08 PM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਉਸ ਵੇਲੇ ਰੌਲਾ-ਰੱਪਾ ਪੈ ਗਿਆ, ਜਦੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਮੁੱਦਾ ਉੱਠਿਆ। ਇਸ ਬਾਰੇ ਬੋਲਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਉਹ ਇਹ ਨਹੀਂ ਕਹਿ ਰਹੇ ਕਿ ਸਰਕਾਰ ਨੇ ਸਿੱਧੂ ਮੂਸੇਵਾਲਾ ਮਰਵਾ ਦਿੱਤਾ ਤਾਂ ਇਸ ਗੱਲ 'ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਗੁੱਸੇ 'ਚ ਆ ਗਏ ਹਨ। ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਮੂਸੇਵਾਲਾ ਦੇ ਕਤਲ ਲਈ ਕਿਸੇ ਦਾ ਨਾਂ ਨਹੀਂ ਲਿਆ, ਜਦੋਂ ਕਿ ਮੰਤਰੀ ਧਾਲੀਵਾਲ ਨੇ ਰਾਜਾ ਵੜਿੰਗ ਨੂੰ ਆਪਣੇ ਸ਼ਬਦ ਵਾਪਸ ਲੈਣ ਲਈ ਕਿਹਾ ਅਤੇ ਸਦਨ 'ਚ ਜ਼ੋਰਦਾਰ ਹੰਗਾਮਾ ਹੋ ਗਿਆ।

ਇਹ ਵੀ ਪੜ੍ਹੋ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ 'ਸਤੀਸ਼ ਕੌਸ਼ਿਕ' ਦਾ ਦਿਹਾਂਤ, ਸਿਨੇਮਾ ਜਗਤ ਨੂੰ ਪਿਆ ਵੱਡਾ ਘਾਟਾ

ਰਾਜਾ ਵੜਿੰਗ ਨੇ ਕਿਹਾ ਕਿ ਭਾਵੇਂ ਹੀ ਸਰਕਾਰ ਨੇ ਹੁਣ ਤੱਕ ਕਾਫ਼ੀ ਲੋਕਾਂ ਨੂੰ ਇਸ ਕਤਲਕਾਂਡ 'ਚ ਨਾਮਜ਼ਦ ਕੀਤਾ ਹੈ ਪਰ ਇਸ ਗੱਲ ਦਾ ਕੀ ਫ਼ਾਇਦਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਮਜ਼ਦ ਕਰਨ ਦੀ ਗੱਲ ਕਰ ਰਹੇ ਹਨ, ਉਨ੍ਹਾਂ ਲੋਕਾਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਦੇ ਕਲੇਜੇ ਨੂੰ ਠੰਡ ਪਾਈ ਜਾਵੇ।

ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨਰਾਂ ਨੂੰ ਜਲਦ ਮਿਲੇਗੀ ਖ਼ੁਸ਼ਖ਼ਬਰੀ, ਵਿਧਾਨ ਸਭਾ 'ਚ ਮੰਤਰੀ ਬਲਜੀਤ ਕੌਰ ਨੇ ਆਖੀ ਇਹ ਗੱਲ

ਇਸ ਦੌਰਾਨ ਇੰਨਾ ਜ਼ਿਆਦਾ ਹੰਗਾਮਾ ਹੋ ਗਿਆ ਕਿ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਮੁਰਦਾਬਾਦ ਦੇ ਨਾਅਰੇ ਵੀ ਲਾਏ ਗਏ। ਰਾਜਾ ਵੜਿੰਗ ਵੱਲੋਂ ਹੋਲੇ ਮਹੱਲੇ ਦੌਰਾਨ ਨੌਜਵਾਨ ਦੇ ਹੋਏ ਕਤਲ ਦਾ ਮੁੱਦਾ ਵੀ ਚੁੱਕਿਆ ਗਿਆ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਿਹਾ ਕਿ ਕਿ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਕਤਲ ਹੀ ਨਹੀਂ ਹੁੰਦੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita