ਪੰਜਾਬ ਬਜਟ 2020: ਹੁਣ 12ਵੀਂ ਜਮਾਤ ਤੱਕ ਸਰਕਾਰੀ ਸਕੂਲਾਂ 'ਚ ਹੋਵੇਗੀ ਮੁਫਤ ਪੜ੍ਹਾਈ

02/28/2020 6:42:37 PM

ਚੰਡੀਗੜ੍ਹ (ਰਮਨਜੀਤ)— ਪੰਜਾਬ ਵਿਧਾਨ ਸਭਾ 'ਚ ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ 2020-21 ਦਾ ਬਜਟ ਪੇਸ਼ ਕੀਤਾ ਗਿਆ। ਬਜਟ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ 'ਚ 12ਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਨੂੰ ਮੁਫਤ 'ਚ ਸਿੱਖਿਆ ਦਿੱਤੀ ਜਾਵੇਗੀ। ਵਿਦਿਆਰਥੀਆਂ ਤੋਂ ਕੋਈ ਵੀ ਫੀਸ ਨਹੀਂ ਲਈ ਜਾਵੇਗੀ। ਉਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪੰਜਾਬ ਸਰਕਾਰ ਵਲੋਂ ਬਜਟ 'ਚ ਪੰਜਾਬ ਭਰ ਦੇ ਸਾਰੇ ਵਿਦਿਆਰਥੀਆਂ ਲਈ 12ਵੀਂ ਤਕ ਸਿੱਖਿਆ ਮੁਫਤ ਕਰਨ ਦੇ ਕ੍ਰਾਂਤੀਕਾਰੀ ਕਦਮ ਦਾ ਸਵਾਗਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਧੰਨਵਾਦ ਕੀਤਾ ਹੈ।

ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਅੱਠਵੀਂ ਤਕ ਸਾਰੇ ਵਿਦਿਆਰਥੀਆਂ ਅਤੇ 12ਵੀਂ ਸ਼੍ਰੇਣੀ ਤਕ ਸਾਰੀਆਂ ਲੜਕੀਆਂ ਨੂੰ ਮੁਫਤ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਹੁਣ ਸਰਕਾਰ ਨੇ 12ਵੀਂ ਤਕ ਸਾਰੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਸਿੰਗਲਾ ਨੇ ਦੱਸਿਆ ਕਿ ਵਿੱਤ ਮੰਤਰੀ ਨੇ ਸਕੂਲੀ ਸਿੱਖਿਆ ਲਈ ਸਾਲ 2020-21 ਦੇ ਬਜਟ 'ਚ ਕੁਲ 12,488 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ, ਜੋ ਕੁਲ ਖ਼ਰਚ ਦਾ 8 ਫੀਸਦੀ ਹੈ। ਇਹ ਰਾਸ਼ੀ 2016-17 ਦੇ ਬਜਟ ਨਾਲੋਂ 23 ਫੀਸਦੀ ਵਧੇਰੇ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ 'ਕੈਚ ਦੈਮ ਯੰਗ' (ਬਚਪਨ 'ਚ ਹੀ ਸਿਖਲਾਈ) ਦੇ ਮੋਟੋ ਦੀ ਪਾਲਣਾ ਕਰਦਿਆਂ ਮੁੱਢਲੀ ਸਿੱਖਿਆ ਉਪਰ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਹੈ। ਸਾਰੇ ਸਰਕਾਰੀ ਸਕੂਲਾਂ 'ਚ ਲੜਕੀਆਂ ਨੂੰ ਕਰਾਟੇ ਸਿਖਲਾਈ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਮਾਹਿਰ ਕਰਾਟੇ ਸਿਖਲਾਈਕਾਰਾਂ ਰਾਹੀਂ 50 ਸਾਲ ਤੋਂ ਹੇਠਾਂ ਦੀ ਉਮਰ ਦੀਆਂ ਸਾਰੀਆਂ ਮਹਿਲਾ ਅਧਿਆਪਕਾਂ ਨੂੰ ਸਿਖਲਾਈ ਦੇ ਰਹੀ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਪਹਿਲੇ ਪੜਾਅ 'ਚ 259 ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲਾਂ 'ਚ 10 ਕਿਲੋਵਾਟ ਦੇ ਸੋਲਰ ਪਲਾਂਟ ਸਥਾਪਤ ਕਰਨ ਦੀ ਇੱਛੁਕ ਹੈ, ਜਦੋਂ ਕਿ ਦੂਜੇ ਪੜਾਅ 'ਚ 621 ਹੋਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਇਹ ਪ੍ਰਣਾਲੀ ਲਾਈ ਜਾਵੇਗੀ।

 

shivani attri

This news is Content Editor shivani attri